October 22, 2011 admin

ਸਮਾਜ ਨਿਰਮਾਣ ਵਿਚ ਨੌਜੁਆਨਾਂ ਦਾ ਅਹਿਮ ਯੋਗਦਾਨ ਹੁੰਦਾ ਹੈ – ਸ੍ਰੀ ਸੇਤੀਆ

ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਐਜੂਕੇਸ਼ਨਲ ਕਾਲਜਾਂ ਦਾ ਜ਼ੋਨਲ ਫਾਈਨਲ ਯੁਵਕ ਮੇਲਾ ਸ਼ੁਰੂ
ਅੰਮ੍ਰਿਤਸਰ – ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਐਜੂਕੇਸ਼ਨਲ ਕਾਲਜਾਂ ਦਾ ਜ਼ੋਨਲ ਫਾਈਨਲ ਯੁਵਕ ਮੇਲੇ ਦਾ ਉਦਘਾਟਨ ਜ਼ਿਲਾ ਟਰਾਂਸਪੋਰਟ ਅਫਸਰ, ਸ੍ਰੀ ਵਿਮਲ ਸੇਤੀਆ ਨੇ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ। ਇਹ ਫਾਈਨਲ ਯੁਵਕ ਮੇਲਾ ਅੱਜ ਇਥੇ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਚ ਸ਼ੁਰੂ ਹੋਇਆ ਜਿਹੜਾ ਕਿ 23 ਅਕਤੂਬਰ ਤਕ ਚੱਲੇਗਾ। ਯੁਵਕ ਮੇਲੇ ਦਾ ਆਰੰਭ ਫੈਂਸੀ ਡਰੈਸ ਦੇ ਮੁਕਾਬਲਿਆਂ ਨਾਲ ਹੋਇਆ।
ਇਸ ਮੌਕੇ ਵਿਦਿਆਰਥੀ ਕਲਾਕਾਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਸੇਤੀਆਂ ਨੇ ਕਿਹਾ ਕਿ ਸਮਾਜ ਨਿਰਮਾਣ ਵਿਚ ਨੌਜੁਆਨਾਂ ਦਾ ਅਹਿਮ ਯੋਗਦਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਕਥਨੀ ਅਤੇ ਕਰਨੀ ਵਿਚ ਕੋਈ ਫਰਕ ਨਹੀਂ ਰੱਖਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜਿਹੜਾ ਸੁਨੇਹਾ ਅਸੀਂ ਯੁਵਕ ਮੇਲਿਆਂ ਦੀਆਂ ਸਭਿਆਚਾਰਕ ਆਈਟਮਾਂ ਜ਼ਰੀਏ ਲੋਕਾਂ ਤਕ ਪਚਾਉਂਦੇ ਹਨ, ਉਨ੍ਹਾਂ ਨੂੰ ਆਪਣੇ ‘ਤੇ ਵੀ ਅਮਲੀ ਰੂਪ ਵਿਚ ਲਾਗੂ ਕਰਨਾ ਚਾਹੀਦਾ ਹੈ। ਉਨਾਂ੍ਹ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿ ਕੇ ਨੇਕ ਇਨਸਾਨ ਬਣਨ। ਉਨ੍ਹਾਂ ਕਿਹਾ ਕਿ ਸਾਡਾ ਵਿਰਸਾ ਬਹੁਤ ਅਮੀਰ ਹੈ ਅਤੇ ਸਾਨੂੰ ਇਸ ‘ਤੇ ਮਾਣ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਕਰਵਾਏ ਜਾਂਦੇ ਯੁਵਕ ਮੇਲਿਆਂ ਦਾ ਮੁੱਖ ਉਦੇਸ਼ ਆਪਣੀ ਵਿਰਾਸਤ ਤੋਂ ਜਾਣੂ ਕਰਵਾਉਣਾ ਅਤੇ ਸੰਭਾਲਣਾ ਵੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਨ੍ਹਾਂ ਮੇਲਿਆਂ ਜ਼ਰੀਏ ਯੁਵਕ ਉਸਾਰੂ ਕਾਰਜਾਂ ਵੱਲ ਧਿਆਨ ਦੇਣਗੇ ਅਤੇ ਨਸ਼ਿਆਂ ਦੀ ਲਾਹਨਤ ਤੋਂ ਬਚਣਗੇ।
ਇਸ ਤੋਂ ਪਹਿਲਾਂ ਯੁਵਕ ਭਲਾਈ ਵਿਭਾਗ ਦੀ ਡਾਇਰੈਕਟਰ, ਡਾ. ਜਗਜੀਤ ਕੌਰ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਿਆ ਅਤੇ ਵਿਦਿਆਰਥੀਆਂ ਦੇ ਰੂ-ਬ-ਰੂ ਕਰਵਾਇਆ। ਉਨ੍ਹਾਂ ਕਿਹਾ ਕਿ ਇਸ ਯੁਵਕ ਮੇਲੇ ਵਿਚ ਯੂਨੀਵਰਸਿਟੀ ਨਾਲ ਸਬੰਧਤ ਐਜੂਕੇਸ਼ਨ ਕਾਲਜਾਂ ਦੀਆਂ ਟੀਮਾਂ 24 ਆਈਟਮਾਂ ਵਿਚ ਹਿੱਸਾ ਲੈ ਰਹੀਆਂ ਹਨ। ਇਸ ਮੌਕੇ ਉਨ੍ਹਾਂ ਸ੍ਰੀ ਸੇਤੀਆ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ।

Translate »