October 22, 2011 admin

ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਮਹਾਂ ਨਿਕੰਮੀ- ਹਰਸਿਮਰਤ ਕੌਰ ਬਾਦਲ

*’ਭ੍ਰਿਸ਼ਟਾਚਾਰੀਆਂ ਲਈ ਸਖਤ ਸਜ਼ਾ ਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ’
*’ਭਰੂਣ ਹੱਤਿਆ ਦੀ ਰੋਕਥਾਮ ਲਈ ਕੁੜੀਆਂ ਨੂੰ ਖੁਦ ਕਮਾਨ ਸੰਭਾਲਣੀ ਪਵੇਗੀ’

ਲੁਧਿਆਣਾ – ਲੋਕ ਸਭਾ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਦੇਸ਼ ‘ਚੋਂ ਭ੍ਰਿਸ਼ਟਾਚਾਰ ਖਤਮ ਕਰਨ ਲਈ ਭ੍ਰਿਸ਼ਟਾਚਾਰੀਆਂ ਲਈ ਸਖਤ ਸਜ਼ਾ ਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ ਅਤੇ ਲੋਕਪਾਲ ਬਿਲ ਵਰਗੇ ਦੇਸ਼ ਵਿਆਪੀ ਮੁੱਦੇ ‘ਤੇ ਕੇਂਦਰ ਸਰਕਾਰ ਨੂੰ ਗੰਭੀਰ ਹੋਣਾ ਚਾਹੀਦਾ ਹੈ।  ਸਥਾਨਕ ਸਰਕਾਰੀ ਕਾਲਜ (ਲੜਕੀਆਂ) ਵਿਖੇ ‘ਵਿਰਾਸਤੀ ਮੇਲਾ ਧੀਆਂ ਦਾ’ ਵਿਚ ਸ਼ਿਰਕਤ ਕਰਨ ਆਈ ਬੀਬੀ ਹਰਸਿਮਰਤ ਕੌਰ ਬਾਦਲ ਨੇ ਅਫਸੋਸ ਪ੍ਰਗਟਾਉਂਦਿਆਂ ਕਿਹਾ ਕਿ ਬਹੁਤ ਸਾਰੇ ਭਖਵੇਂ ਮੁੱਦਿਆਂ ‘ਤੇ ਕੇਂਦਰ ਦੀ ਯੂ.ਪੀ.ਏ ਸਰਕਾਰ ਇੰਝ ਅੱਖਾਂ ਮੀਟ ਕੇ ਬਹਿ ਜਾਂਦੀ ਹੈ ਜਿਵੇਂ ਦੇਸ਼ ਦੇ ਹਿੱਤਾਂ ਨਾਲ ਉਸਦਾ ਕੋਈ ਸਰੋਕਾਰ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕਪਾਲ ਬਿਲ ਸਬੰਧੀ ਸ੍ਰੀ ਅੰਨਾ ਹਜ਼ਾਰੇ ਦੀ ਮੰਗ ਨੂੰ ਦੇਸ਼ ਭਰ ਵਿਚ ਭਰਵਾਂ ਸਮੱਰਥਨ ਮਿਲਿਆ ਹੈ ਪਰ ਕੇਂਦਰ ਸਰਕਾਰ ਦਾ ਰਵੱਈਆ ਅਤਿ ਨਿੰਦਣਯੋਗ ਹੈ।
ਪੱਤਰਕਾਰਾਂ ਵੱਲੋਂ ਮਹਿੰਗਾਈ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਬੀਬੀ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਮਕਸਦ ਸਿਰਫ ਹਕੂਮਤ ਹਾਸਲ ਕਰਨਾ ਹੁੰਦਾ ਹੈ ਜਦਕਿ ਮਹਿੰਗਾਈ ਦੂਰ ਕਰਨ ਲਈ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਕਦੇ ਵੀ ਗੰਭੀਰਤਾ ਨਾਲ ਕਦਮ ਨਹੀਂ ਚੁੱਕੇ। ਉਨ੍ਹਾਂ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਨਿਕੰਮੀ ਸਰਕਾਰ ਦੱਸਦਿਆਂ ਕਿਹਾ ਕਿ ਕਾਂਗਰਸ ਪਾਰਟੀ ਮਹਿੰਗਾਈ ਵਧਾਉਣ ਵਾਲੀ ਅਤੇ ਗਰੀਬਾਂ ਦਾ ਮਜ਼ਾਕ ਉਡਾÀਣ ਵਾਲੀ ਪਾਰਟੀ ਹੈ। ਉਦਾਹਰਣ ਦਿੰਦਿਆਂ ਉਨ੍ਹਾਂ ਕਿਹਾ ਕਿ ਦੇਸ਼ ‘ਚ 35 ਰੁਪਏ ਪ੍ਰਤੀ ਲੀਟਰ ਦੁੱਧ ਦਾ ਭਾਅ ਹੋ ਚੁੱਕਾ ਹੈ ਅਤੇ ਮਹਿੰਗਾਈ ਦਰ ਵੀ ਦੋ ਅੱਖਰਾਂ ‘ਚ ਜਾ ਪੁੱਜੀ ਹੈ ਜਦਕਿ ਕਾਂਗਰਸ ਪਾਰਟੀ ਪਿੰਡਾਂ ‘ਚ ਰੋਜ਼ਾਨਾ 26 ਰੁਪਏ ਅਤੇ ਸ਼ਹਿਰਾਂ ‘ਚ 32 ਰੁਪਏ ਕਮਾਉਣ ਵਾਲੇ ਨੂੰ ਆਰਥਿਕ ਪੱਧਰ ‘ਤੇ ਮਜ਼ਬੂਤ ਦੱਸ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਪਾਰਟੀ ਦੇਸ਼ ਦਾ ਕੀ ਭਲਾ ਕਰ ਲਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਹੱਥਾਂ ‘ਚ ਹਕੂਮਤ ਦੀ ਡੋਰ ਫੜ੍ਹਾਉਣ ਦਾ ਮਤਲਬ ਹੈ ਦੇਸ਼ ਨੂੰ ਅਸੁਰੱਖਿਅਤਾ ਵੱਲ ਵਧਾਉਣਾ।
ਬੀਬੀ ਬਾਦਲ ਨੇ ਕਿਹਾ ਕਿ ਕਾਂਗਰਸ ਦੀ ਹਮੇਸ਼ਾ ਤੋਂ ਹੀ ਫਿਤਰਤ ਰਹੀ ਹੈ ਕਿ ਦੇਸ਼ ‘ਚ ਮਹਿੰਗਾਈ, ਭ੍ਰਿਸ਼ਟਾਚਾਰੀ, ਬੇਰੁਜ਼ਗਾਰੀ ਅਤੇ ਕਿਸਾਨੀ ਮਸਲਿਆਂ ਪ੍ਰਤੀ ਕਾਂਗਰਸੀ ਆਗੂਆਂ ਨੇ ਕਦੇ ਵੀ ਸੁਹਿਰਦਤਾ ਨਹੀਂ ਵਿਖਾਈ। ਉਨ੍ਹਾਂ ਕਿਹਾ ਕਿ ਹੁਣ ਵੀ ਕਿਸਾਨੀ ਮਸਲਿਆਂ ‘ਤੇ ਕਾਂਗਰਸ ਅਗਵਾਈ ਵਾਲੀ ਕੇਂਦਰ ਸਰਕਾਰ ਚੁੱਪ ਵੱਟੀ ਬੈਠੀ ਹੈ। ਉਨ੍ਹਾਂ ਕਿਹਾ ਕਿ ਖਾਦਾਂ ਦੇ ਭਾਅ ‘ਚ ਕੀਤੇ ਭਾਰੀ ਵਾਧੇ ਅਤੇ ਹੋਰ ਕਿਸਾਨੀ ਲਾਗਤਾਂ ਦੇ ਵੱਧ ਜਾਣ ਕਰਕੇ ਪੰਜਾਬ ਦੇ ਕਿਸਾਨਾਂ ‘ਤੇ ਭਾਰੀ ਵਿੱਤੀ ਬੋਝ ਪਿਆ ਹੈ, ਜੋ ਕਿ 18 ਹਜ਼ਾਰ ਕਰੋੜ ਤੋਂ ਵੀ ਵਧੇਰੇ ਹੈ ਜਦਕਿ ਫਸਲਾਂ ਦੇ ਘੱਟੋ-ਘੱਟ ਸਮੱਰਥਨ ਮੁੱਲ ਤੈਅ ਕਰਨ ਲੱਗਿਆ ਕੇਂਦਰ ਸਰਕਾਰ ਹਮੇਸ਼ਾ ਕਿਰਸ ਕਰ ਜਾਂਦੀ ਹੈ। ਫਸਲਾਂ ਦਾ ਕਿਸਾਨਾਂ ਨੂੰ ਕਦੇ ਵੀ ਵਾਜਬ ਭਾਅ ਨਹੀਂ ਦਿੱਤਾ ਜਾਂਦਾ, ਜਿਸਦੇ ਸਿੱਟੇ ਵੱਜੋਂ ਕਿਸਾਨ ਦਿਨੋ-ਦਿਨ ਕੱਖੋਂ ਹੌਲੇ ਹੁੰਦੇ ਜਾ ਰਹੇ ਹਨ।
ਇਕ ਪੱਤਰਕਾਰ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ‘ਚ ਲਿੰਗ ਅਨੁਪਾਤ ਨੂੰ ਸਨਮਾਨਜਨਕ ਸਥਾਨ ‘ਤੇ ਲਿਆਉਣ ਲਈ ‘ਨੰਨ੍ਹੀ ਛਾਂ’ ਦਾ ਅਹਿਮ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਮਾਦਾ ਭਰੂਣ ਹੱਤਿਆ ਪ੍ਰਤੀ ਸਮਾਜਿਕ ਚੇਤਨਾ ਫੈਲਾਉਣ ਲਈ ਉਹ ਅਜਿਹੇ ਉਪਰਾਲੇ ਅੱਗੋਂ ਵੀ ਵੱਧ-ਚੜ੍ਹਕੇ ਕਰਦੇ ਰਹਿਣਗੇ। ਉਨ੍ਹਾਂ ਵਕਾਲਤ ਕੀਤੀ ਕਿ ਅਸਲ ਵਿਚ ਭਰੂਣ ਹੱਤਿਆ ਰੋਕਣ ਲਈ ਸਭ ਤੋਂ ਪਹਿਲਾ ਮਰਦ ਸੋਚ ‘ਚ ਤਬਦੀਲੀ ਲਿਆਉਣੀ ਪਵੇਗੀ। ਇਕ ਵੱਖਰੇ ਸਵਾਲ ‘ਤੇ ਪ੍ਰਤੀਕਰਮ ਦਿੰਦਿਆਂ ਬੀਬੀ ਬਾਦਲ ਨੇ ਕਿਹਾ ਕਿ ਦੇਸ਼ ‘ਚ ਔਰਤਾਂ ਕਿੰਨੀਆਂ ਕੁ ਸੁਰੱਖਿਅਤ ਹਨ, ਇਸ ਗੱਲ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਔਰਤਾਂ ‘ਤੇ ਹੁੰਦੇ ਜ਼ੁਰਮਾਂ ਦਾ ਗ੍ਰਾਫ ਵੱਧਦਾ ਹੀ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਲਿਹਾਜ਼ ਤੋਂ ਪੰਜਾਬ ਇਕ ਸੁਰੱਖਿਅਤ ਸੂਬਾ ਹੈ ਜਿੱਥੇ ਔਰਤਾਂ ਨੂੰ ਬਰਾਬਰਤਾ ਵੀ ਹੈ।
ਇਸ ਮੌਕੇ ਕਾਲਜ ਦੇ ਆਡੀਟੋਰੀਅਮ ‘ਚ ਆਪਣੇ ਸੰਬੋਧਨ ਦੌਰਾਨ ਬੀਬੀ ਬਾਦਲ ਨੇ ਕੁੜੀਆਂ ਨੂੰ ਸਿੱਖਿਅਤ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਹਾਜ਼ਰ ਵਿਦਿਆਰਥਣਾਂ ਨੂੰ ਪ੍ਰੇਰਣਾ ਦਿੰਦਿਆਂ ਕਿਹਾ ਕਿ ਭਰੂਣ ਹੱਤਿਆ ਦੀ ਰੋਕਥਾਮ ਲਈ ਕੁੜੀਆਂ ਨੂੰ ਖੁਦ ਕਮਾਨ ਸੰਭਾਲਣੀ ਪਵੇਗੀ ਅਤੇ ਦਾਜ ਵਰਗੀ ਲਾਹਨਤ ਨੂੰ ਵੀ ਸਮਾਜ ‘ਚੋਂ ਪੁੱਟ ਸੁੱਟਣ ਲਈ ਹੰਭਲੇ ਮਾਰਨੇ ਪੈਣਗੇ। ਉਨ੍ਹਾਂ ਕਿਹਾ ਕਿ ਆਪਣੇ ਭਰਾ ਦੇ ਵਿਆਹ ਮੌਕੇ ਕੁੜੀਆਂ ਨੂੰ ਆਪਣੇ ਪਰਿਵਾਰ ਨੂੰ ਸਮਝਾਉਣਾ ਚਾਹੀਦਾ ਹੈ ਕਿ ਉਹ ਭਰਾ ਦੇ ਸਹੁਰਿਆ ਤੋਂ ਕੋਈ ਦਾਜ ਨਾ ਲੈਣ। ਇਸ ਤਰ੍ਹਾਂ ਸਮਾਜਕ ਸੋਚ ‘ਚ ਇਕ ਦਿਨ ਜ਼ਰੂਰ ਤਬਦੀਲੀ ਆ ਜਾਵੇਗੀ। ‘ਮੇਲਾ ਧੀਆਂ ਦਾ’ ਦੇ ਪ੍ਰਬੰਧ ਲਈ ਬੀਬੀ ਬਾਦਲ ਨੇ ਜੱਥੇਦਾਰ ਹੀਰਾ ਸਿੰਘ ਗਾਬੜੀਆ ਨੂੰ ਖਾਸ ਤੌਰ ‘ਤੇ ਵਧਾਈ ਦਿੱਤੀ। ਮੇਲੇ ‘ਚ ਸਿੱਖਿਅਕ ਤੇ ਮੰਨੋਰੰਜਨ ਭਰਪੂਰ ਵੰਨਗੀਆਂ ਵੇਖਕੇ ਬੀਬੀ ਬਾਦਲ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਪੰਜਾਬੀ ਚੁੱਲ੍ਹੇ ‘ਤੇ ਮੱਕੀ ਦੀਆਂ ਰੋਟੀਆਂ ਵੀ ਸੇਕੀਆਂ, ਪੀਂਘ ਵੀ ਝੂਟੀ ਅਤੇ ਪੰਜਾਬੀ ਧੁਨਾਂ ‘ਤੇ ਵਿਦਿਆਰਥਣਾਂ ਨਾਲ ਡਾਂਸ ਵੀ ਕੀਤਾ। ਇਸ ਮੌਕੇ ਸਵ. ਨਰਿੰਦਰ ਬੀਬਾ ਦੇ ਪਰਿਵਾਰ ਵੱਲੋਂ ਉਨ੍ਹਾਂ ਦੀ ਯਾਦ ‘ਚ ਸਥਾਪਤ ਕੀਤੇ ਨਰਿੰਦਰ ਬੀਬਾ ਯਾਦਗਾਰੀ ਐਵਾਰਡ ਲਈ ਲੋਕ ਗੀਤ ਮੁਕਾਬਲਿਆਂ ਦੀਆਂ ਜੇਤੂ ਤਿੰਨ ਵਿਦਿਆਰਥਣਾਂ ਨੂੰ ਕ੍ਰਮਵਾਰ 25,15 ਅਤੇ 10 ਹਜ਼ਾਰ ਰੁਪਏ ਦੇ ਨਕਦ ਇਨਾਮ ਦਿੱਤੇ ਗਏ।
ਮੇਲੇ ‘ਚ ਹੋਰਨਾਂ ਤੋਂ ਇਲਾਵਾ ਸਾਬਕਾ ਸੰਸਦ ਮੈਂਬਰ ਸ. ਗੁਰਚਰਨ ਸਿੰਘ ਗਾਲਿਬ, ਪੰਜਾਬ ਲਲਿਤ ਕਲਾ ਅਕੈਡਮੀ ਦੇ ਪ੍ਰਧਾਨ ਸ. ਰਣਜੋਧ ਸਿੰਘ ਪ੍ਰਧਾਨ, ਸ. ਸਵਰਨ ਸਿੰਘ, ਸ. ਜਗਦੇਵ ਸਿੰਘ ਗੋਹਲਵੜੀਆ, ਪ੍ਰਿੰਸੀਪਲ ਗੁਰਮਿੰਦਰ ਕੌਰ, ਪੰਜਾਬ ਆਰਟ ਕੌਂਸਲ ਦੀ ਚੇਅਰਪਰਸਨ ਬੀਬੀ ਹਰਜਿੰਦਰ ਕੌਰ, ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਸਕੱਤਰ ਸ੍ਰੀਮਤੀ ਕੁਲਦੀਪ ਕੌਰ ਟਿਵਾਣਾ, ਬੀਬੀ ਸੁਰਿੰਦਰ ਕੌਰ ਦਿਆਲ, ਸ੍ਰੀ ਗੁਰਮੀਤ ਸਿੰਘ ਕੁਲਾਰ, ਸ੍ਰੀ ਮਨਜੀਤ ਸਿੰਘ ਖਾਲਸਾ,  ਸ. ਕੰਵਲਇੰਦਰ ਸਿੰਘ ਠੇਕੇਦਾਰ, ਸ੍ਰੀ ਬਲਜਿੰਦਰ ਸਿੰਘ ਪਨੇਸਰ, ਸ੍ਰੀ ਕੰਵਰ ਨਰਿੰਦਰ ਸਿੰਘ, ਸ੍ਰੀਮਤੀ ਤੇਜਵਰਿੰਦਰ ਕੌਰ, ਸ੍ਰੀ ਰਾਵਿੰਦਰ ਵਰਮਾ, ਸ੍ਰੀ ਸੋਹਣ ਸਿੰਘ ਗੋਗਾ, ਪ੍ਰੋ.ਰਾਜਪਾਲ ਸਿੰਘ, ਸ੍ਰੀ ਬਲਵਿੰਦਰ ਸਿੰਘ ਸੰਧੂ, ਸ੍ਰੀਮਤੀ ਮਨਦੀਪ ਕੌਰ ਸੰਧੂ, ਸ੍ਰੀ ਰਣਜੀਤ ਸਿੰਘ ਢਿੱਲੋਂ, ਕੈਪਟਨ ਪ੍ਰੀਤਮ ਸਿੰਘ ਆਦਿ ਹਾਜ਼ਰ ਸਨ।

Translate »