October 22, 2011 admin

ਸ਼ਹੀਦ ਪੁਲਿਸ ਜਵਾਨਾਂ ਨੂੰ ਸ਼ਰਧਾ ਦੇ ਫੁੱਲ ਭੇਟ

ਬਠਿੰਡਾ – ਦੇਸ਼ ਦੀ ਖਾਤਰ ਜਾਨਾਂ ਕੁਰਬਾਨ ਕਰਨ ਵਾਲੇ ਪੁਲਿਸ ਅਫਸਰਾਂ ਤੇ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਅੱਜ ਪੁਲਿਸ ਲਾਈਨ ਬਠਿੰਡਾ ਵਿਖੇ ਪੁਲਿਸ ਸ਼ਹੀਦੀ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਬਠਿੰਡਾ ਜ਼ੋਨ ਦੇ ਆਈ. ਜੀ. ਸ੍ਰੀ ਨਿਰਮਲ ਸਿੰਘ ਢਿੱਲੋਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸ਼ਹੀਦੀ ਸਮਾਰਕ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਇਸ ਮੌਕੇ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਦਾ ਦਿਨ ਉਨ੍ਹਾਂ ਸ਼ਹੀਦ ਜਵਾਨਾਂ ਦੀ ਯਾਦ ਵਿਚ ਮਨਾਇਆ ਜਾਂਦਾ ਹੈ ਜਿਹੜੇ 21 ਅਕਤੂਬਰ 1959 ਨੂੰ ਚੀਨੀ ਫੌਜ਼ ਨਾਲ ਮੁਕਾਬਲੇ ਦੌਰਾਨ ਹੋਟ ਸਪਰਿੰਗ, ਲਦਾਖ ਵਿਖੇ ਦੇਸ਼ ਦੀ ਰੱਖਿਆ ਕਰਦੇ ਸ਼ਹੀਦ ਹੋ ਗਏ ਸਨ। ਉਨ੍ਹਾਂ ਕਿਹਾ ਕਿ ਸਾਲ 1984 ਤੋਂ 1993 ਤੱਕ ਜ਼ਿਲ੍ਹਾ ਬਠਿੰਡਾ ਵਿਖੇ 3 ਐਸ. ਆਈ, 6 ਏ. ਐਸ. ਆਈ, 6 ਹੌਲਦਾਰ, 24 ਸਿਪਾਹੀ, 7 ਐਸ. ਪੀ. ਓ ਅਤੇ 12 ਪੀ. ਐਚ. ਜੀ ਵੱਲੋਂ ਅੱਤਵਾਦ ਵਿਰੁੱਧ ਲੜਦਿਆਂ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਦੀ ਇਸ ਵਡਮੁੱਲੀ ਕੁਰਬਾਨੀ ਅੱਗੇ ਅਸੀਂ ਆਪਣਾ ਸਿਰ ਝੁਕਾਉਂਦੇ ਹਾਂ ਅਤੇ ਉਨ੍ਹਾਂ ਨੂੰ ਸੱਚੇ ਦਿਲੋਂ ਸ਼ਰਧਾਂਜਲੀ ਭੇਟ ਕਰਦੇ ਹਾਂ। ਸ੍ਰੀ ਢਿੱਲੋਂ ਨੇ ਕਿਹਾ ਕਿ ਸਾਨੂੰ ਇਨ੍ਹਾਂ ਸ਼ਹੀਦਾਂ ਦੀ ਸ਼ਹਾਦਤ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਅਤੇ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਇਨ੍ਹਾਂ ਸ਼ਹੀਦਾਂ ਦੇ ਮਾਰਗ ‘ਤੇ ਚੱਲਦੇ ਹੋਏ ਦੇਸ਼ ਦੀ ਰੱਖਿਆ ਕਰਦੇ ਹੋਏ ਮਾਤ ਭੂਮੀ ਦੀ ਆਨ ਤੇ ਸ਼ਾਨ ਨੂੰ ਕਾਇਮ ਰੱਖਾਂਗੇ। ਇਸ ਸਮਾਗਮ ਮੌਕੇ ਦੇਸ਼ ਦੀ ਖ਼ਾਤਰ ਜਾਨਾਂ ਦੇਣ ਵਾਲੇ ਪੁਲਿਸ ਅਫ਼ਸਰਾਂ ਅਤੇ ਜਵਾਨਾਂ ਦੇ ਪਰਿਵਾਰਕ ਮੈਂਬਰ ਵੀ ਵਿਸ਼ੇਸ਼ ਤੌਰ ‘ਤੇ ਪੁੱਜੇ। ਸ਼ਹੀਦ ਜਵਾਨਾਂ ਦੇ ਸਨਮਾਨ ਵਿਚ ਹੋਈ ਪਰੇਡ ਮੌਕੇ ਜਵਾਨਾਂ ਨੇ ਸਲਾਮੀ ਦਿੱਤੀ। ਇਸ ਮੌਕੇ ਆਈ ਸ੍ਰੀ ਢਿੱਲੋਂ ਤੋਂ ਇਲਾਵਾ ਡੀ. ਆਈ. ਜੀ. ਸ੍ਰੀ ਪਰਮਜੀਤ ਸਿੰਘ ਗਰੇਵਾਲ ਅਤੇ ਐਸ. ਐਸ. ਪੀ. ਡਾ. ਸੁਖਚੈਨ ਸਿੰਘ ਗਿੱਲ ਵੱਲੋਂ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ ਵੀ ਕੀਤਾ ਗਿਆ।

Translate »