October 22, 2011 admin

ਜ਼ਿਲ੍ਹੇ ਵਿੱਚ ਵੱਖ ਵੱਖ ਖਰੀਦ ਏਜੰਸੀਆਂ ਵੱਲੋਂ 2,48,860 ਟਨ ਝੋਨੇ ਦੀ ਖਰੀਦ ਕੀਤੀ ਗਈ:-ਮਹਾਜਨ

ਖਰੀਦ ਏਜੰਸੀਆਂ ਵੱਲੋਂ 19  ਅਕਤੂਬਰ ਤੱਕ ਖਰੀਦੇ ਗਏ ਝੋਨੇ ਦੀ 233 ਕਰੋੜ 58 ਲੱਖ ਰੁਪਏ ਦੀ ਅਦਾਇਗੀ ਕੀਤੀ ਗਈ-ਮਹਾਜਨ
ਫਤਹਿਗੜ੍ਹ ਸਾਹਿਬ –  ਡਿਪਟੀ ਕਮਿਸ਼ਨਰ ਸ੍ਰੀ ਯਸ਼ਵੀਰ ਮਹਾਜਨ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਦਾ ਕੰਮ ਨਿਰਵਿਘਨ ਜਾਰੀ ਹੈ ਅਤੇ ਸਾਰੀਆਂ ਖਰੀਦ ਏਜੰਸੀਆਂ ਵੱਲੋਂ ਤੇਜੀ ਨਾਲ ਖਰੀਦ ਕੀਤੀ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ  20  ਅਕਤੂਬਰ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ  2 ਲੱਖ 50 ਹਜਾਰ 360 ਟਨ ਝੋਨੇ ਦੀ  ਆਮਦ ਹੋਈ  ਜਿਸ ਵਿੱਚੋਂ  ਵੱਖ ਵੱਖ ਖਰੀਦ ਏਜੰਸੀਆਂ ਅਤੇ ਵਪਾਰੀਆਂ ਵੱਲੋਂ 2 ਲੱਖ 48 ਹਜਾਰ 860 ਟਨ ਝੋਨੇ ਦੀ ਖਰੀਦ ਕੀਤੀ ਗਈ ਹੈ  , ਜਿਸ ਵਿੱਚੋਂ ਪਨਗਰੇਨ ਨੇ 63,172 ਟਨ, ਮਾਰਕਫੈਡ ਨੇ 46,490, ਪਨਸਪ ਨੇ 84,795,  ਵੇਅਰ ਹਾਊਸ ਨੇ 24,520, ਪੰਜਾਬ ਐਗਰੋ ਨੇ 26,497, ਐਫ.ਸੀ.ਆਈ. ਨੇ 2736 ਅਤੇ ਵਪਾਰੀਆਂ ਨੇ 450 ਟਨ ਝੋਨੇ ਦੀ ਖਰੀਦ ਕੀਤੀ ਹੈ। ਜਦੋਂ ਕਿ ਪਿਛਲੇ ਸਾਲ ਇਸ ਦਿਨ ਤੱਕ ਕੁੱਲ 1,54,902 ਟਨ ਝੋਨੇ ਦੀ  ਹੀ  ਮੰਡੀਆਂ ਵਿੱਚ ਆਮਦ ਹੋਈ ਸੀ । ਉਨ੍ਹਾਂ ਦੱਸਿਆ ਕਿ ਵੱਖ ਵੱਖ ਖਰੀਦ ਏਜੰਸੀਆਂ ਵੱਲੋਂ 19 ਅਕਤੂਬਰ ਤੱਕ ਖਰੀਦੇ ਗਏ ਝੋਨੇ ਦੀ ਅਦਾਇਗੀ 255 ਕਰੋੜ 79 ਲੱਖ ਰੁਪਏ ਬਣਦੀ ਸੀ ਜਿਸ ਵਿੱਚੋਂ 233 ਕਰੋੜ 58 ਲੱਖ ਦੀ ਅਦਾਇਗੀ ਕਿਸਾਨਾਂ ਨੂੰ ਕੀਤੀ ਜਾ ਚੁੱਕੀ ਹੈ।
               ਸ੍ਰੀ ਮਹਾਜਨ ਨੇ ਸਾਰੀਆਂ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰਾਂ ਨੂੰ ਸਖਤ ਹਦਾਇਤ ਕੀਤੀ ਕਿ ਖਰੀਦੇ ਗਏ ਝੋਨੇ ਦੀ ਮੰਡੀਆਂ ਵਿੱਚੋਂ 72 ਘੰਟਿਆਂ ਦੇ ਅੰਦਰ ਅੰਦਰ ਚੁਕਾਈ ਯਕੀਨੀ ਬਣਾਈ ਜਾਵੇ ਤਾਂ ਜੋ ਕਿਸਾਨਾਂ ਨੂੰ ਮੰਡੀਆਂ ਵਿੱਚ ਝੋਨਾ ਢੇਰੀ ਕਰਨ ਵਿੱਚ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਇਹ ਵੀ ਨਿਰਦੇਸ਼ ਦਿੱਤੇ ਕਿ ਖਰੀਦੇ ਗਏ ਝੋਨੇ ਦੀ ਨਾਲੋ ਨਾਲ ਅਦਾਇਗੀ ਵੀ ਯਕੀਨੀ ਬਣਾਈ ਜਾਵੇ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਚੰਗੀ ਤਰ੍ਹਾਂ ਪਕਾ ਕੇ ਅਤੇ ਸੁੱਕਾ ਝੋਨਾ ਹੀ ਮੰਡੀਆਂ ਵਿੱਚ ਲਿਆਉਣ ਤਾਂ ਜੋ ਉਨ੍ਹਾਂ ਨੂੰ ਝੋਨਾ ਵੇਚਣ ਵਿੱਚ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਨ੍ਹਾਂ ਨੂੰ ਝੋਨੇ ਦੀ ਪੂਰੀ ਕੀਮਤ ਮਿਲ ਸਕੇ।  ਉਨ੍ਹਾਂ ਕਿਸਾਨਾਂ ਨੂੰ ਇਹ ਵੀ ਕਿਹਾ ਕਿ ਉਹ ਰਾਤ ਸਮੇਂ ਕੰਬਾਈਨ ਨਾਲ ਝੋਨੇ ਦੀ ਵਢਾਈ  ਨਾ ਕਰਵਾਉਣ ਕਿਉਂਕਿ ਅਜਿਹਾ ਕਰਨ ਨਾਲ ਝੋਨੇ ਵਿੱਚ ਨਮੀ ਦੀ ਮਾਤਰਾ ਵਧ ਜਾਂਦੀ ਹੈ।

Translate »