October 22, 2011 admin

ਰਾਜ ਪੱਧਰੀ ਅਧਿਆਪਕ ਰਾਜ ਪੁਰਸਕਾਰ ਵੰਡ ਸਮਾਰੋਹ ਜਿਲਾ ਗੁਰਦਾਸਪੁਰ ਦੇ ਕਸਬਾ ਕਾਹਨੂੰਵਾਨ ਵਿਖੇ ਆਯੋਜਿਤ ਕੀਤਾ ਗਿਆ

ਗੁਰਦਾਸਪੁਰ – ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋ ਇਸ ਸਾਲ ਦਾ ਰਾਜ ਪੱਧਰੀ ਅਧਿਆਪਕ ਰਾਜ ਪੁਰਸਕਾਰ ਵੰਡ ਸਮਾਰੋਹ ਜਿਲਾ ਗੁਰਦਾਸਪੁਰ ਦੇ ਕਸਬਾ ਕਾਹਨੂੰਵਾਨ ਵਿਖੇ ਆਯੋਜਿਤ ਕੀਤਾ ਗਿਆ। ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸ. ਸੇਵਾ ਸਿੰਘ ਸੇਖਵਾਂ ਸਿੱਖਿਆ ਤੇ ਭਸ਼ਾਵਾ ਮੰਤਰੀ ਪੰਜਾਬ ਸ਼ਾਮਿਲ ਹੋਏ।  ਸਮਾਗਮ ਦੀ ਪ੍ਰਧਾਨਗੀ ਸ੍ਰੀਮਤੀ ਮਹਿੰਦਰ ਕੌਰ ਜੋਸ਼ ਮੁੱਖ ਸੰਸਦੀ ਸਕੱਤਰ ਸਿੱਖਿਆ ਵਿਭਾਗ ਪੰਜਾਬ ਨੇ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਹੁਸਨ ਲਾਲ ਸਕੱਤਰ ਸਕੂਲ ਸਿੱਖਿਆ ਪੰਜਾਬ, ਸ. ਮਹਿੰਦਰ ਸਿੰਘ ਕੈਂਥ, ਡਿਪਟੀ ਕਮਿਸ਼ਨਰ ਗੁਰਦਾਸਪੁਰ, ਸ੍ਰੀ ਅਵਤਾਰ ਚੰਦ ਸ਼ਰਮਾ, ਡੀ.ਪੀ.ਆਈ ਸੈਕੰਡਰੀ ਪੰਜਾਬ , ਐਡਵੋਕੇਟ ਜਗਰੂਪ ਸਿੰਘ ਸੇਖਵਾ ਚੇਅਰਮੈਨ ਵੀ ਹਾਜ਼ਰ ਸਨ। ਇਸ ਮੌਕੇ ਵੱਖ-ਵੱਖ ਕੇਡਰਾਂ ਦੇ 44 ਅਧਿਆਪਕਾਂ ਨੂੰ ਸਿੱਖਿਆ ਮੰਤਰੀ ਸ. ਸੇਖਵਾ ਵਲੋ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਜਿੰਨਾ ਵਿੱਚ 10 ਪ੍ਰਿੰਸੀਪਲ, 3 ਮੁੱਖ ਅਧਿਆਪਕ, 11 ਲੈਕਚਰਾਰ, 12 ਮਾਸਟਰ , 4 ਮਿਡਲ ਸਕੂਲ ਅਧਿਆਪਕ ਅਤੇ 4 ਪ੍ਰਾਇਮਰੀ ਸਕੂਲ ਅਧਿਆਪਕ ਸ਼ਾਮਿਲ ਹਨ।
                                 ਰਾਜ ਪੱਧਰੀ ਸਨਮਾਨ ਵੰਡ ਸਮਾਰੋਹ ਨੂੰ ਸੰਬੋਧਨ ਕਰਦਿਆ ਸ. ਸੇਵਾ ਸਿੰਘ ਸੇਖਵਾਂ ਸਿੱਖਿਆ ਮੰਤਰੀ, ਪੰਜਾਬ ਨੇ ਕਿਹਾ ਕਿ ਰਾਜ ਪੁਰਸਕਾਰ ਨਾਲ ਸਨਮਾਨਤ ਕੀਤੇ ਗਏ ਅਧਿਆਪਕਾਂ ਨੂੰ ਉਨਾ ਦੀਆਂ ਸਿੱਖਿਆ ਦੇ ਖੇਤਰ ਦੇ ਨਾਲ-ਨਾਲ ਬੱਚਿਆ ਦੇ ਚਹੁੰਮੁਖੀ ਵਿਕਾਸ ਲਈ ਪਾਏ ਗਏ ਯੋਗਦਾਨ ਦੇ ਆਧਾਰ ‘ਤੇ ਚੋਣ ਕੀਤੀ ਗਈ ਹੈ। ਉਨਾ ਅੱਗੇ ਕਿਹਾ ਕਿ ਇਸ ਸਲਾਨਾ ਸਮਾਰੋਹ ਦਾ ਮੁੱਖ ਮੰਤਵ ਅਧਿਆਪਕ ਵਰਗ ਨੂੰ ਸਿੱਖਿਆ ਦੇ ਖੇਤਰ ਵਿੱਚ ਉਸਾਰੂ ਯੋਗਦਾਨ ਪਾਉਣ ਲਈ ਉਤਸ਼ਾਹਿਤ ਕਰਨਾ ਹੈ। ਸ. ਸੇਖਵਾਂ ਨੇ ਅੱਗੇ ਕਿਹਾ ਕਿ ਸ. ਪਰਕਾਸ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਯਤਨਾ ਸਦਕਾ ਰਾਜ ਸਿੱਖਿਆ ਦੇ ਖੇਤਰ ਵਿੱਚ ਦੇਸ਼ ਵਿੱਚੋ ਤੀਸਰੇ ਨੰਬਰ ‘ਤੇ ਆ ਖੜ੍ਹਾ ਹੋਇਆ ਹੈ, ਜਦੋ ਕਿ ਬੀਤੀ ਕਾਂਗਰਸ ਸਰਕਾਰ ਸਮੇ ਸਿੱਖਿਆ ਦੇ ਮਹੱਤਵਪੂਰਨ ਖੇਤਰ ਨੂੰ ਅਣਗੋਲਿਆ ਕਰਨ ਕਾਰਨ ਸੂਬਾ ਵਿੱਦਿਆ ਦੇ ਖੇਤਰ ਵਿੱਚ ਪੱਛੜ ਕੇ 14ਵੇਂ ਨੰਬਰ ‘ਤੇ ਚਲਿਆ ਗਿਆ ਸੀ। ਉਨਾ ਕਿਹਾ ਕਿ ਇਸ ਨਵੇ ਸ਼ੈਸਨ ਤੋ ਬਾਅਦ ਪੰਜਾਬ ਸਰਕਾਰ ਵਲੋਂ ਸਿੱਖਿਆ ਵਿਭਾਗ ਵਿੱਚ ਲਾਗੂ ਕੀਤੇ ਗਏ ਵਿਦਿਅਕ ਸੁਧਾਰਾ ਦੇ ਨਤੀਜੇ ਵਜੋ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣ ਜਾਵੇਗਾ। ਉਨਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਸਿੱਖਿਆ ਵਰਗੇ ਅਹਿਮ ਖੇਤਰ ਦੀ ਆਜ਼ਾਦੀ ਤੋ ਬਾਅਦ 64 ਸਾਲ ਬੀਤ ਜਾਣ ਤਕ ਕੋਈ ਵਿੱਦਿਅਕ ਪਾਲਿਸੀ ਹੀ ਨਹੀ ਸੀ ਬਣਾਈ ਗਈ ਅਤੇ ਉਨਾ ਵਲੋ ਸਿੱਖਿਆ ਵਿਭਾਗ ਦਾ ਮੰਤਰੀ ਬਣਨ ਉਪਰੰਤ ਵਿੱਦਿਆ ਨੀਤੀ ਬਣਾਉਣ ਲਈ ਕਮੇਟੀ ਦਾ ਗਠਨ ਕੀਤਾ ਗਿਆ। ਇਸੇ ਤਰਾ ਵਿਸ਼ਵੀਕਰਨ ਦੇ ਮੁਕਾਬਲੇ ਦੀ  ਬੱਚਿਆ ਨੂੰ ਵਿੱਦਿਆ ਮੁਹੱਈਆ ਕਰਵਾਉਣ ਲਈ ਸਿਲੇਬਸ ਕਮੇਟੀ ਅਤੇ ਬੱਚਿਆ ਵਿੱਚ ਸਾਹਿਤ ਪੜ੍ਹਣ ਦੀ ਰੁਚੀ ਪੈਦਾ ਕਰਨ ਲਈ ਲਾਇਬ੍ਰੇਰੀ ਐਕਟ ਬਣਾਉਣ ਲਈ ਕਮੇਟੀ ਦਾ ਗਠਨ ਕੀਤਾ ਗਿਆ। ਉਨਾ ਅੱਗੇ ਕਿਹਾ ਕਿ ਉਪਰੋਕਤ ਕਮੇਟੀਆਂ ਵਲੋ ਨਵੀ ਪਾਲਿਸੀ ਬਣਾਉਣ ਲਈ ਖਰੜੇ ਤਿਆਰ ਕਰਕੇ ਸਰਕਾਰ ਨੂੰ ਸੌਪੇ ਜਾ ਚੁੱਕੇ ਹਨ ਅਤੇ ਜਲਦੀ ਹੀ ਉਪਰੋਕਤ ਕਮੇਟੀਆ ਵਲੋ ਪੇਸ਼ ਕੀਤੇ ਗਏ ਖਰੜਿਆ ਨੂੰ ਕਾਨੂੰਨੀ ਦਰਜਾ ਦੇਣ ਲਈ ਸਰਕਾਰ ਵਲੋਂ ਆਰਡੀਨੈਸ ਜਾਰੀ ਕੀਤੇ ਜਾ ਰਹੇ ਹਨ। ਉਨਾ ਅੱਗੇ ਕਿਹਾ ਕਿ ਨਵੀ ਵਿੱਦਿਅਕ ਸਿੱਖਿਆ ਪਾਲਿਸੀ ਤਹਿਤ ਇੱਕ ਰਿਕਰੂਟਮੈਟ ਬੋਰਡ ਦਾ ਗਠਨ ਕੀਤਾ ਜਾਵੇਗਾ ਜੋ ਕਿ ਆਜ਼ਾਦ ਤੇ ਨਿਰਪੱਖ ਕਾਨੂੰਨੀ ਦਰਜਾ ਪ੍ਰਾਪਤ ਬਾਡੀ ਹੋਵੇਗੀ ਅਤੇ ਇਸ ਬੋਰਡ ਵਲੋ ਰਾਜ ਦੇ ਸਕੂਲਾ ਵਿੱਚ ਖਾਲੀ ਹੋਣ ਵਾਲੀਆਂ ਆਸਾਮੀਆ ‘ਤੇ ਇੱਕ ਮਹਿਨੇ ਦੇ ਅੰਦਰ-ਅੰਦਰ ਨਵੀ ਭਰਤੀ ਕੀਤੀ ਜਾਣੀ ਜਰੂਰੀ ਹੋਵੇਗੀ।
      ਸ. ਸੇਖਵਾਂ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਵਲੋ ਸ਼ੁਰੂ ਕੀਤੇ ਗਏ ਵਿੱਦਿਅਕ ਸੁਧਾਰਾ ਦੇ ਲਾਗੂ ਹੋਣ ਨਾਲ ਰਾਜ ਦੇ ਸਰਕਾਰੀ ਸਕੂਲਾ ਵਿੱਚ ਪ੍ਰਾਈਵੇਟ ਸੈਕਟਰ ਦੇ ਵੱਡੇ ਪਬਲਿਕ ਸਕੂਲਾ ਨਾਲੋ ਵੀ ਗੁਣਾਤਮਕ ਉੱਚ ਮਿਆਰੀ ਸਿਖਿਆ ਮੁਹੱਈਆ ਕਰਵਾਉਣ ਦੀ ਵਿਵਸਥਾ ਹੋਵੇਗੀ। ਉਨਾ ਅੱਗੇ ਕਿਹਾ ਕਿ ਪੰਜਾਬ ਸਰਕਾਰ ਵਲੋ ਪਿਛਲੇ ਪੌਣੇ ਪੰਜ ਸਾਲਾ ਵਿੱਚ ਰਾਜ ਦੇ ਸਕੂਲਾ ਵਿੱਚ ਵੱਖ-ਵੱਖ ਕੇਡਰਾਂ ਦੀਆਂ ਲੰਮੇ ਸਮੇ ਤੋ ਖਾਲੀ ਪਈਆ ਆਸਾਮੀਆਂ ਨੂੰ ਭਰਨ ਲਈ 54,000 ਅਧਿਆਪਕਾਂ ਦੀ ਰੈਗੂਲਰ ਭਰਤੀ ਪਾਰਦਰਸ਼ੀ ਢੰਗ ਨਾਲ ਨਿਰੋਲ ਮੈਰਿਟ ਦੇ ਆਧਾਰ ‘ਤੇ ਕਰਕੇ ਨਿਯੁਕਤੀਆਂ ਕੀਤੀਆ ਗਈਆ ਹਨ। ਉਨਾ ਅੱਗੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਸਮੇ ਰਾਜ ਦੇ ਸਿਖਿਆ ਵਿਭਾਗ ਵਿੱਚ ਇੱਕ ਵੀ ਅਧਿਆਪਕ ਦੀ ਭਰਤੀ ਨਹੀ ਕੀਤੀ ਗਈ ਅਤੇ ਜੋ ਥੋੜੇ ਅਧਿਆਪਕ ਠੇਕੇ ਦੇ ਆਧਾਰ ‘ਤੇ ਜ਼ਿਲ੍ਹਾ ਪ੍ਰੀਸ਼ਦ ਵਿੱਚ ਭਰਤੀ ਕੀਤੇ ਗਏ ਉਨਾ ਅਧਿਆਪਕਾਂ ਦੇ ਭਵਿੱਖ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵਲੋ ਉਨਾ ਦੀਆਂ ਸੇਵਾਵਾ ਨੂੰ ਨਿਯਮਿਤ ਕੀਤਾ ਗਿਆ ਹੈ। ਇਸੇ ਤਰਾ ਉਨਾ ਅੱਗੇ ਕਿਹਾ ਕਿ ਰਾਜ ਦੇ ਸਰਕਾਰੀ ਸਕੂਲਾ ਦੀਆਂ ਹੁਣ ਆਧੁਨਿਕ ਵਿਦਿਅਕ ਸਹੂਲਤਾ ਵਾਲੀਆਂ ਨਵੀਆ ਇਮਾਰਤਾਂ ਦੀ ਉਸਾਰੀ ਤੋ ਇਲਾਵਾ ਮਜ਼ਬੂਤ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਗਿਆ ਹੈ। ਅਤੇ ਸਰਕਾਰੀ ਸਕੂਲਾ ਦੇ ਅਧਿਆਪਕ ਵੱਖ-ਵੱਖ ਵਿਸ਼ਿਆ ਦੇ ਮਾਹਿਰ ਤੇ ਉੱਚ ਵਿਦਿਆ ਪ੍ਰਾਪਤ ਹਨ। ਅਤੇ ਸਾਡੀ ਸਰਕਾਰ ਦੇ ਯਤਨਾ ਨਾਲ ਸਕੂਲਾ ਅੰਦਰ ਅਧਿਆਪਕਾਂ ਵਿੱਚ ਅਨੁਸ਼ਾਸਨ ਅਤੇ ਆਪਣੀ ਪੇਸ਼ੇ ਸਬੰਧੀ ਲਗਨ ਪੈਦਾ ਹੋਣ ਕਾਰਨ ਵਿਦਿਆ ਦਾ ਮਿਆਰ ਬਹੁਤ ਉੱਚਾ ਹੋਇਆ ਹੈ। ਉਨਾ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੜਕੀਆਂ ਦੀ ਵਿਦਿਆ ਨੂੰ ਉਤਸ਼ਾਹਿਤ ਕਰਨ ਲਈ ਰਾਜ ਦੇ ਸਰਕਾਰੀ ਸਕੂਲਾ ਵਿੱਚ ਗਿਆਰਵੀਂ ਅਤੇ ਬਾਹਰਵੀਂ ਕਲਾਸ ਵਿੱਚ ਪੜ੍ਹਦੀਆਂ ਕੁੱਲ 1 ਲੱਖ 50 ਹਜ਼ਾਰ ਲੜਕੀਆਂ ਨੂੰ ‘ਮਾਈ ਭਾਗੋ ਸਕੀਮ ਤਹਿਤ ‘ਸਾਈਕਲ ਵੰਡੇ ਜਾ ਰਹੇ ਹਨ। ਅਤੇ ਲੜਕੀਆਂ ਦੀ ਬਾਹਰਵੀਂ ਜਮਾਤ ਤਕ ਦੀ ਵਿਦਿਆ ਮੁਫ਼ਤ ਕਰ ਦਿੱਤੀ ਗਈ ਹੈ। ਉਨਾ ਅੱਗੇ ਦੱਸਿਆ ਕਿ ਵਿੱਦਿਆ ਦਾ ਮਿਆਰ ਉੱਚਾ ਚੁੱਕਣ ਲਈ 35,00 ਅਧਿਆਪਕਾ ਨੂੰ ਪਦ-ਉੱਨਤ ਕਰਕੇ ਬਹੁਤ ਜਲਦ ਲੈਕਚਰਾਰ ਬਣਾਇਆ ਜਾ ਰਿਹਾ ਹੈ। 842 ਅਧਿਆਪਕਾ ਨੂੰ ਪਦ-ਉੱਨਤ ਕਰਕੇ ਮੁੱਖ ਅਧਿਆਪਕ ਬਣਾਇਆ ਗਿਆ। 400 ਹੋਰ ਅਧਿਆਪਕਾਂ ਦੀ ਬਤੌਰ ਹੈਡ-ਮਾਸਟਰ ਪਦ-ਉੱਨਤੀ ਦੀ ਪ੍ਰਕਿਰਿਆ ਚਲ ਰਹੀ ਹੈ। 251 ਲੈਕਚਰਾਰਾ ਨੂੰ ਤਰੱਕੀ ਦੇ ਪ੍ਰਿੰਸੀਪਲ ਬਣਾਇਆ ਗਿਆ ਹੈ। ਅਤੇ ਨਵਬੰਰ ਮਹਿਨੇ ਤਕ 5,000 ਹੋਰ ਨਵੇ ਅਧਿਆਪਕਾਂ ਦੀ ਭਰਤੀ ਕੀਤੀ ਜਾ ਰਹੀ ਹੈ। ਰਾਜ ਦੇ 52 ਡਿਗਰੀ ਕਾਲਜਾ ਵਿੱਚੋ 17 ਕਾਲਜਾਂ ਦੇ ਪ੍ਰਿੰਸੀਪਲਾ ਦੀਆਂ ਖਾਲੀ ਆਸਾਮੀਆ ਤਰੱਕੀ ਰਾਹੀ ਭਰੀਆ ਗਈਆਂ। ਸ. ਸੇਖਵਾ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਲਈ ਇਹ ਮਾਣ ਦੀ ਗੱਲ ਹੈ ਕਿ ਆਜਾਦੀ ਤੋ ਬਾਅਦ ਹੁਣ ਤਕ ਕੇਵਲ 52 ਸਰਕਾਰੀ ਡਿਗਰੀ ਕਾਲਜ ਸਨ। ਸਾਡੀ ਸਰਕਾਰ ਵਲੋ ਆਪਣੇ ਪੌਣੇ ਪੰਜ ਸਾਲ ਦੇ ਕਾਰਜਕਾਲ ਵਿੱਚ 17 ਨਵੇ ਡਿਗਰੀ ਕਾਲਜ ਬਣਾ ਕੇ ਉਨਾ ਵਿੱਚ ਵਿਦਿਅਕ ਸ਼ੈਸ਼ਨ ਸ਼ੁਰੂ ਕਰ ਦਿੱਤੇ ਹਨ। ਸ. ਸੇਖਵਾ ਨੇ ਇਸ ਮੌਕੇ ਤੇ ਵੱਖ-ਵੱਖ ਸਿੱਖਿਆ ਵਿਭਾਗ ਦੀਆਂ ਜਥੇਬੰਦੀਆਂ ਦੀ ਮੰਗ ‘ਤੇ ਸਕੂਲਾਂ ਵਿੱਚ ਛੁੱਟੀ ਦਾ ਸਮਾ ਤਿੰਨ ਵੱਜ ਕੇ ਵੀਹ ਮਿੰਟ ਤੋ ਘਟਾ ਕੇ ਤਿੰਨ ਵਜੇ ਕਰਨ ਦਾ ਐਲਾਨ ਵੀ ਕੀਤਾ।
                             ਪੰਜਾਬ ਸਿੱਖਿਆ ਵਿਭਾਗ ਦੀ ਮੁੱਖ ਸੰਸਦੀ ਸਕੱਤਰ ਸ੍ਰੀਮਤੀ ਮਹਿੰਦਰ ਕੌਰ ਜੋਸ਼ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਧਿਆਪਕ ਸਮਾਜ ਦਾ ਨਿਰਮਾਤਾ ਹੁੰਦਾ ਹੈ ਅਤੇ ਸਿੱਖਿਆ ਦੇ ਨਾਲ ਹੀ ਸਮਾਜ ਤੇ ਦੇਸ਼ ਤਰੱਕੀ ਕਰਦੇ ਹਨ। ਉਨਾ ਰਾਜ ਦੇ ਸਿਖਿਆ ਖੇਤਰ ਵਿੱਚ ਹੋਏ ਵੱਡੇ ਸੁਧਾਰਾ ‘ਤੇ ਤਸੱਲੀ ਪ੍ਰਗਟ ਕਰਦਿਆਂ ਅਧਿਆਪਕ ਵਰਗ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਸਕੂਲਾ ਵਿੱਚ ਪੜ੍ਹਣ ਵਾਲੇ ਬੱਚਿਆ ਨੂੰ ਆਪਣੇ ਬੱਚਿਆ ਦੀ ਤਰਾ ਹੀ ਮਨ ਨਾਲ ਪੜ੍ਹਾਉਣ ਤੇ ਪਿਆਰ ਕਰਨ। ਉਨਾ ਅੱਗੇ ਕਿਹਾ ਕਿ ਜੇਕਰ ਅਧਿਆਪਕ ਵਰਗ ਪੂਰੀ ਤਰਾ ਬੱਚਿਆ ਦੀ ਪੜ੍ਹਾਈ ਲਈ ਸਮਰਪਿਤ ਹੋ ਜਾਵੇ, ਜਿਸ ਤਰਾ ਸਰਕਾਰ ਨੇ ਵੱਡੀ ਪੱਧਰ ‘ਤੇ ਸਰਕਾਰੀ ਸਕੂਲਾ ਵਿੱਚ ਵਿਦਿਅਕ ਸਹੂਲਤਾਂ ਮੁਹੱਈਆ ਕਰਵਾਈਆਂ ਹਨ ਤਾਂ ਪ੍ਰਾਈਵੇਟ ਸਕੂਲਾਂ ਵਿੱਚ ਕੋਈ ਬੱਚਾ ਪੜ੍ਹਣ ਨਹੀ ਜਾਵੇਗਾ।
                           ਸ੍ਰੀ ਹੁਸਨ ਲਾਲ ਸਕੱਤਰ ਸਿਖਿਆ ਵਿਭਾਗ ਪੰਜਾਬ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਟੇਟ ਐਵਾਰਡ ਲਈ ਅਧਿਆਪਕਾ ਦੀ ਚੋਣ ਗਠਿਤ ਰਾਜ ਪੱਧਰੀ ਕਮੇਟੀ ਵਲੋ ਮੈਰਿਟ ਦੇ ਆਧਾਰ ‘ਤੇ ਕੀਤੀ ਜਾਂਦੀ ਹੈ। ਅਤੇ ਇਸ ਕਮੇਟੀ ਵਲੋ ਸਟੇਟ ਐਵਰਡ ਲਈ ਦਰਖਾਸਤਾ ਲਈਆ ਜਾਂਦੀਆਂ ਹਨ। ਲੇਕਿਨ ਇਸ ਵਾਰ ਇੱਕ ਅਧਿਆਪਕ ਵਲੋ ਐਵਾਰਡ ਲੈਣ ਲਈ ਬਿਨੇਪੱਤਰ ਦੇਣ ਤੋ ਇਨਕਾਰ ਕੀਤਾ ਗਿਆ ਤੇ ਉਸ ਨੇ ਕਿਹਾ ਕਿ ਉਸਦੇ ਕੰਮ ਦੀ ਸਮੀਖਿਆ ਕਰਕੇ ਨਿਰਣਾ ਲਿਆ ਜਾਵੇ, ਜਿਸ ‘ਤੇ ਕਮੇਟੀ ਵਲੋ ਉਸਦੇ ਸਕੂਲ ਦਾ ਦੌਰਾ ਕਰਕੇ ਉਸ ਦੇ ਵਿਦਿਅਕ ਖੇਤਰ ਵਿੱਚ ਪਾਏ ਗਏ ਯੋਗਦਾਨ ਦੇ ਆਧਾਰ ‘ਤੇ ਉਸ ਨੂੰ ਐਵਾਰਡ ਦੇਣ ਦੀ ਸਿਫਾਰਿਸ ਕੀਤੀ ਗਈ। ਉਨਾ ਅੱਗੇ ਕਿਹਾ ਕਿ ਅੱਗੇ ਤੋਂ ਦਿੱਤੇ ਜਾਣ ਵਾਲੇ ਇਹ ਸਟੇਟ ਐਵਾਰਡ ਲਈ ਬਿਨੈਪੱਤਰ ਨਹੀ ਲਏ ਜਾਣਗੇ, ਅਧਿਆਪਕਾਂ ਦੀ ਕਾਰੁਜਗਾਰੀ ਸਬੰਧੀ ਜਮੀਨੀ ਪੱਧਰ ਤੇ ਫੀਡਬੈਕ ਲੈ ਕੇ ਐਵਾਰਡ ਦੇਣ ਦਾ ਫੈਸਲਾ ਕੀਤਾ ਜਾਇਆ ਕਰੇਗਾ। ਕਿਉਂਕਿ ਐਵਾਰਡ ਪ੍ਰਾਪਤ ਕਰਤਾ ਤੋ ਬਿਨੈਪੱਤਰਾ ਮੰਗਣਾ ਉੱਚਿਤ ਨਹੀ ਲੱਗਦਾ। ਉਨਾ ਅੱਗੇ ਕਿਹਾ ਕਿ ਅਧਿਆਪਕਾ ਦੀਆਂ ਪਦ ਉਨਤੀਆਂ ਨੂੰ ਸਮੇ ਸਿਰ ਕਰਨ ਲਈ ਵੀ ਨਵੀ ਪਾਲਿਸੀ ਬਣਾਈ ਜਾਵੇਗੀ। ਅਤੇ ਸਿੱਖਿਆ ਦਾ ਮਿਆਰ ਉੱਪਰ ਚੁੱਕਣ ਸਬੰਧੀ ਕੁਝ ਜਿਲਿਆ ਅੰਦਰ ਸਰਵੇ ਕਰਵਾਇਆ ਗਿਆ ਹੈ । ਉਨਾ ਕਿਹਾ ਕਿ ਸਾਡੇ ਸਰਕਾਰੀ ਸਕੂਲਾ ਵਿੱਚ ਵਿੱਦਿਆ ਦਾ ਮਿਆਰ ਪਹਿਲਾ ਨਾਲੋ ਬਹੁਤ ਸੁਧਰਿਆ ਹੈ ਅਤੇ ਬੱਚਿਆ ਦੇ ਸਕੂਲਾ ਅੰਦਰ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ। ਉਨਾ ਕਿਹਾ ਕਿ ਸਕੂਲਾਂ ਅੰਦਰ ਅਜਿਹਾ ਵਾਤਾਵਰਣ ਬਣਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ ਕਿ ਹਰੇਕ ਮਾਂ-ਬਾਪ ਆਪਣੇ ਬੱਚੇ ਸਰਕਾਰੀ ਸਕੂਲਾ ਵਿੱਚ ਭੇਜਣ ਨੂੰ ਤਰਜੀਹ ਦੇਣ। ਉਨਾ ਕਿਹਾ ਕਿ ਸਰਕਾਰੀ ਸਕੂਲਾ ਵਿੱਚ ਸਰਕਾਰ ਵਲੋ ਸਕੂਲਾਂ ਅੰਦਰ ਦਿੱਤੇ ਜਾ ਰਿਹੇ ਮਿੱਡ-ਡੇ-ਮੀਲ ਨਾਲ ਵੀ ਬੱਚਿਆ ਦਾ ਸਰਕਾਰੀ ਸਕੂਲਾਂ ਵਿੱਚ ਰੁਝਾਨ ਵਧਿਆ ਹੈ। ਉਨਾ ਕਿਹਾ ਕਿ ਅਧਿਆਪਕ ਵਰਗ ਦੇ ਅੰਦਰੋ ਅਨੁਸਾਸਨ ਅਤੇ ਲਗਨ ਨਾਲ ਬੱਚਿਆ ਨੂੰ ਪੜ੍ਹਾਉਣ ਦੀ ਭਾਵਨਾ ਪੈਦਾ ਹੋਣੀ ਚਾਹੀਦੀ ਹੈ, ਕਿਉਕਿ ਉਹ ਸਖਤੀ ਕਰਨ ਵਿੱਚ ਵਿਸ਼ਵਾਸ ਨਹੀ ਰੱਖਦੇ।
     ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਮਹਿੰਦਰ ਸਿੰਘ ਕੈਥ ਨੇ ਸੰਬੋਧਨ ਕਰਦਿਆ ਕਿਹਾ ਕਿ ਮਾਪਿਆ ਦੀ ਸਭ ਤੋ ਵਡਮੁੱਲੀ ਦੌਲਤ ਉਨਾ ਦੇ ਬੱਚੇ ਹੁੰਦੇ ਹਨ, ਜੋ ਅਧਿਆਪਕ ਵਰਗ ਤੇ ਉਨਾ ਦਾ ਵੱਡਾ ਵਿਸ਼ਵਾਸ ਹੋਣ ਕਾਰਨ ਬੱਚਿਆ ਦੇ ਉੱਜਵਲ ਭਵਿੱਖ ਲਈ ਉਨਾ ਕੋਲ ਸਕੂਲਾ ਵਿੱਚ ਪੜ੍ਹਣ ਲਈ ਭੇਜਦੇ ਹਨ। ਡਿਪਟੀ ਕਮਿਸ਼ਨਰ ਨੇ ਬੱਚਿਆ ਦੇ ਮਾਪਿਆ ਦੇ ਵਿਸ਼ਵਾਸ ਤੇ ਪੂਰਾ ਉਤਰਣ ਅਤੇ ਅਧਿਆਪਨ ਦੇ ਪਵਿੱਤਰ ਪੇਸ਼ੇ ਦੀ ਪਵਿੱਤਰਤਾ ਨੂੰ ਬਣਾਈ ਰੱਖਣ ਲਈ ਅਧਿਆਪਕਾਂ ਨੂੰ ਆਪਣੇ ਵਿਦਿਆਰਥੀਆਂ ਨੂੰ ਗੁਣਾਤਮਕ, ਉੱਚ ਮਿਆਰੀ ਸਿੱਖਿਆ ਸਮਰਪਿਤ ਭਾਵਨਾ ਨਾਲ ਮੁਹੱਈਆ ਕਰਵਾਉਣ ਲਈ ਕਿਹਾ। ਇਸ ਮੌਕੇ ਹੋਰਨਾ ਤੋ ਇਲਾਵਾ ਡਿਪਟੀ ਡਾਇਰੈਕਟਰ ਸ੍ਰੀਮਤੀ ਦਰਸ਼ਨ ਕੌਰ, ਸ੍ਰੀ ਜੋਗਿਦਰ ਦਾਸ ਮਕਸੂਦਪੂਰੀ ਮੰਡਲ ਸਿੱਖਿਆ ਅਫਸਰ, ਸ੍ਰੀਮਤੀ ਪਵਿੱਤਰਪਾਲ ਕੋਰ ਡਿਪਟੀ ਡਾਇਰੈਕਟਰ ਸਪੋਰਟਸ. ਸ. ਕਰਮਜੀਤ ਸਿੰਘ ਜਿਲਾ ਸਿੱਖਿਆ ਅਫਸਰ, ਸ੍ਰੀਮਤੀ ਸਿੰਦੋ ਸਾਹਨੀ ਜਿਲਾ ਸਿੱਖਿਆ ਅਫਸਰ ਤੋ ਇਲਾਵਾ ਸਮੂਹ ਜਿਲਾ ਸਿੱਖਿਆ ਅਫਸਰ , ਸ. ਕਰਨੈਲ ਸਿੰਘ ਤੱਤਲਾ ਚੇਅਰਮੈਨ, ਸ. ਕੰਵਲਪ੍ਰੀਤ ਸਿੰਘ ਕਾਕੀ ਚੇਅਰਮੈਨ, ਡਾ. ਮਨਮੋਹਨ ਸਿੰਘ ਭਾਗੋਵਾਲੀਆ ਪ੍ਰਧਾਨ ਕਸ਼ਯਪ ਸਮਾਜ ਪੰਜਾਬ, ਸ. ਕੁਲਵੰਤ ਸਿੰਘ ਮੋਤੀ ਭਾਟੀਆ, ਮਾਸਟਰ ਬਲਦੇਵ ਸਿੰਘ ਪਾਰਸ ਹੋਟਲ, ਪ੍ਰਿੰ ਗੁਰੂ ਨਾਨਕ ਕਾਲਜ ਬਟਾਲਾ, ਸ. ਜੋਗਿੰਦਰ ਸਿੰਘ ਧਾਲੀਵਾਲ, ਪਰਮਜੀਤ ਸਿੰਘ ਗੋਖੂਵਾਲ, ਸਰਬਜੀਤ ਸਿੰਘ ਜਾਗੋਵਾਲ ਬਾਂਗਰ ਮੈਬਰ ਬਲਾਕ ਸੰਮਤੀ ਵੀ ਹਾਜਰ ਸਨ।

Translate »