ਅੰਮ੍ਰਿਤਸਰ – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਵੱਲੋਂ ‘ਭਾਰਤੀ ਔਰਤਾਂ ਦੇ ਵਿਦੇਸ਼ੀ ਲਾੜਿਆਂ ਨਾਲ ਵਿਆਹ ਤੇ ਮੁਸ਼ਕਲਾਂ’ ‘ਤੇ ਇਕ ਵਿਸ਼ੇਸ ਭਾਸ਼ਣ ਦਾ ਆਯੋਜਨ ਕੀਤਾ ਗਿਆ। ਇਹ ਭਾਸ਼ਣ ਅਮਰੀਕਾ ਦੀ ਬਿਜ਼ਨਸ ਸਰਵਿਸ ਅਤੇ ਇਮੀਗਰੇਸ਼ਨ ਦੀ ਫਾਊਂਡਰ ਪ੍ਰਧਾਨ, ਮਿਸ ਅਨੂ ਪਸ਼ੌਰੀਆ ਨੇ ਅੱਜ ਇਥੇ ਯੂਨੀਵਰਸਿਟੀ ਦੇ ਕਾਨਫਰੰਸ ਹਾਲ ਵਿਖੇ ਦਿੱਤਾ।
ਵਿਭਾਗ ਦੇ ਮੁਖੀ, ਡਾ. ਜਸਪਾਲ ਸਿੰਘ ਨੇ ਮਿਸ ਅਨੂ ਅਤੇ ਹੋਰਨਾਂ ਪਤਵੰਤਿਆਂ ਨੂੰ ਜੀ ਆਇਆਂ ਆਖਿਆ ਅਤੇ ਮਿਸ ਅਨੂ ਨੂੰ ਸਰੋਤਿਆਂ ਦੇ ਰੂ-ਬ-ਰੂ ਕਰਵਾਇਆ। ਡਾਇਮੰਡ ਬੁਕਸ, ਨਵੀਂ ਦਿੱਲੀ ਦੇ ਚੇਅਰਮੈਨ, ਸ੍ਰੀ ਐਨ.ਕੇ, ਸ਼ਰਮਾ ਵੀ ਇਸ ਮੌਕੇ ਹਾਜ਼ਰ ਸਨ। ਵਿਭਾਗ ਦੇ 200 ਤੋਂ ਵੱਧ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਇਸ ਭਾਸ਼ਣ ਵਿਚ ਭਾਗ ਲਿਆ। ਡਾ. ਵਿਨੈ ਕਪੂਰ, ਰੀਡਰ ਨੇ ਇਸ ਮੌਕੇ ਆਪਣੇ ਵਿਚਾਰ ਪੇਸ਼ ਕੀਤੇ।
ਡਾ. ਜਸਪਾਲ ਸਿੰਘ ਨੇ ਇਸ ਮੌਕੇ ਮਿਸ ਅਨੂ ਵੱਲੋਂ ਲਿਖੀ ਅਤੇ ਡਾਇਮੰਡ ਪਬਲੀਸ਼ਰ ਵੱਲੋਂ ਪ੍ਰਕਾਸ਼ਿਤ ਪੁਸਤਕ ‘ਲਾਈਵਜ਼ ਆਨ ਦਾ ਬਰਿੰਕ’ ਵੀ ਰਿਲੀਜ਼ ਕੀਤੀ।
ਮਿਸ ਅਨੂ ਨੇ ਆਪਣੇ ਭਾਸ਼ਣ ਵਿਚ ਵਿਦੇਸ਼ੀ ਲਾੜਿਆਂ ਨਾਲ ਵਿਆਹੀਆਂ ਔਰਤਾਂ ਨੂੰ ਦਰਪੇਸ਼ ਔਕੜਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਔਰਤਾਂ ਨੂੰ ਆਉਂਦੀਆਂ ਔਕੜਾਂ ਲਈ ਵਧੇਰੇ ਕਰਕੇ ਉਨ੍ਹਾਂ ਦੇ ਆਪਣੇ ਹੀ ਜ਼ਿੰਮੇਵਾਰ ਹੁੰਦੇ ਹਨ। ਉਨਾਂ੍ਹ ਕਿਹਾ ਕਿ ਮਾਤਾ-ਪਿਤਾ ਆਪਣੀ ਬੱਚੀ ਦੇ ਉੱਜਲੇ ਭਵਿੱਖ ਨੂੰ ਧਿਆਨ ਰੱਖਦਿਆਂ ਬਿਨਾਂ ਖੋਜ-ਪੜਤਾਲ ਦੇ ਉਨ੍ਹਾਂ ਦਾ ਵਿਆਹ ਵਿਦੇਸ਼ੀ ਲਾੜਿਆਂ ਨਾਲ ਕਰ ਦਿੰਦੇ ਹਨ, ਪਰ ਇਨ੍ਹਾਂ ਵਿਚ ਜ਼ਿਆਦਾਤਰ ਲਾੜੇ ਧੋਖੇਬਾਜ਼ ਹੁੰਦੇ ਹਨ। ਉਨਾਂ੍ਹ ਕਿਹਾ ਕਿ ਇਨ੍ਹਾਂ ਵਿੱਚੋਂ ਕਈ ਲਾੜਿਆਂ ਦੇ ਪਹਿਲਾਂ ਹੀ ਵਿਆਹ ਹੋਏ ਹੁੰਦੇ ਹਨ, ਜਾਂ ਫਿਰ ਇਨ੍ਹਾਂ ਉਤੇ ਕੇਸ ਚੱਲ ਰਹੇ ਹੁੰਦੇ ਹਨ।
ਉਨ੍ਹਾਂ ਮਾਪਿਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੀਆਂ ਧੀਆਂ ਦੇ ਵਿਆਹ ਕਰਨ ਤੋਂ ਪਹਿਲਾਂ ਹਰ ਤਰ੍ਹਾਂ ਖੋਜ ਪੜਤਾਲ ਅਤੇ ਭਾਵੀ ਵਿਦੇਸ਼ੀ ਲਾੜਿਆਂ ਦੇ ਚਰਿੱਤਰ ਦੀ ਘੋਖ ਕਰ ਸਬੰਧਤ ਹਾਈ ਕਮਿਸ਼ਨਾਂ ਤੋਂ ਕਰਵਾਉਣ।
ਡਾ. ਰਤਨ ਸਿੰਘ, ਰੀਡਰ ਨੇ ਇਸ ਮੌਕੇ ਧੰਨਵਾਦ ਦਾ ਮਤਾ ਪੇਸ਼ ਕੀਤਾ।