October 22, 2011 admin

ਵਿਗਿਆਨ ਅਤੇ ਕੋਮਲ ਕਲਾਵਾਂ ਦੇ ਸੁਮੇਲ ਨਾਲ ਹੀ ਸਰਵਪੱਖੀ ਸੰਤੁਲਿਤ ਸਖਸ਼ੀਅਤ ਦੀ ਉਸਾਰੀ ਸੰਭਵ-ਸ: ਲੱਖੋਵਾਲ

ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਲਾਨਾ ਯੁਵਕ ਮੇਲੇ ਦਾ ਰਸਮੀ ਉਦਘਾਟਨ ਕਰਦਿਆਂ ਪੰਜਾਬ ਰਾਜ ਮੰਡੀਕਰਨ ਬੋਰਡ ਦੇ ਚੇਅਰਮੈਨ ਸ: ਅਜਮੇਰ ਸਿੰਘ ਲੱਖੋਵਾਲ ਨੇ ਕਿਹਾ ਹੈ ਕਿ ਵਿਗਿਆਨ ਅਤੇ ਕੋਮਲ ਕਲਾਵਾਂ ਦੇ ਸੁਮੇਲ ਨਾਲ ਹੀ ਸਰਵਪੱਖੀ ਸੰਤੁਲਿਤ ਸਖਸ਼ੀਅਤ ਦੀ ਉਸਾਰੀ ਸੰਭਵ ਹੈ। ਉਨ੍ਹਾਂ ਆਖਿਆ ਕਿ ਦੇਸ਼ ਨੂੰ ਸਭ ਤੋਂ ਵੱਧ ਅਨਾਜ ਦੇਣ ਵਾਲੀ ਇਸ ਮਹਾਨ ਸੰਸਥਾ ਦੀਆਂ ਰਵਾਇਤਾਂ ਸਿਰਫ ਖੇਤੀਬਾੜੀ ਖੋਜ ਦੇ ਖੇਤਰ ਵਿੱਚ ਹੀ ਨਹੀਂ ਸਗੋਂ ਖੇਡਾਂ ਅਤੇ ਸਭਿਆਚਾਰ ਦੇ ਖੇਤਰ ਵਿੱਚ ਵੀ ਵਡਮੁੱਲੀਆਂ ਹਨ। ਹਾਕੀ ਵਿੱਚ ਤਿੰਨ ਉਲੰਪਿਕਸ ਵਿੱਚ ਭਾਗ ਲੈਣ ਵਾਲੀਆਂ ਟੀਮਾਂ ਦੇ ਤਿੰਨ ਕਪਤਾਨਾਂ ਸਰਵਸ਼੍ਰੀ ਚਰਨਜੀਤ ਸਿੰਘ, ਪ੍ਰਿਥੀਪਾਲ ਸਿੰਘ ਅਤੇ ਰਮਨਦੀਪ ਸਿੰਘ ਗਰੇਵਾਲ ਦਾ ਹਵਾਲਾ ਦਿੰਦਿਆਂ ਉਨ੍ਹਾਂ ਆਖਿਆ ਕਿ ਇਹ ਤਿੰਨੇ ਇਸ ਯੂਨੀਵਰਸਿਟੀ ਦੀ ਪੈਦਾਵਾਰ ਹਨ। ਇਸੇ ਤਰ੍ਹਾਂ ਸਭਿਆਚਾਰ ਦੇ ਖੇਤਰ ਵਿੱਚ ਵੀ ਇਸ ਯੂਨੀਵਰਸਿਟੀ ਦੀਆਂ ਮਹਾਨ ਰਵਾਇਤਾਂ ਹਨ ਜਿਨ੍ਹਾਂ ਨੂੰ ਅੱਜ ਦੇ ਵਿਦਿਆਰਥੀਆਂ ਨੇ ਅੱਗੇ ਲੈ ਕੇ ਜਾਣਾ ਹੈ। ਉਨ੍ਹਾਂ ਆਖਿਆ ਕਿ ਪ੍ਰਾਈਵੇਟ ਸੈਕਟਰ ਵੱਲੋਂ ਖੇਤੀਬਾੜੀ ਖੋਜ, ਸਿੱਖਿਆ ਅਤੇ ਮੰਡੀਕਰਨ ਦੇ ਖੇਤਰ ਵਿੱਚ ਵਧ ਰਿਹਾ ਦਖਲ ਆਮ ਆਦਮੀ ਲਈ ਬਹੁਤਾ ਚੰਗਾ ਨਹੀਂ । ਇਸ ਲਈ ਪਬਲਿਕ ਸੈਕਟਰ ਦੇ ਅਦਾਰਿਆਂ ਨੂੰ ਆਪਣਾ ਕੰਮ ਕਾਰ ਸੁਧਾਰ ਕੇ ਮੁਕਾਬਲੇ ਲਈ ਹੋਰ ਤਕੜਾ ਹੋਣਾ ਚਾਹੀਦਾ ਹੈ। ਸ: ਲੱਖੋਵਾਲ ਨੇ ਆਖਿਆ ਕਿ ਅੱਜ ਭਾਰਤ ਵਿੱਚ ਗਰੀਬੀ ਰੇਖਾ ਤੋਂ ਹੇਠਾਂ ਵਸਦੇ 40 ਕਰੋੜ ਲੋਕਾਂ ਦੀ ਕਿਸਮਤ ਵਿੱਚ ਉਮੀਦ ਭਰਨ ਲਈ ਦੇਸ਼ ਦੇ ਯੋਜਨਾਕਾਰਾਂ ਕੋਲ ਨਾ ਤਾਂ ਨੀਯਤ ਅਤੇ ਨਾ ਸਪਸ਼ਟ ਨੀਤੀ। ਉਨ੍ਹਾਂ ਆਖਿਆ ਕਿ ਯੋਜਨਾ ਕਮਿਸ਼ਨ ਵਿੱਚ ਖੇਤੀਬਾੜੀ ਦਾ ਭਵਿੱਖ ਨਿਸ਼ਚਤ ਕਰਨ ਵਾਲੇ ਲੋਕ ਵੀ ਬਹੁਤੇ ਖੇਤੀਬਾੜੀ ਤੋਂ ਅਣਜਾਣ ਲੋਕ ਹਨ। ਉਨ੍ਹਾਂ ਆਖਿਆ ਕਿ ਜਿੰਨਾਂ ਚਿਰ ਆਮ ਆਦਮੀ ਦੀ ਪੀੜ ਜਾਨਣ ਦੀ ਕੋਸ਼ਿਸ਼ ਨਹੀਂ ਹੋਵੇਗੀ ਉਨਾਂ ਚਿਰ ਦੇਸ਼ ਦੀ ਅਮਨ ਕਾਨੂੰਨ ਸਥਿਤੀ ਸੁਧਾਰਨੀ ਸੰਭਵ ਨਹੀਂ। ਉਨ੍ਹਾਂ ਆਖਿਆ ਕਿ ਆਰਥਿਕਤਾ ਸਭ ਰਿਸ਼ਤਿਆਂ ਦੀ ਸ਼ਕਤੀ ਹੈ ਅਤੇ ਧਰਮ ਵੀ ਕੰਮਜ਼ੋਰ ਆਰਥਿਕਤਾ ਕਾਰਨ ਖੁਰ ਜਾਂਦਾ ਹੈ। ਇਸ ਲਈ ਪੰਜਾਬੀਆਂ ਆਰਥਿਕ ਤੌਰ ਤੇ ਮਜ਼ਬੂਤ ਬਣਾਉਣ ਵਿੱਚ ਯੋਗਦਾਨ ਪਾਉਣਾ ਜ਼ਰੂਰੀ ਹੈ।
ਸ: ਲੱਖੋਵਾਲ ਨੇ  ਆਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ  ਨੇ ਪੇਂਡੂ ਵਿਕਾਸ ਫੰਡ ਵਿਚੋਂ ਹਰ ਸਾਲ ਲਗਪਗ 80 ਕਰੋੜ ਰੁਪਏ ਦੇਣ ਦਾ ਪ੍ਰਬੰਧ ਇਸੇ ਕਰਕੇ ਕੀਤਾ ਹੈ ਕਿ ਇਥੇ ਕੰਮ ਕਰਦੇ ਵਿਗਿਆਨੀਆਂ ਦੀ ਕੰਮ ਪ੍ਰਤੀ ਨਿਸ਼ਚਾ ਵਧੇ। ਉਨ੍ਹਾਂ ਆਖਿਆ ਕਿ ਯੂਨੀਵਰਸਿਟੀ ਕੈਂਪਸ ਦੀਆਂ ਸੜਕਾਂ ਦੀ ਮੁਰੰਮਤ ਲਈ ਉਹ ਆਪਣੇ ਅਖਤਿਆਰੀ ਫੰਡ ਵਿਚੋਂ 2 ਕਰੋੜ ਰੁਪਏ ਭੇਜਣਗੇ । ਉਨ੍ਹਾਂ ਆਖਿਆ ਕਿ ਖੇਤੀਬਾੜੀ ਕਾਲਜ ਦੇ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਵਜ਼ੀਫੇ ਵੀ ਵਧਾਏ ਜਾਣਗੇ ਅਤੇ ਫੈਲੋਸ਼ਿਪ ਦੇਣ ਦਾ ਵੀ ਯੋਗ ਪ੍ਰਬੰਧ ਕਰ ਦਿੱਤਾ ਗਿਆ ਹੈ। ਉਨ੍ਹਾਂ ਆਖਿਆ ਕਿ ਡਾ: ਬਲਦੇਵ ਸਿੰਘ ਢਿੱਲੋਂ ਦੀ ਅਗਵਾਈ ਹੇਠ ਪੰਜਾਬ ਦਾ ਕਿਸਾਨ ਯਕੀਨਨ ਵਿਕਾਸ ਦੇ ਰਾਹ ਤੁਰੇਗਾ। ਉਨ੍ਹਾਂ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਹੋਣ ਨਾਤੇ ਡਾ: ਢਿੱਲੋਂ ਨੂੰ ਵਿਸਵਾਸ਼ ਦੁਆਇਆ ਕਿ ਉਹ ਕਿਸਾਨ ਪੱਖੀਆਂ ਨੀਤੀਆਂ ਦੀ ਪੈਰਵਾਈ ਲਈ ਸਹਿਯੋਗ ਦਿੰਦੇ ਰਹਿਣਗੇ। ਸ: ਅਜਮੇਰ ਸਿੰਘ ਲੱਖੋਵਾਲ ਨੂੰ ਇਸ ਮੌਕੇ ਯੂਨੀਵਰਸਿਟੀ ਵੱਲੋਂ ਦੁਸ਼ਾਲਾ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸ: ਲੱਖੋਵਾਲ ਦੇ ਨਾਲ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਜਨਰਲ ਸਕੱਤਰ ਸ: ਅਜਮੇਰ ਸਿੰਘ ਗਿੱਲ ਅਤੇ ਪੰਜਾਬ ਰਾਜ ਮੰਡੀਕਰਨ ਬੋਰਡ ਦੇ ਜਨਰਲ ਮੈਨੇਜਰ ਸ: ਹਰਪ੍ਰੀਤ ਸਿੰਘ ਸਿੱਧੂ ਵੀ ਯੁਵਕ ਮੇਲੇ ਵਿੱਚ ਮਹਿਮਾਨ ਵਜੋਂ ਸ਼ਾਮਿਲ ਹੋਏ।
ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਆਖਿਆ ਕਿ ਸਿਰਫ ਕਿਤਾਬੀ ਕੀੜੇ ਬਣ ਕੇ ਜ਼ਿੰਦਗੀ ਦੇ ਉਸਾਰ ਵਿੱਚ ਹਿੱਸਾ ਨਹੀਂ ਪਾਇਆ ਜਾ ਸਕਦਾ। ਸਰਵਪੱਖੀ ਗਿਆਨ ਅਤੇ ਸਰਗਰਮੀਆਂ ਨਾਲ ਹੀ ਸਮਾਜ ਲਈ ਸਾਰਥਿਕ ਯੋਗਦਾਨ ਪਾਇਆ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿ ਜੁਆਨ ਪੀੜ੍ਹੀ ਨੂੰ ਮੀਡੀਆ ਵੱਲੋਂ ਸੰਗੀਤ, ਨਾਟਕ ਅਤੇ ਗਿਆਨ ਦੇ ਨਾਂ ਤੇ ਜੋ ਕੁਝ ਪਰੋਸਿਆ ਜਾ ਰਿਹਾ ਹੈ ਉਹ ਸਿਹਤਮੰਦ ਨਹੀਂ ਹੈ। ਡਾ: ਢਿੱਲੋਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਵਿਰਾਸਤੀ ਮਹਿਕ ਨੂੰ ਜਿਉਂਦਾ ਰੱਖਣ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਇਹੋ ਜਿਹੇ ਯੁਵਕ ਮੇਲਿਆਂ ਵਿੱਚ ਵਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਖਰੇ ਖੋਟੇ ਦੀ ਪਛਾਣ ਹੋ ਸਕੇ। ਉਨ੍ਹਾਂ ਆਖਿਆ ਕਿ ਨਸ਼ਿਆਂ ਅਤੇ ਹਥਿਆਰਾਂ ਦੀ ਮਹਿਮਾ ਵਾਲੇ ਗੀਤਾਂ ਦਾ ਵਧਣਾ ਸਮਾਜ ਦੇ ਬਿਮਾਰ ਹੋਣ ਦੀ ਨਿਸ਼ਾਨੀ ਹੈ। ਡਾ: ਢਿੱਲੋਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਦੀਆਂ ਕੁਰੀਤੀਆਂ ਤੇ ਬਾਜ਼ ਅੱਖ ਰੱਖਣ ਅਤੇ ਇਨ੍ਹਾਂ ਦੀ ਨਿਵਿਰਤੀ ਲਈ ਯਤਨਸ਼ੀਲ ਹੋ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਨਾਂ ਚਮਕਾਉਣ। ਡਾ: ਢਿੱਲੋਂ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਸਮਾਜਿਕ ਬੁਰਾਈਆਂ ਦੇ ਖਿਲਾਫ ਕਵਿਤਾਵਾਂ ਦੀ ਇਕ ਕਿਤਾਬ ਤਿਆਰ ਕੀਤੀ ਜਾ ਰਹੀ ਹੈ ਜਿਸ ਨੂੰ ਪੜ੍ਹ ਕੇ ਸਾਡੇ ਵਿਦਿਆਰਥੀ ਅਤੇ ਸਮੂਹ ਪੰਜਾਬੀ ਯਕੀਨਨ ਲਾਭ ਉਠਾਉਣਗੇ। ਡਾ: ਢਿੱਲੋਂ ਨੂੰ ਇਸ ਮੌਕੇ ਵਿਦਿਆਰਥੀ ਭਲਾਈ ਡਾਇਰੈਕਟੋਰੇਟ ਵੱਲੋਂ ਸਨਮਾਨਿਤ ਕੀਤਾ ਗਿਆ।
ਯੁਵਕ ਮੇਲੇ ਦੇ ਦੂਜੇ ਸੈਸ਼ਨ ਦੀ ਪ੍ਰਧਾਨਗੀ ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਚੇਅਰਮੈਨ ਡਾ: ਗੁਰਚਰਨ ਸਿੰਘ ਕਾਲਕਟ ਸਾਬਕਾ ਵਾਈਸ ਚਾਂਸਲਰ ਪੀ ਏ ਯੂ ਨੇ ਕੀਤੀ। ਡਾ: ਕਾਲਕਟ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਅਸ਼ੀਰਵਾਦ ਦਿੱਤੀ। ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ: ਦਵਿੰਦਰ ਸਿੰਘ ਚੀਮਾ ਨੇ ਮੁੱਖ ਮਹਿਮਾਨਾਂ ਲਈ ਸੁਆਗਤੀ ਸ਼ਬਦ ਕਹੇ ਜਦ ਕਿ ਰਜਿਸਟਰਾਰ ਡਾ: ਰਾਜ ਕੁਮਾਰ ਮਹੇ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਉੱਘੇ ਲੋਕ ਗਾਇਕ ਮੁਹੰਮਦ ਸਦੀਕ, ਅਖਤਰ ਅਲੀ ਮਤੋਈ ਅਤੇ ਸੰਗੀਤ ਨਿਰਦੇਸ਼ਕ ਕੰਵਰ ਇਕਬਾਲ ਨੇ ਸੰਗੀਤ ਮੁਕਾਬਲਿਆਂ ਅਤੇ ਨਾਚ ਮੁਕਾਬਲਿਆਂ ਲਈ ਸ਼੍ਰੀਮਤੀ ਅਰੁਣਾ ਵਰਮਾ, ਪ੍ਰੋਫੈਸਰ ਪੂਨਮ ਸ਼ਰਮਾ ਅਤੇ ਮਿਸ ਹਰਪ੍ਰੀਤ ਜੌਹਲ ਨੇ ਨਿਰਣਾਇਕਾਂ ਦੀ ਭੂਮਿਕਾ ਨਿਭਾਈ। ਲੋਕ ਗਾਇਕ ਮੁਹੰਮਦ ਸਦੀਕ ਇਸ ਮੌਕੇ ਆਪਣਾ ਗੀਤ ‘ਸਾਰੇ ਦੁੱਖ ਭੁੱਲ ਜਾਣਗੇ ਨਹੀਂ ਭੁੱਲਣਾ ਵਿਛੋੜਾ ਮੈਨੂੰ ਤੇਰਾ’ ਗਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ।
 ਸਭਿਆਚਾਰ ਕਾਫਲਾ ਮੁਕਾਬਲੇ ਵਿੱਚ ਕਾਲਜ ਆਫ ਹੋਮ ਸਾਇੰਸ ਪਹਿਲੇ, ਖੇਤੀਬਾੜੀ ਕਾਲਜ ਦੂਜੇ ਅਤੇ ਬੇਸਿਕ ਸਾਇੰਸਜ਼ ਕਾਲਜ ਤੀਸਰੇ ਸਥਾਨ ਤੇ ਰਿਹਾ। ਲੋਕ ਗੀਤ ਮੁਕਾਬਲਾ ਖੇਤੀਬਾੜੀ ਇੰਜੀਨੀਅਰਿੰਗ ਕਾਲਜ ਦੇ ਸੁਮੇਰ ਸਿੰਘ ਔਲਖ ਨੇ ਜਿੱਤਿਆ ਜਦ ਕਿ ਇਸੇ ਕਾਲਜ ਦੇ ਹਨੀ ਦੀਪ ਸਿੰਘ ਦੂਜੇ ਸਥਾਨ ਤੇ ਰਹੇ। ਹੋਮ ਸਾਇੰਸ ਕਾਲਜ ਦੀ ਸੁਮਿਤਾ ਭੱਲਾ ਨੂੰ ਤੀਸਰਾ ਸਥਾਨ ਮਿਲਿਆ।  ਸਿਰਜਣਾਤਮਕ ਨਾਚ ਮੁਕਾਬਲਾ ਖੇਤੀਬਾੜੀ ਕਾਲਜ ਦੀ ਮਿਸ ਰੁਪੀਤ ਗਿੱਲ ਨੇ ਪਹਿਲਾ ਸਥਾਨ ਲੈ ਕੇ ਜਿੱਤਿਆ ਜਦ ਕਿ ਬੇਸਿਕ ਸਾਇੰਸਜ਼ ਕਾਲਜ ਦੀ ਅੰਕਿਸ਼ਾ ਗਰੋਵਰ ਦੂਸਰੇ ਅਤੇ ਖੇਤੀਬਾੜੀ ਇੰਜੀਨੀਅਰਿੰਗ ਕਾਲਜ ਦੀ ਕਿਰਨ ਸ਼ਰਮਾ ਤੀਸਰੇ ਸਥਾਨ ਤੇ ਰਹੀ।
ਇਸ ਤੋਂ ਇਲਾਵਾ ਯੁਵਕ ਮੇਲੇ ਦੇ ਛੇਵੇਂ ਦਿਨ ਸ਼ਬਦ ਗਾਇਨ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਗ੍ਰਹਿ ਵਿਗਿਆਨ ਕਾਲਜ ਦੀ ਸੁਮਿਤਾ ਭੱਲਾ ਨੇ ਪਹਿਲਾ ਸਥਾਨ ਹਾਸਿਲ ਕੀਤਾ ਜਦ ਕਿ ਦੂਜੇ ਸਥਾਨ ਤੇ ਖੇਤੀਬਾੜੀ ਕਾਲਜ ਦਾ ਜਸਵੰਤ ਸਿੰਘ ਰਿਹਾ। ਗਰੁੱਪ ਗਾਇਨ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਗ੍ਰਹਿ ਵਿਗਿਆਨ ਕਾਲਜ ਨੇ ਹਾਸਿਲ ਕੀਤਾ ਜਦ ਕਿ ਦੂਜਾ ਸਥਾਨ ਖੇਤੀਬਾੜੀ ਇੰਜੀਨੀਅਰਿੰਗ ਕਾਲਜ ਨੇ ਹਾਸਿਲ ਕੀਤਾ। ਕੁਇਜ਼ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਬੇਸਿਕ ਸਾਇੰਸਜ਼ ਕਾਲਜ ਦੀ ਟੀਮ ਨੇ ਹਾਸਿਲ ਕੀਤਾ ਜਦ ਕਿ ਦੂਸਰਾ ਸਥਾਨ ਖੇਤੀਬਾੜੀ ਕਾਲਜ ਦੀ ਟੀਮ ਨੇ ਹਾਸਿਲ ਕੀਤਾ। ਇਸ ਮੁਕਾਬਲੇ ਵਿੱਚ ਤੀਸਰਾ ਸਥਾਨ ਹੋਮ ਸਾਇੰਸ ਦੀ ਟੀਮ ਨੇ ਪ੍ਰਾਪਤ ਕੀਤਾ। ਇਸ ਸੈਸ਼ਨ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ: ਮੁਖਤਾਰ ਸਿੰਘ ਗਿੱਲ ਨੇ ਕੀਤੀ।

Translate »