ਬਠਿੰਡਾ – ਬਠਿੰਡਾ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਸਿਵਲ ਹਸਪਤਾਲ ਬਠਿੰਡਾ ਦਾ ਅਚਨਚੇਤ ਦੌਰਾ ਕੀਤਾ ਅਤੇ ਉਥੇ ਦਾਖ਼ਲ ਡੇਂਗੂ ਤੋਂ ਪੀੜਤ ਮਰੀਜ਼ਾਂ ਦਾ ਹਾਲਚਾਲ ਪੁੱਛਿਆ ਅਤੇ ਉਨ੍ਹਾਂ ਦੇ ਚੱਲ ਰਹੇ ਇਲਾਜ ਸਬੰਧੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਇਸ ਦੌਰਾਨ ਇਲਾਜ ‘ਚ ਪੇਸ਼ ਆ ਰਹੀਆਂ ਕਮੀਆਂ ਦਾ ਸਖ਼ਤ ਨੋਟਿਸ ਲੈਂਦਿਆਂ ਸੰਬੰਧਿਤ ਡਾਕਟਰਾਂ ਨੂੰ ਹਦਾਇਤਾਂ ਕੀਤੀਆਂ ਕਿ ਉਹ ਇਲਾਜ ‘ਚ ਕੋਈ ਢਿੱਲ ਨਾ ਵਰਤਣ। ਬੀਬੀ ਹਰਸਿਮਰਤ ਨੇ ਕਿਹਾ ਕਿ ਉਨ੍ਹਾਂ ਨੇ ਇਹ ਗੱਲ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆ ਦਿੱਤੀ ਹੈ ਅਤੇ ਮੁੱਖ ਮੰਤਰੀ ਨੂੰ ਵੀ ਇਸ ਸਬੰਧੀ ਰਿਪੋਰਟ ਦਿੱਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਬਿਮਾਰੀ ਪ੍ਰਤੀ ਖੁਦ ਜਾਗਰੂਕ ਹੋਣ ਅਤੇ ਆਪਣੇ ਘਰਾਂ ਦੀ ਸਫ਼ਾਈ ਵੱਲ ਪੂਰਾ ਧਿਆਨ ਦੇਣ ਤਾਂ ਜੋ ਡੇਂਗੂ ਪੈਦਾ ਹੀ ਨਾ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਘਰਾਂ ਵਿਚ ਕੂਲਰਾਂ ਵਿਚੋਂ ਪਾਣੀ ਨੂੰ ਜਮ੍ਹਾ ਨਾ ਹੋਣ ਦਿੱਤਾ ਜਾਵੇ ਕਿਉਂਕਿ ਇਸ ਨਾਲ ਡੇਂਗੂ ਦਾ ਲਾਰਵਾ ਪੈਦਾ ਹੁੰਦਾ ਹੈ ਜੋ ਕਿ ਇਕ ਸਾਲ ਤੱਕ ਜਿਊਂਦਾ ਰਹਿ ਸਕਦਾ ਹੈ। ਉਨ੍ਹਾਂ ਹਸਪਤਾਲ ਦੇ ਵੱਖ-ਵੱਖ ਵਾਰਡਾਂ ਅਤੇ ਬਲੱਡ ਬੈਂਕ ਦਾ ਜਾਇਜ਼ਾ ਵੀ ਲਿਆ। ਇਸ ਮੌਕੇ ਉਚ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਹਸਪਤਾਲ ਦੇ ਵੱਖ-ਵੱਖ ਵਿਭਾਗਾਂ ਦੇ ਡਾਕਟਰ ਮੌਜੂਦ ਸਨ।