ਕਿਤਾਬਾਂ ਪੇਸ਼ ਕਰਨ ਦੀ ਅੰਤਿਮ ਤਾਰੀਖ 31 ਮਾਰਚ, 2012 ਮਿੱਥੀ
ਟਰਾਂਟੋ (ਜੰਜੂਆ) – ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ, ਕਲਮ ਲੈਂਗੂਏਜ਼ ਡਿਵੈਲਪਮੈਂਟ ਫਾਉਂਡੇਸ਼ਨ ਇੰਟਰਨੇਸ਼ਨਲ ਨੇ ਸਾਲ 2010 ਅਤੇ 2011 ਦਰਮਿਆਨ ਪ੍ਰਕਾਸ਼ਿਤ ਹੋਈਆਂ ਨਾਵਲਾਂ ਅਤੇ ਲਘੂ ਕਥਾਵਾਂ ਦੀਆਂ ਕਿਤਾਬਾਂ ਵਿੱਚੋਂ ਸਰਵਉੱਤਮ ਕਿਤਾਬਾਂ ਲਈ ਇਨਾਮ ਦਾ ਐਲਾਨ ਕੀਤਾ ਹੈ। ਇਨਾਮ ਕ੍ਰਮਵਾਰ 100,000 ਰੁਪਏ (ਪਹਿਲਾਂ ਇਨਾਮ), 50,000 ਰੁਪਏ (ਦੂਸਰਾ ਇਨਾਮ) ਅਤੇ, 25,000 ਰੁਪਏ (ਤੀਸਰਾ ਇਨਾਮ) ਹੋਣਗੇ। ਪਿਛਲੇ ਸਾਲ 100,000 ਰੁਪਏ ਦਾ ਪਹਿਲਾਂ ਇਨਾਮ ਸ਼੍ਰੀ ਜਾਹਿਦ ਇਕਬਾਲ ਨੂੰ ਲਾਹੌਰ ਦੇ "ਪੰਜਾਬ ਇੰਸਟੀਚਿਊਟ ਆਫ਼ ਲੈਂਗੂਏਜ਼ ਐਂਡ ਆਰਟਸ" ਵਿਖੇ ਆਜੋਜਿਤ ਇੱਕ ਵਿਸ਼ੇਸ਼ ਸਮਾਰੋਹ ਦੌਰਾਨ ਉਨ੍ਹਾਂ ਦੀ ਖੋਜ "ਹੀਰ ਵਾਰਿਸ ਵਿਚ ਮਿਲਾਵਟੀ ਸ਼ੇਅਰਾਂ ਦਾ ਵੇਰਵਾ" ਲਈ ਦਿੱਤਾ ਗਿਆ ਸੀ। ਇਸ ਸਾਲ ਲਈ ਸਾਹਿਤਕਾਰਾਂ ਵਲੋਂ ਆਪਣੀਆਂ ਕਿਤਾਬਾਂ ਪੇਸ਼ ਕਰਨ ਦੀ ਅੰਤਿਮ ਤਾਰੀਖ 31 ਮਾਰਚ, 2012 ਮਿੱਥੀ ਗਈ ਹੈ।