ਡੀ.ਏ. ਦਾ ਨਗਦ ਭੁਗਤਾਨ ਪਹਿਲੀ ਨਵੰਬਰ ਤੋਂ
ਚੰਡੀਗੜ੍ਹ – ਪੰਜਾਬ ਸਰਕਾਰ ਨੇ ਅੱਜ ਆਪਣੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਦੀਵਾਲੀ ਦਾ ਤੋਹਫਾ ਦਿੰਦਿਆਂ ਮਹਿੰਗਾਈ ਭੱਤੇ (ਡੀ.ਏ.) ਦੀ 7 ਫੀਸਦੀ ਕਿਸ਼ਤ ਨੂੰ ਜਾਰੀ ਕਰਨ ਦਾ ਐਲਾਨ ਕੀਤਾ। ਰਾਜ ਸਰਕਾਰ ਨੇ ਆਪਣੇ ਮੁਲਾਜ਼ਮਾਂ ਲਈ ਵੀ ਕੇਂਦਰੀ ਮੁਲਾਜ਼ਮਾਂ ਨੂੰ ਮਿਲਣ ਵਾਲੇ ਮਹਿੰਗਾਈ ਭੱਤੇ ਦੀ ਤਰਜ਼ ‘ਤੇ ਪਹਿਲੀ ਜੁਲਾਈ, 2011 ਤੋਂ ਮਹਿੰਗਾਈ ਭੱਤਾ 51 ਫੀਸਦੀ ਤੋਂ ਵਧਾ ਕੇ 58 ਫੀਸਦੀ ਵਾਧਾ ਕੀਤਾ।
ਇਸ ਗੱਲ ਦੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਡੀ.ਏ. ਦੀ ਅਦਾਇਗੀ ਸਬੰਧੀ ਫਾਈਲ ਨੂੰ ਬੀਤੀ ਦੇਰ ਸ਼ਾਮ ਹਰੀ ਝੰਡੀ ਦੇ ਦਿੱਤੀ। ਮਹਿੰਗਾਈ ਭੱਤੇ ਵਿੱਚ 7 ਫੀਸਦੀ ਦਾ ਵਾਧਾ ਕਰਨ ਨਾਲ ਸਰਕਾਰੀ ਖਜ਼ਾਨੇ ‘ਤੇ ਚਾਲੂ ਵਿੱਤੀ ਸਾਲ ਦੇ ਰਹਿੰਦੇ ਸਮੇਂ ਦੌਰਾਨ 445 ਕਰੋੜ ਰੁਪਏ ਦਾ ਬੋਝ ਪਵੇਗਾ।
ਬੁਲਾਰੇ ਨੇ ਅੱਗੇ ਦੱਸਿਆ ਕਿ 31 ਅਕਤੂਬਰ, 2011 ਤੱਕ ਦਾ ਬਣਦਾ ਬਕਾਇਆ ਮੁਲਾਜ਼ਮਾਂ ਦੇ ਜੀ.ਪੀ.ਐਫ. ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤਾ ਜਾਵੇਗਾ ਅਤੇ ਪਹਿਲੀ ਨਵੰਬਰ, 2011 ਤੋਂ ਇਸ ਦਾ ਨਗਦ ਭੁਗਤਾਨ ਕੀਤਾ ਜਾਵੇਗਾ।