October 23, 2011 admin

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਯੁਵਕ ਮੇਲੇ ਦੇ ਸ਼ਬਦ ਗਾਇਨ ਮੁਕਾਬਲਿਆਂ ਵਿਚ ਹੋਮ ਸਾਇੰਸ ਕਾਲਜ ਦੀ ਸਰਦਾਰੀ ਕਾਇਮ

ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਚ ਹੋ ਰਹੇ ਇੰਟਰ ਕਾਲਜ ਯੁਵਕ ਮੇਲੇ ਦੇ ਦੂਜੇ ਦਿਨ ਗਰੁੱਪ ਸ਼ਬਦ ਮੁਕਾਬਲਿਆਂ ਵਿਚ ਪਹਿਲਾ ਅਤੇ ਵਿਅਕਤੀਗਤ ਸ਼ਬਦ ਗਾਇਨ ਵਿਚ ਵੀ ਹੋਮ ਸਾਇੰਸ ਕਾਲਜ ਦੀ ਸੁਮਿਤਾ ਭੱਲਾ ਨੇ ਪਹਿਲਾ ਸਥਾਨ ਹਾਸਲ ਕਰਕੇ ਸ਼ਬਦ ਗਾਇਨ ਮੁਕਾਬਲਿਆਂ ਵਿਚ ਕਾਲਜ ਨੂੰ ਸਰਵੋਤਮ ਬਣਾਇਆ ਹੈ। ਗਰੁੱਪ ਸ਼ਬਦ ਮੁਕਾਬਲਿਆਂ ਵਿਚ ਖੇਤੀਬਾੜੀ ਇੰਜ: ਅਤੇ ਤਕਨਾਲੋਜੀ ਕਾਲਜ ਨੂੰ ਦੂਜਾ ਅਤੇ ਖੇਤੀਬਾੜੀ ਕਾਲਜ ਨੂੰ ਤੀਜਾ ਸਥਾਨ ਮਿਲਿਆ। ਵਿਅਕਤੀਗਤ ਸ਼ਬਦ ਗਾਇਨ ਮੁਕਾਬਲਿਆਂ ਵਿਚ ਖੇਤੀਬਾੜੀ ਕਾਲਜ ਦਾ ਜਸਵੰਤ ਸਿੰਘ ਦੂਜੇ ਅਤੇ ਖੇਤੀਬਾੜੀ ਇੰਜ: ਅਤੇ ਤਕਨਾਲੋਜੀ ਵਿਭਾਗ ਦੀ ਸੁਨੰਦਾ ਤੀਸਰੇ ਸਥਾਨ ਤੇ ਰਹੀ। ਇਨ੍ਹਾਂ ਮੁਕਾਬਲਿਆਂ ਦੀ ਪ੍ਰਧਾਨਗੀ ਕਰਦਿਆਂ ਨਿਰਦੇਸ਼ਕ ਪ੍ਰਸਾਰ ਸਿੱਖਿਆ ਡਾ. ਮੁਖਤਾਰ ਸਿੰਘ ਗਿੱਲ ਨੇ ਕਿਹਾ ਕਿ ਗੁਰਬਾਣੀ ਸ਼ਬਦ ਗਾਇਨ ਜ਼ਿੰਦਗੀ ਦਾ ਅਧਾਰ ਬਣਾਉਣਾ ਚਾਹੀਦਾ ਹੈ, ਸਿਰਫ਼ ਮੁਕਾਬਲਿਆਂ ਤੀਕ ਸੀਮਤ ਨਹੀਂ ਰਹਿਣਾ ਚਾਹੀਦਾ, ਸਗੋਂ ਆਪਣੀ ਸ਼ਖਸੀਅਤ ਦੇ ਉਸਾਰ ਲਈ ਇਸ ਨੂੰ ਨਿੱਤ ਵਰਤੋਂ ‘ਚ ਸ਼ਾਮਲ ਕਰਨਾ ਚਾਹੀਦਾ ਹੈ। ਡਾ. ਗਿੱਲ ਨੇ ਆਖਿਆ ਕਿ ਮਨੁੱਖ ਨੂੰ ਅੱਜ ਸਭ ਤੋਂ ਵੱਧ ਸਹਿਜ ਦੀ ਲੋੜ ਹੈ ਅਤੇ ਭਟਕਣ ਤੋਂ ਬਚਣ ਲਈ ਗੁਰਬਾਣੀ ਸੰਗੀਤ ਸਾਡੀ ਵੱਡੀ ਧਿਰ ਬਣਦਾ ਹੈ। ਇਨ੍ਹਾਂ ਮੁਕਾਬਲਿਆਂ ਦੇ ਨਿਰਣਾਇਕਾਂ ਵਿਚ ਪੰਜਾਬੀ ਫਿਲਮ ਸਤਿ ਸ਼੍ਰੀ ਅਕਾਲ ਦੇ ਸੰਗੀਤ ਨਿਰਦੇਸ਼ਕ ਸ. ਰਵਿੰਦਰ ਸਿੰਘ ਵਿੰਕਲ ਤੋਂ ਇਲਾਵਾ ਜਵੱਦੀ ਟਕਸਾਲ ਦੇ ਅਧਿਆਪਕ ਸਹਿਬਾਨ ਵੀ ਸ਼ਾਮਲ ਸਨ।
ਯੁਵਕ ਮੇਲੇ ਵਿਚ ਪ੍ਰਸ਼ਨੋਤਰੀ ਮੁਕਾਬਲਿਆਂ ਦਾ ਉਦਘਾਟਨ ਕਰਦਿਆਂ ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ. ਰਜਿੰਦਰ ਸਿੰਘ ਸਿੱਧੂ ਨੇ ਆਖਿਆ ਕਿ ਗਿਆਨ-ਵਿਗਿਆਨ ਦੀ ਨਿਰੰਤਰ ਪ੍ਰਾਪਤੀ ਕਰਨੀ ਚਾਹੀਦੀ ਹੈ, ਕਿਉਂਕਿ ਸਾਰੀ ਜ਼ਿੰਦਗੀ ਵਿਦਿਆਰਥੀ ਬਣ ਕੇ ਜ਼ਿੰਦਗੀ ਦਾ ਅਸਲ ਇਮਤਿਹਾਨ ਪਾਸ ਕੀਤਾ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਬੜੀ ਅਮੀਰ ਰਵਾਇਤ ਹੈ ਅਤੇ ਅਨੇਕਾਂ ਪ੍ਰਸ਼ਾਸਨਿਕ ਅਧਿਕਾਰੀ, ਵਿਗਿਆਨੀ, ਖਿਡਾਰੀ ਅਤੇ ਕੁਸ਼ਲ ਸਮਾਜ ਸੇਵਕ ਇਸ ਯੂਨੀਵਰਸਿਟੀ ਦੇ ਪੜੇ ਹੋਏ ਹਨ। ਉਨ੍ਹਾਂ ਆਖਿਆ ਕਿ ਸਰਬੱਤ ਦਾ ਭਲਾ ਸਿਖਾਉਣ ਵਾਲੇ ਇਹ ਯੁਵਕ ਮੇਲੇ ਵੱਡਾ ਕਲਾਸ-ਰੂਮ ਬਣ ਜਾਂਦੇ ਹਨ। ਪ੍ਰਸ਼ਨੋਤਰੀ ਮੁਕਾਬਲਿਆਂ ਵਿਚ ਕਾਲਜ ਬੇਸਿਕ ਸਾਇੰਸਜ਼ ਪਹਿਲੇ, ਖੇਤੀਬਾੜੀ ਕਾਲਜ ਦੂਜੇ ਅਤੇ ਕਾਲਜ ਆਫ ਹੋਮ ਸਾਇੰਸ ਤੀਸਰੇ ਸਥਾਨ ਤੇ ਰਿਹਾ। ਸ੍ਰੀਮਤੀ ਸੰਧਿਆ ਮਹਿਤਾ, ਸ. ਹਰਪਾਲ ਸਿੰਘ ਮਾਂਗਟ ਅਤੇ ਡਾ. ਇਕਬਾਲ ਕੌਰ ਖਾਲਸਾ ਕਾਲਜ ਫਾਰ ਵੂਮੈਨ ਲੁਧਿਆਣਾ ਨੇ ਨਿਰਣਾਇਕ ਦੀ ਭੂਮਿਕਾ ਨਿਭਾਈ। ਸ਼ਾਮ ਦੇ ਮੁਕਾਬਲਿਆਂ ਵਿਚ ਮੋਨੋ ਐਕਟਿੰਗ, ਮਾਈਮ ਅਤੇ ਸਕਿੱਟਾਂ ਸ਼ਾਮਲ ਸਨ। ਦੂਰਦਰਸ਼ਨ ਕੇਂਦਰ ਪਟਿਆਲਾ ਦੇ ਇੰਚਾਰਜ ਡਾ. ਲਖਵਿੰਦਰ ਜੌਹਲ, ਪ੍ਰਸਿੱਧ ਨਾਟਕ ਨਿਰਦੇਸ਼ਕ ਅਤੇ ਲੇਖਕ ਡਾ. ਸਾਹਿਬ ਸਿੰਘ ਅਤੇ ਬਲਰਾਮ ਕੇ ਅਧਾਰਿਤ ਨਿਰਣਾਇਕ ਮੰਡਲ ਨੇ ਮੁਕਾਬਲਿਆਂ ਦੀ ਜੱਜਮੈਂਟ ਕੀਤੀ। ਇਸ ਬੈਠਕ ਦੇ ਮੁੱਖ ਮਹਿਮਾਨ ਡੀਨ ਪੋਸਟ ਗਰੈਜੂਏਟ ਸਟੱਡੀਜ਼ ਡਾ. ਗੁਰਸ਼ਰਨ ਸਿੰਘ ਸਨ। ਡਾ. ਗੁਰਸ਼ਰਨ ਸਿੰਘ ਨੇ ਇਨ੍ਹਾਂ ਮੁਕਾਬਲਿਆਂ ਦੇ ਪ੍ਰਤੀਯੋਗੀਆਂ ਨੂੰ ਆਪਣੇ ਤੋਂ ਪਹਿਲੇ ਕਲਾਕਾਰਾਂ ਡਾ. ਕੇਸ਼ਵ ਰਾਮ ਸ਼ਰਮਾ, ਜਸਵਿੰਦਰ ਭੱਲਾ, ਬਾਲ ਮੁਕੰਦ ਸ਼ਰਮਾ, ਡਾ. ਅਨਿਲ ਸ਼ਰਮਾ ਅਤੇ ਹੋਰ ਕਲਾਕਾਰਾਂ ਦੇ ਪੈਰ ਚਿੰਨ੍ਹਾਂ ਤੇ ਚੱਲਣ ਦੀ ਪ੍ਰੇਰਣਾ ਦਿੱਤਾ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਦਵਿੰਦਰ ਸਿੰਘ ਚੀਮਾ ਨੇ ਆਏ ਮਹਿਮਾਨਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕੀਤੇ ਅਤੇ ਸਵਾਗਤੀ ਸ਼ਬਦ ਵੀ ਕਹੇ। ਉਨ੍ਹਾਂ ਦੱਸਿਆ ਕਿ ਅੱਜ ਦੀਆਂ ਨਾਟਕ ਪੇਸ਼ਕਾਰੀਆਂ ਇਸ ਯੂਨੀਵਰਸਿਟੀ ਦੇ ਨਾਟਕਾਂ ਦੀ ਜ਼ਿੰਦਜਾਨ ਰਹੇ ਅਧਿਆਪਕ ਡਾ. ਕੇਸ਼ਵ ਰਾਮ ਸ਼ਰਮਾ ਦੀ ਯਾਦ ਨੂੰ ਸਮਰਪਿਤ ਕੀਤੇ ਗਏ ਹਨ। ਡਾ. ਕੇਸ਼ਵ ਰਾਮ ਸ਼ਰਮਾ ਦੀ ਤਸਵੀਰ ਨੂੰ ਡਾ. ਗੁਰਸ਼ਰਨ ਸਿੰਘ, ਡਾ. ਨੀਲਮ ਗਰੇਵਾਲ ਡੀਨ ਕਾਲਜ ਹੋਮ ਸਾਇੰਸ ਅਤੇ ਹੋਰ ਅਧਿਕਾਰੀਆਂ ਨੇ ਫੁੱਲ ਪੱਤੀਆਂ ਭੇਂਟ ਕਰਕੇ ਸ਼ਰਧਾਂਜਲੀ ਦਿੱਤੀ।
ਯੁਵਕ ਮੇਲੇ ਦੇ ਆਰਗੇਨਾਈਜ਼ਿੰਗ ਸੈਕਟਰੀ ਡਾ. ਨਿਰਮਲ ਜੌੜਾ ਨੇ ਦੱਸਿਆ ਕਿ ਕੱਲ੍ਹ ਸ਼ਾਮ 4 ਵਜੇ ਤੋਂ ਓਪਨ ਏਅਰ ਥੀਏਟਰ ਵਿਚ ਨਾਟਕ ਮੁਕਾਬਲੇ ਕਰਵਾਏ ਜਾਣਗੇ। ਇਹ ਮੁਕਾਬਲੇ ਪ੍ਰਸਿੱਧ ਨਾਟਕਕਾਰ ਸਵ: ਗੁਰਸ਼ਰਨ ਸਿੰਘ ਉਰਫ ਭਾਈ ਮੰਨਾ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀ ਅਤੇ ਐਸ ਐਸ ਪੀ ਬਰਨਾਲਾ ਸ. ਗੁਰਪ੍ਰੀਤ ਸਿੰਘ ਤੂਰ ਕਰਨਗੇ।

Translate »