ਅੰਮ੍ਰਿਤਸਰ – ਫੁੱਟਬਾਲ ਦੇ ਇਕ ਬਹੁੱਤ ਹੀ ਦਿਲਚਸਪ ਮੁਕਾਬਲੇ ਵਿੱਚ ਪੁਲਿਸ ਡੀ.ਏ.ਵੀ. ਪਬਲਿਕ ਸਕੂਲ, ਅੰਮ੍ਰਿਤਸਰ ਨੇ ਦੋ ਰੋਜਾ ਸਹੋਦਿਆ ਇੰਟਰ ਸਕੂਲ ਫੁੱਟਬਾਲ ਟੂਰਨਾਮੈਂਟ ਦੇ ਫਾਈਨਲ ਵਿੱਚ ਜਿੱਤ ਹਾਸਲ ਕਰਕੇ ਟਰਾਫੀ ਆਪਣੇ ਨਾਮ ਕਰ ਲਈ ਜਦਕਿ ਮੇਜ਼ਬਾਨ ਖਾਲਸਾ ਕਾਲਜ ਪਬਲਿਕ ਸਕੂਲ ਰਨਰਅਪ ਰਿਹਾ। ਖਾਲਸਾ ਕਾਲਜ ਪਬਲਿਕ ਸਕੂਲ ਦੇ ਹਰੇ-ਭਰੇ ਖੇਡ ਮੈਦਾਨ ਵਿੱਚ ਇੱਕ ਬਹੁਤ ਹੀ ਨਜ਼ਦੀਕੀ ਮੁਕਾਬਲੇ ਦੌਰਾਨ ਦੋਵੇਂ ਟੀਮਾਂ ਨੇ ਇੱਕ ਬੇਹੱਦ ਹੀ ਵਧੀਆ ਖੇਡ ਦਾ ਮੁਜ਼ਾਹਰਾ ਕੀਤਾ।
ਖਾਲਸਾ ਕਾਲਜ ਪਬਲਿਕ ਸਕੂਲ ਦੀ ਪ੍ਰਿੰਸੀਪਲ, ਡਾ. ਸਰਵਜੀਤ ਬਰਾੜ ਨੇ ਕਿਹਾ ਕਿ ਇਸ ਟੂਰਨਾਮੈਂਟ ਵਿੱਚ ਸੀ.ਬੀ.ਐਸ.ਸੀ. ਸਕੂਲਾਂ ਦੀਆਂ 16 ਟੀਮਾਂ ਨੇ ਹਿੱਸਾ ਲਿਆ। ਜੇਤੂ ਟੀਮਾਂ ਨੂੰ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਇਨਾਮਵੰਡ ਪ੍ਰੋਗਰਾਮ ਵਿੱਚ ਇਨਾਮ ਤਕਸੀਮ ਕੀਤੇ ਗਏ ਅਤੇ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਡ ਵਿਭਾਗ ਦੇ ਡਾਇਰੈਕਟਰ, ਡਾ. ਕੰਵਲਜੀਤ ਸਿੰਘ ਨੇ ਕੀਤੀ।
ਸਹੋਦਿਆ ਸਕੂਲ ਕੰਪਲੈਕਸ, ਅੰਮ੍ਰਿਤਸਰ ਦੇ ਪ੍ਰਧਾਨ, ਧਰਮਵੀਰ ਸਿੰਘ ਨੇ ਖਾਲਸਾ ਕਾਲਜ ਪਬਲਿਕ ਸਕੂਲ ਦੁਆਰਾ ਮੇਜ਼ਬਾਨੀ ਨੂੰ ਖੂਬ ਸਲਾਹਿਆ ਅਤੇ ਇਸ ਕਾਮਯਾਬ ਟੂਰਨਾਮੈਂਟ ਵਾਸਤੇ ਮੈਨੇਜਮੈਂਟ ਦਾ ਧੰਨਵਾਦ ਵੀ ਕੀਤਾ।