October 23, 2011 admin

ਪੰਜਾਬ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦਾ ਹਾਲ ਹਿਸਾਰ ਵਾਲਾ ਹੋਵੇਗਾ- ਮਜੀਠੀਆ

– ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਜੰਮਕੇ ਆਲੋਚਨਾ
– ‘ਤੀਜੇ ਫਰੰਟ ਦਾ ਪੰਜਾਬ ‘ਚ ਕੋਈ ਆਧਾਰ ਨਹੀਂ’

ਲੁਧਿਆਣਾ – ਯੂਥ ਅਕਾਲੀ ਦਲ ਦੇ ਪ੍ਰਧਾਨ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਪੰਜਾਬ ਕਾਂਗਰਸ ਵੱਲੋਂ ਕੱਢੀ ਜਾਣ ਵਾਲੀ ਯਾਤਰਾ ਕਾਂਗਰਸ ਪਾਰਟੀ ਦੀ ਅੰਤਿਮ ਯਾਤਰਾ ਹੋਵੇਗੀ ਕਿਉਂ ਕਿ ਜਿਸ ਤਰ੍ਹਾਂ ਦਾ ਹਾਲ ਕਾਂਗਰਸ ਪਾਰਟੀ ਦਾ ਹਿਸਾਰ ਲੋਕ ਸਭਾ ਦੀ ਜ਼ਿਮਨੀ ਚੋਣ ‘ਚ ਹੋਇਆ ਹੈ, ਉਹੀਂ ਹਾਲ 2012 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਵੀ ਹੋਵੇਗਾ।
              ਸਥਾਨਕ ਸਰਾਭਾ ਨਗਰ ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਸਵ. ਬਸੰਤ ਸਿੰਘ ਖਾਲਸਾ ਸਾਬਕਾ ਸੰਸਦ ਮੈਂਬਰ ਦੀ 15ਵੀਂ ਸਾਲਾਨਾ ਬਰਸੀਂ ਮੌਕੇ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਨ ਤੋਂ ਬਾਅਦ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦਾ ਜਵਾਬ ਦਿੰਦਿਆ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਹਰਿਆਣਾ, ਆਂਧਰਾ ਪ੍ਰਦੇਸ਼ ਅਤੇ ਮਹਾਂਰਾਸ਼ਟਰ ‘ਚ ਕਾਂਗਰਸ ਦੀਆਂ ਸਰਕਾਰਾਂ ਹੋਣ ਦੇ ਬਾਵਜੂਦ ਵੋਟਰਾਂ ਨੇ ਜ਼ਿਮਨੀ ਚੋਣਾਂ ‘ਚ ਕਾਂਗਰਸ ਦਾ ਡੱਬਾ ਗੋਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦਰਅਸਲ ਲੋਕ ਕਾਂਗਰਸ ਪਾਰਟੀ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਡਾਢੇ ਔਖੇ ਹਨ ਅਤੇ ਮਹਿੰਗਾਈ, ਭ੍ਰਿਸ਼ਟਾਚਾਰੀ, ਬੇਰੁਜ਼ਗਾਰੀ ਤੇ ਸੌੜੀ ਸੋਚ ਵਾਲੀ ਰਾਜਨੀਤੀ ਕਾਰਣ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ ਸਰਕਾਰ ਦੀ ਸਾਖ ਬੁਰੀ ਤਰ੍ਹਾਂ ਡਿੱਗ ਚੁੱਕੀ ਹੈ।

ਉਨ੍ਹਾਂ ਕਿਹਾ ਕਿ ਜਦੋਂ-ਜਦੋਂ ਦੇਸ਼ ‘ਚ ਕਾਂਗਰਸ ਦੀ ਸਰਕਾਰ ਬਣੀ ਹੈ, ਉਦੋਂ-ਉਦੋਂ ਆਮ ਲੋਕਾਂ ਦਾ ਜੀਣਾ ਮੁਹਾਲ ਹੋਇਆ ਹੈ। ਇਸ ਮੌਕੇ ਇਕ ਪੱਤਰਕਾਰ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਵਿਧਾਇਕ ਮਜੀਠੀਆ ਨੇ ਕਿਹਾ ਕਿ ਕਾਂਗਰਸੀ ਆਪਣੀਆਂ ਜੇਬਾਂ ਭਰਨ ਨੂੰ ਤਵੱਜੋਂ ਪਹਿਲਾਂ ਦਿੰਦੇ ਹਨ, ਦੇਸ਼ ਦੇ ਭਲੇ ਨਾਲ ਇਨ੍ਹਾਂ ਨੂੰ ਕਈ ਲੈਣਾ-ਦੇਣਾ ਨਹੀਂ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨੀ ਦਾ ਕਚੂੰਮਰ ਕੱਢਕੇ ਰੱਖ ਦਿੱਤਾ ਹੈ। ਖਾਦਾਂ ਅਤੇ ਖੇਤਾਂ ‘ਚ ਪੈਣ ਵਾਲੀਆਂ ਦਵਾਈਆਂ ਦੇ ਭਾਅ ਹੱਦੋਂ ਵੱਧ ਵਧਾ ਦਿਤੇ ਹਨ ਜਦਕਿ ਫਸਲਾਂ ਦੇ ਘੱਟੋ-ਘੱਟ ਸਮੱਰਥਨ ਮੁੱਲ ‘ਚ ਨਿਗੂਣਾ ਜਿਹਾ ਵਾਧਾ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹੀ ਵਜ੍ਹਾਂ ਹੈ ਕਿ ਸ੍ਰੀ ਅੰਨਾ ਹਜ਼ਾਰੇ ਦੀ ਮੁਹਿੰਮ ਨੂੰ ਦੇਸ਼ ਭਰ ‘ਚੋਂ ਭਰਵਾਂ ਹੁੰਗਾਰਾ ਮਿਲਿਆ ਹੈ ਕਿਉਂ ਕਿ ਜਨਤਾ ਕੇਂਦਰ ਸਰਕਾਰ ਦੀਆਂ ਨੀਤੀਆਂ, ਮਹਿੰਗਾਈ ਅਤੇ ਭ੍ਰਿਸ਼ਟਾਚਾਰੀ ਤੋਂ ਅੱਕ ਚੁੱਕੀ ਸੀ।
ਪੰਜਾਬ ‘ਚ ਕੁਝ ਪਾਰਟੀਆਂ ਵੱਲੋਂ ਮਿਲਕੇ ਬਣਾਏ ਗਏ ਤੀਜੇ ਫਰੰਟ ਬਾਰੇ ਆਪਣਾ ਪ੍ਰਤੀਕਰਮ ਦਿੰਦਿਆਂ ਸ. ਮਜੀਠੀਆ ਨੇ ਕਿਹਾ ਕਿ ਜਨਤਾ ਵੱਲੋਂ ਨਕਾਰੇ ਹੋਏ ਆਗੂਆਂ ਵੱਲੋਂ ਬਣਾਏ ਇਸ ਫਰੰਟ ਦਾ ਪੰਜਾਬ ‘ਚ ਕੋਈ ਆਧਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਫਰੰਟ ‘ਚ ਸਾਰੇ ਹਾਰੇ ਹੋਏ ਆਗੂ, ਪਾਰਟੀਆਂ ‘ਚੋਂ ਭਗੌੜਾ ਲੋਕ ਅਤੇ ਪਿੱਠ ‘ਚ ਛੁਰਾ ਮਾਰਨ ਵਾਲੇ ਲੋਕ ਇਕੱਠੇ ਹਨ ਜਿਨ੍ਹਾਂ ਦੀ ਕਾਰਗੁਜ਼ਾਰੀ ਸਿਫਰ ਹੈ ਅਤੇ ਅਵਾਮ ਪਹਿਲਾਂ ਹੀ ਇਨ੍ਹਾਂ ਨੂੰ ਨਕਾਰ ਚੁੱਕੀ ਹੈ। ਇਸ ਮੌਕੇ ਸਵ. ਬਸੰਤ ਸਿੰਘ ਖਾਲਸਾ ਦੀ ਜੀਵਨੀ ‘ਤੇ ਤਿਆਰ ਕੀਤੀ ਜਾਣ ਵਾਲੀ ਇਕ ਡਾਕੂਮੈਂਟਰੀ ਫਿਲਮ ‘ਕੌਮ ਦਾ ਹੀਰਾ’ ਦਾ ਪੋਸਟਰ ਵੀ ਬਿਕਰਮ ਸਿੰਘ ਮਜੀਠੀਆ ਵੱਲੋਂ ਜਾਰੀ ਕੀਤਾ ਗਿਆ।
ਇਸ ਤੋਂ ਪਹਿਲਾਂ ਸਾਬਕਾ ਸੰਸਦ ਮੈਂਬਰ, ਸਾਬਕਾ ਮੰਤਰੀ, ਸਾਬਕਾ ਮੈਂਬਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼ਰੋਮਣੀ ਅਕਾਲੀ ਦਲ ਦੇ ਲੰਬਾ ਸਮਾਂ ਜਨਰਲ ਸਕੱਤਰ ਰਹੇ ਸਵ. ਬਸੰਤ ਸਿੰਘ ਖਾਲਸਾ ਦੇ 15ਵੇਂ ਬਰਸੀ ਸਮਾਗਮ ਮੌਕੇ ਆਪਣੀ ਸ਼ਰਧਾ ਭੇਂਟ ਕਰਦਿਆਂ ਸ. ਮਜੀਠੀਆ ਨੇ ਸਵ. ਖਾਲਸਾ ਦੀਆਂ ਪੰਥ ਅਤੇ ਪਾਰਟੀ ਪ੍ਰਤੀ ਕੀਤੀਆਂ ਸੇਵਾਵਾਂ ਲਈ ਸ਼ਲਾਘਾ ਕੀਤੀ। ਇਸ ਮੌਕੇ ਸਵ. ਖਾਲਸਾ ਵੱਲੋਂ ਐਮਰਜੈਂਸੀ ਦੌਰਾਨ ਨਿਭਾਈ ਸੇਵਾ ਨੂੰ ਜੇਲ੍ਹ ਤੇ ਸੈਰ ਸਪਾਟਾ ਮੰਤਰੀ ਜੱਥੇਦਾਰ ਹੀਰਾ ਸਿੰਘ ਗਾਬੜੀਆ ਨੇ ਯਾਦ ਕੀਤਾ। ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ ਦੇ ਚੇਅਰਮੈਨ ਸ. ਸ਼ਰਨਜੀਤ ਸਿੰਘ ਢਿੱਲੋਂ ਨੇ ਵੀ ਸਵ. ਬਸੰਤ ਸਿੰਘ ਖਾਲਸਾ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ, ਪੰਜਾਬ ਵਪਾਰ ਬੋਰਡ ਦੇ ਚੇਅਰਮੈਨ ਬਾਬਾ ਅਜੀਤ ਸਿੰਘ, ਵਾਈਸ ਚੇਅਰਮੈਨ ਮਦਨ ਲਾਲ ਬੱਗਾ, ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਹਰੀਸ਼ ਰਾਏ ਢਾਂਡਾ, ਜ਼ਿਲ੍ਹਾ ਪ੍ਰਸ਼ੀਦ ਦੇ ਚੇਅਰਮੈਨ ਮਨਪ੍ਰੀਤ ਸਿੰਘ ਇਆਲੀ, ਸਾਬਕਾ ਸੰਸਦ ਮੈਂਬਰ ਗੁਰਚਰਨ ਸਿੰਘ ਗਾਲਿਬ ਤੇ ਅਮਰੀਕ ਸਿੰਘ ਆਲੀਵਾਲ, ਮੇਅਰ ਹਾਕਮ ਸਿੰਘ ਗਿਆਸਪੁਰਾ, ਸ਼ਰੋਮਣੀ ਕਮੇਟੀ ਮੈਂਬਰ ਜਗਜੀਤ ਸਿੰਘ ਤਲਵੰਡੀ ਤੇ ਕੰਵਲਇੰਦਰ ਸਿੰਘ ਠੇਕੇਦਾਰ, ਪੰਜਾਬ ਯੋਜਨਾ ਬੋਰਡ ਦੇ ਵਾਈਸ ਚੇਅਰਮੈਨ ਪ੍ਰੋ. ਰਾਜਿੰਦਰ ਭੰਡਾਰੀ, ਉੱਪ ਮੁੱਖ ਮੰਤਰੀ ਦੇ ਰਾਜਸੀ ਸਕੱਤਰ ਪ੍ਰੇਮ ਮਿੱਤਲ, ਮਾਰਕਿਟ ਕਮੇਟੀ ਲੁਧਿਆਣਾ ਦੇ ਚੇਅਰਮੈਨ ਇੰਦਰਮੋਹਨ ਸਿੰਘ ਕਾਦੀਆ, ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਮਨਿੰਦਰ ਪਾਲ ਸਿੰਘ ਸੰਨੀ ਜੌਹਰ, ਅਮਰਜੀਤ ਸਿੰਘ ਭਾਟੀਆ, ਜਤਿੰਦਰ ਪਾਲ ਸਿੰਘ ਸਲੂਜਾ, ਪੰਜਾਬ ਰਾਜ ਉਦਯੋਗ ਵਿਕਾਸ ਨਿਗਮ ਦੇ ਡਾਇਰੈਕਟਰ ਮਨਜੀਤ ਸਿੰਘ ਖਾਲਸਾ, ਗੁਰਮੀਤ ਸਿੰਘ ਕੁਲਾਰ, ਸੁਰਿੰਦਰ ਸਿੰਘ ਚੌਹਾਨ, ਬਲਜਿੰਦਰ ਸਿੰਘ ਪਨੇਸਰ, ਜੇਲ੍ਹ ਵਿਜ਼ਟਰ ਕੁਲਵਿੰਦਰ ਸਿੰਘ ਦਹੀ ਆਦਿ ਹਾਜ਼ਰ ਸਨ।

Translate »