*2010-11 ਸੈਸ਼ਨ ਦੌਰਾਨ ਇੰਜਨੀਅਰਿੰਗ ਤੇ ਬਹੁਤਕਨੀਕੀ ਕਾਲਜਾਂ ਦੇ 15367 ਵਿਦਿਆਰਥੀਆਂ ਦੀ ਹੋਈ ਪਲੇਸਮੈਂਟ
*ਪੇਸ਼ੇਵਾਰ ਸਿੱਖਿਆ ਨੂੰ ਹੁਲਾਰਾ ਦੇਣ ਲਈ ਪਲੇਸਮੈਂਟ ‘ਤੇ ਦਿੱਤਾ ਜ਼ੋਰ
*ਵਿਭਾਗ ਦੇ ਯਤਨਾਂ ਸਦਕਾ ਪਲੇਸਮੈਂਟ ਵਿੱਚ ਹੋਇਆ ਵਾਧਾ
ਚੰਡੀਗੜ੍ਹ – ਪੰਜਾਬ ਸਰਕਾਰ ਸੂਬੇ ਵਿੱਚ ਤਕਨੀਕੀ ਸਿੱਖਿਆ ਨੂੰ ਪ੍ਰਫੁੱਲਤ ਕਰਨ ਅਤੇ ਪਸਾਰ ਕਰਨ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ ਜਿਸ ਤਹਿਤ ਉਨ੍ਹਾਂ ਦਾ ਪ੍ਰਮੁੱਖ ਤੌਰ ‘ਤੇ ਧਿਆਨ ਪਲੇਸਮੈਂਟ ‘ਤੇ ਕੇਂਦਰਿਤ ਹੈ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਪੇਸ਼ੇਵਾਰ ਸਿੱਖਿਆ ਪ੍ਰਤੀ ਉਤਸ਼ਾਹਤ ਕੀਤਾ ਜਾਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਕਰਦਿਆਂ ਤਕਨੀਕੀ ਸਿੱਖਿਆ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਬੀਤੇ ਸੈਸ਼ਨ 2010-11 ਵਿੱਚ ਪੰਜਾਬ ਦੇ ਇੰਜਨੀਅਰਿੰਗ ਕਾਲਜਾਂ ਤੇ ਬਹੁਤਕਨੀਕੀ ਕਾਲਜਾਂ ਵਿੱਚੋਂ 15367 ਵਿਦਿਆਰਥੀਆਂ ਦੀ ਪਲੇਸਮੈਂਟ ਹੋਈ ਹੈ ਅਤੇ ਚਾਲੂ ਸੈਸ਼ਨ 2011-12 ਵਿੱਚ ਪਲੇਸਮੈਂਟ 20 ਹਜ਼ਾਰ ਤੋਂ ਵਧਾਉਣ ਦਾ ਟੀਚਾ ਹੈ। ਗੌਰਤਲਬ ਹੈ ਕਿ 2009-10 ਸੈਸ਼ਨ ਵਿੱਚ ਪਲੇਸਮੈਂਟ ਦੀ ਇਹੋ ਗਿਣਤੀ ਮਹਿਜ਼ 9953 ਸੀ।
ਸ੍ਰੀ ਜਿਆਣੀ ਨੇ ਦੱਸਿਆ ਕਿ ਤਕਨੀਕੀ ਸਿੱਖਿਆ ਵਿਭਾਗ ਦਾ ਟੀਚਾ ਵੱਧ ਤੋਂ ਵੱਧ ਪਲੇਸਮੈਂਟ ਕਰਵਾਉਣਾ ਹੈ ਜਿਸ ਲਈ ਵਿਭਾਗ ਵੱਲੋਂ ਨਿਰੰਤਰ ਰੁਜ਼ਗਾਰ ਮੇਲੇ ਲਗਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਵਿਭਾਗਾਂ ਦੇ ਇਨ੍ਹਾਂ ਯਤਨਾਂ ਦਾ ਹੀ ਸਿੱਟਾ ਹੈ ਕਿ ਹਰ ਸਾਲ ਪਲੇਸਮੈਂਟ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਧਦੀ ਜਾਂਦੀ ਹੈ। 2009-10 ਵਿੱਚ ਪੰਜਾਬ ਦੇ ਇੰਜਨੀਅਰਿੰਗ ਕਾਲਜਾਂ ਵਿੱਚੋਂ 6505 ਵਿਦਿਆਰਥੀਆਂ ਦੀ ਪਲੇਸਮੈਂਟ ਹੋਈ ਸੀ ਅਤੇ 2010-11 ਵਿੱਚ 7367 ਵਿਦਿਆਰਥੀਆਂ ਦੀ ਪਲੇਸਮੈਂਟ ਹੋਈ। ਇਸੇ ਤਰ੍ਹਾਂ 2009-10 ਵਿੱਚ ਬਹੁਤਕਨੀਕੀ ਕਾਲਜਾਂ ਤੇ ਆਈ.ਟੀ.ਆਈਜ਼ ਵਿਚੋਂ 3448 ਵਿਦਿਆਰਥੀਆਂ ਦੀ ਪਲੇਸਮੈਂਟ ਹੋਈ ਸੀ ਅਤੇ 2010-11 ਸੈਸ਼ਨ ਵਿੱਚ ਪਲੇਸਮੈਂਟ ਦੀ ਗਿਣਤੀ ਵੱਧ ਕੇ 8000 ਤੱਕ ਪਹੁੰਚ ਗਈ।
ਤਕਨੀਕੀ ਸਿੱਖਿਆ ਮੰਤਰੀ ਸ੍ਰੀ ਜਿਆਣੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਪੇਸ਼ੇਵਾਰ ਸਿੱਖਿਆ ਨੂੰ ਮਕਬੂਲ ਕਰਨ ਲਈ ਉਪਰਾਲੇ ਕਰ ਰਹੀ ਹੈ ਅਤੇ ਇਸੇ ਲਈ ਉਨ੍ਹਾਂ ਪਲੇਸਮੈਂਟ ਨੂੰ ਮੁੱਖ ਸਹਾਰਾ ਬਣਾਇਆ ਹੈ ਜਿਸ ਨਾਲ ਵੱਧ ਤੋਂ ਵੱਧ ਵਿਦਿਆਰਥੀ ਖਿੱਚੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਨੂੰ ਠੱਲ੍ਹਣ ਲਈ ਪੇਸ਼ੇਵਾਰ ਸਿੱਖਿਆ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਤਕਨੀਕੀ ਸਿੱਖਿਆ ਵਿਭਾਗ ਵੱਲੋਂ ਆਉਂਦੇ ਸਮੇਂ ਵਿੱਚ ਹੋਰ ਰੁਜ਼ਗਾਰ ਮੇਲੇ ਲਾਉਣ ਦਾ ਫੈਸਲਾ ਕੀਤਾ ਗਿਆ ਹੈ ਅਤੇ ਇਸ ਲਈ ਵੱਧ ਤੋਂ ਵੱਧ ਨਵੀਆਂ ਕੰਪਨੀਆਂ ਨੂੰ ਬੁਲਾਇਆ ਜਾਵੇਗਾ।