*ਆਉਂਦੇ ਕੁਝ ਮਹੀਨਿਆਂ ਦੌਰਾਨ ਲਗਭਗ 8 ਕਰੋੜ ਰੁਪਏ ਖਰਚੇ ਜਾਣ ਦੀ ਯੋਜਨਾ
ਚੰਡੀਗੜ੍ਹ- ਪੰਜਾਬ ਸਰਕਾਰ ਨੇ ਸੂਬੇ ਅੰਦਰ ਬਾਗਬਾਨੀ ਨੂੰ ਉਤਸ਼ਾਹਿਤ ਕਰਨ ਲਈ 50 ਤੋਂ 70 ਫੀਸਦੀ ਤੱਕ ਸਹਾਇਤਾ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ ਜਿਸ ਤਹਿਤ ਆਉਂਦੇ ਕੁਝ ਮਹੀਨਿਆਂ ਦੌਰਾਨ ਲਗਭਗ 8 ਕਰੋੜ ਰੁਪਏ ਖਰਚੇ ਜਾਣ ਦੀ ਯੋਜਨਾ ਬਣਾਈ ਗਈ ਹੈ। ਇਹ ਪ੍ਰਗਟਾਵਾ ਖੇਤੀ ਬਾੜੀ ਮੰਤਰੀ ਪੰਜਾਬ ਸ. ਸੁੱਚਾ ਸਿੰਘ ਲੰਗਾਹ ਨੇ ਕੀਤਾ ਹੈ।
ਸ. ਲੰਗਾਹ ਨੇ ਦੱਸਿਆ ਕਿ ਸਰਕਾਰ ਨੇ ‘ਡਾਇਵਰਸੀਫਿਕੇਸ਼ਨ ਆਫ ਐਗਰੀਕਲਚਰ ਥਰੂ ਡਿਵੈਲਪਮੈਂਟ ਆਫ ਹਾਰਟੀਕਲਚਰ’ ਸਕੀਮ ਬਣਾਈ ਹੈ, ਜਿਸ ਅਧੀਨ ਅਗਲੇ ਕੁਝ ਮਹੀਨਿਆਂ ਦੌਰਾਨ ਲਗਭਗ 2 ਕਰੋੜ ਰੁਪਏ ਖਰਚੇ ਜਾਣ ਦੀ ਯੋਜਨਾ ਹੈ । ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ 10 ਸਰਕਾਰੀ ਫਾਰਮਾਂ ਵਿੱਚ ਆਲੂਆਂ ਅਤੇ ਸਬਜ਼ੀਆਂ ਦਾ ਬੀਜ ਤਿਆਰ ਕਰਕੇ ਸੂਬੇ ਦੇ ਕਿਸਾਨਾਂ ਨੂੰ ਵਾਜਬ ਰੇਟ ਤੇ ਦਿੱਤਾ ਜਾਵੇਗਾ ਅਤੇ ਇਸ ਤੋਂ ਇਲਾਵਾ 27 ਸਰਕਾਰੀ ਨਰਸਰੀਆਂ ਵਿਚ ਫਲਦਾਰ ਪੌਦੇ ( ਆੜੂ, ਨਾਖ, ਕਿਨੂੰ, ਅੰਬ, ਲੀਚੀ) ਤਿਆਰ ਕਰਕੇ ਬਾਗਬਾਨਾਂ ਨੂੰ 50 ਫੀਸਦੀ ਸਹਾਇਤਾ ਤੇ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਸਹਾਇਤਾ ਪ੍ਰਤੀ ਬਾਗਬਾਨ 1200 ਰੁਪਏ ਪ੍ਰਤੀ ਏਕੜ ਅਤੇ ਵੱਧ ਤੋਂ ਵੱਧ 5 ਏਕੜਾਂ ਵਾਸਤੇ 6 ਹਜ਼ਾਰ ਰੁਪਏ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਸਰਕਾਰ ਦੀਆਂ ‘ਟਰਾਂਸਮਿਸ਼ਨ ਆਫ ਟੈਕਨਾਲੋਜੀ ਥਰੂ ਐਕਸ਼ਟੈਨਸ਼ਨ’ ਅਤੇ ‘ ਡੈਮੋਸਟਰੇਸ਼ਨ ਐਂਡ ਟ੍ਰੇਨਿੰਗ ਇੰਨ ਹਾਰਟੀਕਲਚਰ ਪਰੈਟਿਸਜ਼’ ਸਕੀਮਾਂ ਅਧੀਨ ਲਗਭਗ 30 ਲੱਖ ਰੁਪਏ ਆਉਂਦੇ ਕੁਝ ਮਹੀਨਿਆਂ ਵਿਚ ਖਰਚੇ ਜਾਣ ਦੀ ਯੋਜਨਾ ਹੈ । ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਸੂਬੇ ਦੇ ਸਬਜ਼ੀ ਉਤਪਾਦਕਾਂ ਨੂੰ 4 ਹਜ਼ਾਰ ਰੁਪਏ ਪ੍ਰਤੀ ਸਬਜ਼ੀ ਉਤਪਾਦਕ ਕਿਚਨ ਗਾਰਡਨ ਦੇ ਤੌਰ ਤੇ ਇਕ ਮਰਲੇ ਵਿਚ 5*4 ਮੀਟਰ ਦਾ ਨੈਟ ਹਾਊਸ ਬਨਾਉਣ ਲਈ ਸਹਾਇਤਾ ਵਜੋਂ ਦਿੱਤੇ ਜਾਣਗੇ ਤਾਂ ਜੋ ਛੋਟੇ ਤੋਂ ਛੋਟਾ ਕਿਸਾਨ ਵੀ ਇਸ ਸਕੀਮ ਦਾ ਲਾਭ ਉਠਾ ਸਕੇ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਬਾਗਬਾਨੀ ਅਤੇ ਸਬਜ਼ੀਆਂ ਦੀ ਪੈਦਾਵਾਰ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡ, ਬਲਾਕ ਅਤੇ ਜਿਲ੍ਹਾ ਪੱਧਰੀ ਸਿਖਲਾਈ ਕੈਂਪ ਵੀ ਲਾਏ ਜਾਣਗੇ।
ਸ. ਲੰਗਾਹ ਨੇ ਦੱਸਿਆ ਕਿ ‘ਡੈਮੋਟਰੇਸ਼ਨ ਕਮ ਫਰੂਟ ਪ੍ਰੀਜ਼ਰਵੇਸ਼ਨ ਲੈਬਾਟਰੀਜ਼ ਐਂਡ ਕਮਿਊਨਿਟੀ ਕੇਨਿੰਗ ਸੈਂਟਰਜ਼’ ਸਕੀਮ ਅਧੀਨ 10 ਲੱਖ ਰੁਪਏ ਆਉਂਦੇ ਕੁਝ ਮਹੀਨਿਆਂ ਵਿਚ ਖਰਚੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਵਿਭਾਗ ਦੀਆਂ 6 ਲੈਬਾਰਟੀਆਂ ਹੁਸ਼ਿਆਰਪੁਰ, ਪਟਿਆਲਾ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਅਤੇ ਅਬੋਹਰ ਵਿਚ ਅਚਾਰ, ਮੁਰੱਬਾ ਅਤੇ ਚਟਨੀ ਤਿਆਰ ਕਰਕੇ ਲੋਕਾਂ ਨੂੰ ਵਾਜਬ ਰੇਟ ਤੇ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਕਮਿਊਨਿਟੀ ਕੇਨਿੰਗ ਸੈਂਟਰ ਅਤੇ ਇਨ੍ਹਾਂ ਲੈਬਾਰਟੀਆਂ ਵਿੱਚ ਕਿਸਾਨਾਂ, ਸੁਆਣੀਆਂ ਅਤੇ ਸਕੂਲ ਦੇ ਬੱਚਿਆਂ ਨੂੰ ਸੁਕੈਸ਼, ਅਚਾਰ, ਮੁਰੱਬਾ ਅਤੇ ਚਟਨੀ ਬਨਾਉਣ ਦੀ ਸਿਖਲਾਈ ਵੀ ਦਿੱਤੀ ਜਾਵੇਗੀ।
ਸ. ਲੰਗਾਹ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ‘ਸਟਰੈਂਥਨਿੰਗ ਆਫ ਸਿਟਰਸ ਅਸਟੇਟਸ’ ਤੇ ‘ਕੈਟਾਲਿਟਕ ਡਿਵੈਲਪਮੈਂਟ’ ਸਕੀਮਾਂ ਅਧੀਨ ਕ੍ਰਮਵਾਰ 500 ਲੱਖ ਅਤੇ 30 ਲੱਖ ਰੁਪਏ ਖਰਚੇ ਜਾਣ ਦੀ ਯੋਜਨਾ ਵੀ ਵਿਚਾਰ ਅਧੀਨ ਹੈ ਜਿਸ ਤਹਿਤ ਅਬੋਹਰ ਅਤੇ ਟਾਹਲੀਵਾਲ ਜੱਟਾਂ (ਫਿਰੋਜ਼ਪੁਰ), ਭੂੰਗਾ ਅਤੇ ਛਾਉਣੀ ਕਲਾਂ (ਹੁਸ਼ਿਆਰਪੁਰ) ਅਤੇ ਬਾਦਲ ( ਸ੍ਰੀ ਮੁਕਤਸਰ ਸਾਹਿਬ) ਪੰਜ ਸਿਟਰਸ ਅਸਟੇਟਾਂ ਵਿਚ ਨਿੰਬੂ ਜਾਤੀ ਦੇ ਫਲਾਂ ਦੀ ਗੁਣਵੱਤਾ ਅਤੇ ਪੈਦਾਵਾਰ ਨੂੰ ਵਧਾਇਆ ਜਾਵੇਗਾ ਅਤੇ ਇਸ ਤੋਂ ਇਲਾਵਾਂ ਅਬੋਹਰ ਅਤੇ ਛਾਉਣੀ ਕਲਾਂ ਵਿਖੇ ਪੱਤਾ ਵਿਸ਼ਲੇਸ਼ਣ ਲੈਬਾਟਰੀਆਂ ਅਤੇ ਪੋਲੀ ਕਲੀਨਿਕ ਸਥਾਪਿਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ‘ਕੈਟਾਲਿਟਕ ਡਿਵੈਲਪਮੈਂਟ’ ਸਕੀਮ ਅਧੀਨ ਰੋਪੜ, ਹੋਸ਼ਿਆਰਪੁਰ, ਗੁਰਦਾਸਪੁਰ ਅਤੇ ਪਠਾਨਕੋਟ ਦੇ ਨੀਮ ਪਹਾੜੀ ਇਲਾਕਿਆਂ ਵਿਚ ਚਲਾਈ ਜਾ ਰਹੀ ਹੈ ਜਿਸ ਤਹਿਤ ਰੇਸ਼ਮ ਦੇ ਕੀੜੇ ਪਾਲਣ, ਲੋੜੀਂਦਾ ਸਾਜੋ ਸਮਾਨ ਖਰੀਦਣ ਅਤੇ ਸ਼ਹਿਤੂਤਾਂ ਦੇ ਬੂਟੇ ਲਗਾਉਣ ਅਤੇ ਸਾਂਭ ਸੰਭਾਲ ਲਈ 50 ਤੋਂ 75 ਫੀਸਦੀ ਸਹਾਇਤਾ ਮੁਹੱਇਆ ਕਰਾਉਣ ਦੀ ਵਿਵਸਥਾ ਹੈ।