October 23, 2011 admin

ਨਗਰ ਨਿਗਮ ਲੁਧਿਆਣਾ ਬੁਕਸ ਮਾਰਕਿਟ ਦਾ ਨਾਮ ਪ੍ਰੋ: ਮੋਹਨ ਸਿੰਘ ਮਾਰਕਿਟ ਰੱਖੇਗੀ : ਗਿਆਸਪੁਰਾ

ਲੁਧਿਆਣਾ – ਜੱਸੋਵਾਲ ਚੈਰੀਟੇਬਲ ਟਰਸੱਟ ਅਤੇ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਫਾਊਨਡੇਸ਼ਨ ਵੱਲੋਂ ਸਥਾਨਕ ਪੱਖੋਵਾਲ ਸੜਕ ਤੇ ਸਥਿਤ ਪਾਲਮ ਵਿਹਾਰ ਵਿੱਚ ਉਸਾਰੇ ਗਏ ਪੰਜਾਬੀ ਵਿਰਾਸਤ ਭਵਨ ਵਿਖੇ ਉਘੇ ਕਲਾਕਾਰ ਸ. ਅਵਨਿੰਦਰ ਸਿੰਘ ਗਰੇਵਾਲ ਵੱਲੋਂ ਭੇਂਟ ਕੀਤੀਆਂ ਪੰਜਾਬੀ ਵਿਰਸੇ ਨਾਲ ਸਬੰਧਤ ਕਲਾਕਿਰਤਾਂ ਸਥਾਪਤ ਕੀਤੀਆਂ ਗਈਆਂ । ਭਵਨ ਦੇ ਵਿਹੜੇ ਵਿਚ ਇੱਕ ਸ਼ਾਨਦਾਰ ਸਮਾਗਮ ਦੌਰਾਨ ਗੈਰੀ ਆਰਟਸ ਚੰਡੀਗੜ੍ਹ ਦੇ ਮਾਲਕ ਸ.ਗਰੇਵਾਲ ਨੇ ਕਿਹਾ ਕਿ ਇਹ ਭਵਨ ਵਿੱਚ ਉਹਨਾਂ ਦੀਆਂ ਕਲਾਕ੍ਰਿਤਾ ਦੀਆਂ ਸਾਰਥਿਕਤਾ ਵਧੇਗੀ ਅਤੇ ਲੋਕ ਇਹਨਾਂ ਦਾ ਆਨੰਦ ਮਾਣ ਸਕਣਗੇਂ । ਸਮਾਗਮ ਦੀ ਪ੍ਰਧਾਨਗੀ ਕਰਦਿਆਂ ਜਗਦੇਵ ਸਿੰਘ  ਜੱਸੋਵਾਲ ਨੇ ਕਿਹਾ ਕਿ ਪੰਜਾਬੀ ਬੋਲੀ, ਸਭਿਆਚਾਰ ਅਤੇ ਲੋਕ ਸੰਮੀਤ ਨੂੰ ਸਾਂਭਣ ਲਈ ਇਸ ਭਵਨ ਦੀ ਉਸਾਰੀ ਕੀਤੀ ਗਈ ਹੈ । ਇਸ ਭਵਨ ਵਿੱਚ ਲੋਕ ਸਾਹਿਤ ਦੀ ਲਾਇਬ੍ਰੇਰੀ, ਲੋਕ ਸੰਗੀਤ ਦੀ ਲਾਇਬ੍ਰੇਰੀ, ਖੁਲਾ ਰੰਗਮੰਚ ਪਹਿਲਾਂ ਹੀ ਸਥਾਪਤ ਹੈ ਅਤੇ ਸ. ਗਰੇਵਾਲ ਦੀਆਂ ਸਭਿਆਚਾਰਕ ਕਲਾਂ ਕ੍ਰਿਤਾਂ ਨੇ ਸਾਡੇ ਉਦੇਸ਼ ਨੂੰ ਪੂਰਾ ਕੀਤਾ ਹੈ । ਸ. ਜੱਸੋਵਾਲ ਨੇ ਕਿਹਾ ਕਿ ਉਹ ਇਸ ਭਵਨ ਨੂੰ ਪੰਜਾਬ ਦੇ ਸਭਿਆਚਾਰਕ ਅਜਾਇਬਘਰ ਵੱਲੋਂ ਸਥਾਪਤ ਕਰਨਗੇ । ਸ. ਜੱਸੋਵਾਲ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਪੁਰਾਣੀਆਂ ਹੀ ਵਿਰਾਸਤੀ ਨਿਸ਼ਾਨੀਆਂ ਨਸ਼ਟ ਨਾ ਕਰਨ ਸਗੋਂ ਇਸ ਭਵਨ ਲਈ ਦਾਨ ਦੇ ਰੂਪ ਦੇਣ ਤਾਂ ਕਿ ਆਉਣ ਵਾਲੀਂਆ ਪੀੜੀਆ ਲਈ ਆਪਣੀ ਵਿਰਾਸਤ ਨੂੰ ਸਾਂਭ ਕੇ ਰੱਖਿਆ ਜਾ ਸਕੇ ।
ਨਗਰ ਨਿਗਮ ਲੁਧਿਆਣਾ ਦੇ ਮੇਅਰ ਸ. ਹਾਕਮ ਸਿੰਘ ਗਿਆਸਪੁਰਾ ਨੇ ਮੋਹਨ ਸਿੰਘ ਫਾਊਡੇਸ਼ਨ ਦੇ ਸਕੱਤਰ ਜਨਰਲ ਪ੍ਰੋ: ਗੁਰਭਜਨ ਗਿੱਲ ਦੀ ਬੇਨਤੀ ਪ੍ਰਵਾਨ ਕਰਦਿਆਂ ਐਲਾਨ ਕੀਤਾ ਕਿ ਲੁਧਿਆਣਾ ਦੀ ਬੁਕਸ ਮਾਰਕਿਟ ਦਾ ਨਾਮ ਪ੍ਰੋ: ਮੋਹਨ ਸਿੰਘ ਮਾਰਕਿਟ ਰੱਖਿਆ ਜਾਵੇਗਾ ਅਤੇ ਨਗਰ ਨਿਗਮ ਵਲੋਂ ਸਥਾਪਿਤ ਕੀਤੀ ਜਾ ਰਹੀ ਲਾਇਬ੍ਰੇਰੀ ਦਾ ਨਾਮ ਸਾਹਿਰ ਲੁਧਿਆਣਵੀ ਅਤੇ ਪ੍ਰੋ: ਮੋਹਨ ਸਿੰਘ ਦੇ ਨਾਮ ਤੇ ਸਾਂਝੇ ਤੌਰ ਤੇ ਸਾਹਿਰ-ਮਾਹਿਰ ਲਾਇਬ੍ਰੇਰੀ ਰੱਖਿਆ ਜਾਵੇਗਾ। ਉਨ੍ਹਾਂ ਆਖਿਆ ਕਿ ਆਰਤੀ ਸਿਨੇਮਾ ਨੇੜੇ ਪ੍ਰੋ: ਮੋਹਨ ਸਿੰਘ ਚੌਂਕ ਨੂੰ ਕਿਸੇ ਇਸ਼ਤਿਹਾਰਬਾਜ਼ੀ ਲਈ ਨਹੀਂ ਵਰਤਣ ਦਿੱਤਾ ਜਾਵੇਗਾ। ਉਨ੍ਹਾਂ ਆਖਿਆ ਕਿ ਇਸ ਥਾਂ ਲੱਗੇ ਬੁੱਤ ਨੂੰ ਵੀ ਫਾਊਡੇਸ਼ਨ ਵੱਡਾ ਕਰਨਾ ਚਾਹੇ ਤਾਂ ਉਸ ਵਿਚ ਵੀ ਤਕਨੀਕੀ ਮਦਦ ਦਿੱਤੀ ਜਾਵੇਗੀ। ਸ. ਅਵਨਿੰਦਰ ਸਿੰਘ ਗਰੇਵਾਲ ਨੇ ਪੇਸ਼ਕਸ਼ ਕੀਤੀ ਕਿ ਉਹ ਪ੍ਰੋ: ਮੋਹਨ ਸਿੰਘ ਦਾ ਬੁੱਤ ਤਿਆਰ ਕਰਕੇ ਅਗਲੇ ਮੇਲੇ ਤੋਂ ਪਹਿਲਾ ਇਸ ਚੌਂਕ ‘ਚ ਸਥਾਪਿਤ ਕਰਨਗੇ।
ਉਘੇ ਸਮਾਜ ਸੇਵਕ ਸ. ਹਰਦਿਆਲ ਸਿੰਘ ਅਮਨ ਨੇ ਆਪਣੇ ਵੱਲੋਂ ਸ. ਜਸੋਵਾਲ ਅਤੇ ਸ. ਅਵਨਿੰਦਰ ਸਿੰਘ ਗਰੇਵਾਲ ਦਾ ਸਨਮਾਨ ਕੀਤਾ । ਪੰਜਾਬ ਹਾਉਸਫੈਡ ਦੇ ਸਾਬਕਾ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਪ੍ਰੋ: ਨਿਰੰਜਣ ਤਸਨੀਮ, ਸਰਦਾਰ ਪੰਛੀ, ਪ੍ਰੋ : ਗੁਰਭਜਨ ਗਿਲ, ਅਮਰਿੰਦਰ ਜੱਸੋਵਾਲ, ਜਗਜਿੰਦਰ ਲਲਤੋਂ, ਪ੍ਰਿਥੀਪਾਲ ਸਿੰਘ ਬਟਾਲਾ, ਸੁਰਿੰਦਰਪਾਲ ਸਿੰਘ ਬਿੰਦਰਾ, ਜਨਾਬ ਮੁਹੰਮਦ ਸਦੀਕ ਤੋਂ ਇਲਾਵਾ ਕਈ ਹੋਰ ਵਿਅਤਕੀਆਂ ਨੇ ਵੀ ਆਪਣੇ ਵਿਚਾਰ ਰਖੇ । ਸਵਾਗਤੀ ਸ਼ਬਦਾਂ ਦੌਰਾਨ ਸ. ਪਰਗਟ ਸਿੰਘ ਗਰੇਵਾਲ ਨੇ ਕਿਹਾ ਕਿ ਆਧੁਨਿਕਤਾ ਦੇ ਯੁਗ ਵਿੱਚ ਸਭਿਆਚਾਰ ਨੂੰ ਸੰਭਾਲਣਾ ਜਿਆਦਾ ਮਹਤਵਪੂਰਨ ਹੈ । ਟਰਸੱਟ ਦੇ ਚੇਅਰਮੈਨ ਮਾਸਟਰ ਸਾਧੂ ਸਿੰਘ ਗਰੇਵਾਲ ਨੇ ਕਿਹਾ ਕਿ ਵਿਰਾਸਤੀ ਵਸਤਾਂ ਦਾਨ ਕਰਨ ਵਾਲੇ ਦਾਨੀਆਂ ਨੂੰ ਟਰਸੱਟ ਵੱਲੋਂ ਵਿਸ਼ੇਸ਼ ਸਮਾਗਮ ਕਰਕੇ ਸਨਮਾਨਤ ਕੀਤਾ ਜਾਵੇਗਾ । ਇਸ ਮੌਕੇ ਫਾਊਨਡੇਸ਼ਨ ਅਤੇ ਟਰਸੱਟ ਦੇ ਅਹੁਦੇਦਾਰਾਂ ਵਿੱਚ ਸ. ਜਗਪਾਲ ਸਿੰਘ ਖੰਗੂੜਾ, ਗੁਰਭਜਨ ਗਿੱਲ, ਹਰਦਿਆਲ ਸਿੰਘ ਅਮਨ, ਨਿਰਮਲ ਜੋੜਾ, ਗੁਰਨਾਮ ਸਿੰਘ ਧਾਲੀਵਾਲ, ਇਕਬਾਲ ਸਿੰਘ ਰੁੜਕਾ, ਸੋਹਣ ਸਿੰਘ ਆਰੇਵਾਲਾ, ਗੁਰਦਿਆਲ ਸਿੰਘ ਹਮਤਾ ਡੈਨਮਾਰਕ, ਜਸਵੰਤ ਸਿੰਘ ਢਿਲੋਂ ਅਮਰੀਕਾ, ਜਗਦੀਪ ਗਿੱਲ, ਦਲਜੀਤ ਸਿੰਘ ਕੁਲਾਰ, ਜਸ਼ਮੇਰ ਸਿੰਘ ਢੱਟ, ਕੰਵਲਜੀਤ ਸਿੰਘ ਸ਼ੰਕਰ, ਦਲਜੀਤ ਬਾਸੀ, ਸਰਬਜੀਤ ਵਿਰਦੀ ਸਮੇਤ ਕਲਾਕਾਰ ਅਤੇ ਕਲਾਪ੍ਰੇਮੀ ਹਾਜ਼ਰ ਸਨ ।

Translate »