October 23, 2011 admin

ਬਚਨ ਖਿਲਾਫ ਕਤਲ ਦਾ ਮੁਕੱਦਮਾ ਦਾਇਰ ਕੀਤਾ ਜਾਵੇ

ਇਨਸਾਫ ਯਾਤਰਾ -੩੧ ਅਕਤੂਬਰ ਨੂੰ ਹੋਂਦ ਚਿੱਲੜ ਤੋਂ ਸੁਪਰੀਮ ਕੋਰਟ ਤੱਕ
ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ, ਸਿਖਸ ਫਾਰ ਜਸਟਿਸ ਅਤੇ ਨੈਸਨਲ ੧੯੮੪ ਵਿਕਟਿਮਸ ਜਸਟਿਸ ਐਂਡ ਵੈਲਫੇਅਰ ਸੁਸਾਇਟੀ ਨੇ ਮੰਗ ਕੀਤੀ ਹੈ ਕਿ ਨਵੰਬਰ ੧੯੮੪ ਵਿਚ ਭਾਰਤ ਦੀ ਸਿਖ ਅਬਾਦੀ ‘ਤੇ ਯੋਜਨਾਬਧ ਤਰੀਕੇ ਨਾਲ ਹਮਲੇ ਕਰਵਾਉਣ, ਭੜਕਾਉਣ, ਸ਼ਮੂਲੀਅਤ ਕਰਨ, ਸਾਜਿਸ਼ ਰਚਣ, ਸ਼ਹਿ ਦੇਣ ਦੇ ਦੋਸ਼ਾਂ ਤਹਿਤ ਅਮਿਤਾਭ ਬਚਨ ਦੇ ਖਿਲਾਫ ਕਤਲ ਦੇ ਦੋਸ਼ ਦਾਇਰ ਕੀਤੇ ਜਾਣੇ ਚਾਹੀਦੇ ਹਨ। ਬਚਨ ਦੇ ਖਿਲਾਫ ਸਿਖ ਭਾਈਚਾਰੇ ਖਿਲਾਫ ਹਿੰਸਾ ਭੜਕਾਉਣ ਲਈ ਆਈ ਪੀ ਸੀ ਧਾਰਾ ੫੦੫ ਤਹਿਤ ਅਤੇ ਨਤੀਜੇ ਵਜੋਂ ਹਜ਼ਾਰਾਂ ਸਿਖਾਂ ਦੇ ਹੋਏ ਕਤਲੇਆਮ ਲਈ ਧਾਰਾ ੩੦੨ ਤਹਿਤ ਅਪਰਾਧਕ ਮੁਕੱਦਮਾ ਦਾਇਰ ਕੀਤੇ ਜਾਣਾ ਚਾਹੀਦਾ ਹੈ।
ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਨੇ ਐਲਾਨ ਕੀਤਾ ਕਿ ਹੋਂਦ ਚਿਲੜ ਤੋਂ ਭਾਰਤ ਦੇ ਸੁਪਰੀਮ ਕੋਰਟ ਤੱਕ ਇਨਸਾਫ ਯਾਤਰਾ ਕੱਢੀ ਜਾਵੇਗੀ। ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਬੀਤੇ ੨੭ ਸਾਲਾਂ ਤੋਂ ਪੀੜਤਾਂ ਨੂੰ ਇਨਸਾਫ ਤੋਂ ਇਨਕਾਰ ਕਰਨ ਅਤੇ ਸਮੁੱਚੇ ਭਾਰਤ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਹੋਈਆਂ ਮੌਤਾਂ ਲਈ ਸੁਪਰੀਮ ਕੋਰਟ ਤੋਂ ਆਪਣੇ ਤੌਰ ‘ਤੇ ਕਾਰਵਾਈ ਕਰਨ ਦੀ ਮੰਗ ਨੂੰ ਲੈਕੇ ੩੧ ਅਕਤੂਬਰ ਨੂੰ ਹੋਂਦ ਚਿਲੜ ਤੋਂ ਸੁਪਰੀਮ ਕੋਰਟ ਤੱਕ ਇਨਸਾਫ ਯਾਤਰਾ ਕੱਢੀ ਜਾਵੇਗੀ। ਫੈਡਰੇਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਸਿਖਾਂ ਦੇ ਖਿਲਾਫ ਹਿੰਸਾ ਭੜਕਾਉਂਦਿਆਂ ਬਚਨ ਨੂੰ ਵੇਖਣ ਵਾਲੇ ਚਸ਼ਮਦੀਦ ਗਵਾਹ ਹੁਣ ਜਦੋਂ ਸਾਹਮਣੇ ਆ ਗਏ ਹਨ ਤਾਂ ਫੈਡਰੇਸ਼ਨ ਮੰਗ ਕਰਦੀ ਹੈ ਕਿ ਆਸਟਰੇਲੀਆ ਤੋਂ ਆਉਣ ਉਪਰੰਤ ਬਚਨ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਉਸ ਖਿਲਾਫ ਕਤਲ ਦਾ ਮੁਕੱਦਮਾ ਦਾਇਰ ਕੀਤਾ ਜਾਵੇ।
੩੧ ਅਕਤੂਬਰ ੧੯੮੪ ਨੂੰ ਬਚਨ ਨੇ ‘ਖੂਨ ਕਾ ਬਦਲਾ ਖੂਨ ਸੇ ਲੇਂਗੇ’ ਅਤੇ ‘ਇੰਦਰਾ ਜੀ ਦੇ ਖੂਨ ਦੇ ਧੱਬੇ ਸਿਖਾਂ ਦੇ ਘਰਾਂ ਤਕ ਪਹੁੰਚਣੇ ਚਾਹੀਦੇ ਹਨ’ ਦੇ ਨਾਅਰੇ ਲਗਾਏ ਸੀ ਜਿਨ੍ਹਾਂ ਨੂੰ ਦੂਰਦਰਸ਼ਨ ਤੇ ਆਲ ਇੰਡੀਆ ਰੇਡੀਓ ‘ਤੇ ਪ੍ਰਸਾਰਿਤ ਕੀਤੇ ਗਿਆ ਸੀ ਜਿਸ ਨਾਲ ਸਮੁੱਚੇ ਭਾਰਤ ਵਿਚ ਸਿਖ ਭਾਈਚਾਰੇ ਖਿਲਾਫ ਵਿਆਪਕ ਤੇ ਯੋਜਨਾਬਧ ਤਰੀਕੇ ਨਾਲ ਹਮਲੇ ਕੀਤੇ ਗਏ ਜਿਸ ਵਿਚ ਕੇਵਲ ਚਾਰ ਦਿਨਾਂ ਵਿਚ ਹੀ ੩੦,੦੦੦ ਤੋਂ ਵਧ ਸਿਖਾਂ ਦਾ ਕਤਲ ਕਰ ਦਿੱਤਾ ਗਿਆ ਸੀ।
ਨਵੰਬਰ ੧੯੮੪ ਕੇਸ ਦੀ ਮੁੱਖ ਗਵਾਹ ਬੀਬੀ ਜਗਦੀਸ਼ ਕੌਰ, ਜਿਸ ਦਾ ਪਤੀ, ਪੁੱਤਰ ਤੇ ੩ ਭਰਾ ੧੯੮੪ ਦੇ ਕਤਲੇਆਮ ਵਿਚ ਮਾਰੇ ਗਏ ਸੀ , ਨੇ ਕਿਹਾ ਕਿ ਮੈਂ ਇਸਦਾ ਦੂਰਦਰਸ਼ਨ ‘ਤੇ ਸਿਧਾ ਪ੍ਰਸਾਰਣ ਵੇਖਿਆ ਸੀ ਜਿਸ ਵਿਚ  ਅਮਿਤਾਭ ਬਚਨ ਬਾਂਹ ਚੁਕ ਕੇ ਦੋ ਵਾਰ ਨਾਅਰੇ ਲਗਾ ਰਿਹਾ ਸੀ ‘ਖੂਨ ਕਾ ਬਦਲਾ ਖੂਨ ਸੇ ਲੇਂਗੇ’।
ਨੈਸਨਲ ੧੯੮੪ ਵਿਕਟਿਮਸ ਜਸਟਿਸ ਐਂਡ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਾਬੂ ਸਿੰਘ ਦੁਖੀਆ ਇਕ ਹੋਰ ਗਵਾਹ ਹਨ ਜਿਨ੍ਹਾਂ ਨੇ ਬਚਨ ਨੂੰ ਦੂਰਦਰਸ਼ਨ ਤੇ ਆਲ ਇੰਡੀਆ ਰੇਡੀਓ ‘ਤੇ ‘ਖੂਨ ਦਾ ਖੂਨ’ ਦੇ ਨਾਅਰੇ ਲਗਾਉਂਦੇ ਵੇਖਿਆ ਸੀ। ਬਚਨ  ਸਬੰਧੀ ਦੁਖੀਆ ਦਾ ਹਲਫੀਆ ਬਿਆਨ ਇਕ ਵੀਡੀਓ ਵਿਚ ਰਿਕਾਰਡ ਕੀਤਾ ਹੋਇਆ ਹੈ ਜੋ ਕਿ ਫੈਡਰੇਸ਼ਨ ਕੋਲ ਮੌਜੂਦ ਹੈ।
ਨਿਊਯਾਰਕ ਤੋਂ ਜਾਰੀ ਇਕ ਬਿਆਨ ਵਿਚ ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ੧੯੮੪ ਵਿਚ ਬਚਨ ਨੇ ਹਿੰਸਾ ਭੜਕਾਉਣ ਲਈ ਆਪਣੇ ਸੁਪਰ ਸਟਾਰ ਦੇ ਰੁਤਬੇ ਨੂੰ ਵਰਤਿਆ ਤੇ ਗਾਂਧੀ ਪਰਿਵਾਰ ਨਾਲ ਨੇੜਤਾ ਕਾਰਨ ਉਹ ਪਿਛਲੇ ੨੭ ਸਾਲਾਂ ਤੋਂ ਜਾਂਚ ਅਤੇ ਮੁਕੱਦਮੇ ਤੋਂ ਬਚਦਾ ਆ ਰਿਹਾ ਹੈ। ਅਟਾਰਨੀ ਪੰਨੂ ਨੇ ਕਿਹਾ ਕਿ ਸਮਾਂ ਲੰਘਣ ਨਾਲ ਅਪਰਾਧ ਖਤਮ ਨਹੀਂ ਹੋ ਜਾਂਦਾ ਇਸ ਲਈ ਜਦੋਂ ਵੀ ਗਵਾਹ ਤੇ ਸਬੂਤ ਮੌਜੂਦ ਹੋਣ ਕਤਲ ਦਾ ਮੁਕੱਦਮਾ ਦਾਇਰ ਕੀਤਾ ਜਾ ਸਕਦਾ ਹੈ।
ਬੀਤੀ ੧੭ ਅਕਤੂਬਰ ਨੂੰ ਸਿਖਸ ਫਾਰ ਜਸਟਿਸ ਨੇ ੧੯੯੫ ਦੇ ਕ੍ਰਿਮੀਨਲ ਕੋਡ ਐਕਟ ਤਹਿਤ ਆਸਟਰੇਲੀਆ ਦੇ ਕਾਮਵੈਲਥ ਡਾਇਰੈਕਟਰ ਆਫ ਪਬਲਿਕ ਪ੍ਰੋਸੀਕਿਉਸ਼ਨਸ ਕੋਲ ਬਚਨ ਦੇ ਖਿਲਾਫ ਅਪਰਾਧਕ ਸ਼ਿਕਾਇਤ ਦਰਜ ਕਰਵਾਈ ਸੀ। ਇਸ ਐਕਟ ਵਿਚ ਮਨੁੱਖਤਾ ਦੇ ਖਿਲਾਫ ਅਪਰਾਧ ਲਈ ਮੁਕੱਦਮਾ ਚਲਾਉਣ ਦੀ ਵਿਵਸਥਾ ਹੈ ਬੇਸ਼ਕ ਅਜਿਹੇ ਅਪਾਰਧ ਆਸਟਰੇਲੀਆ ‘ਚੋਂ ਬਾਹਰ ਕਿਉਂ ਨਾ ਹੋਏ ਹੋਣ।

Translate »