October 23, 2011 admin

ਸਿਹਤ ਮੰਤਰੀ ਸੱਤਪਾਲ ਗੋਸਾਈਂ ਵੱਲੋਂ ਦੀਵਾਲੀ ਮੌਕੇ ਸਿਹਤ ਵਿਭਾਗ ਨੂੰ ਚੌਕਸੀ ਦੇ ਹੁਕਮ

*ਪ੍ਰਦੂਸ਼ਣ ਮੁਕਤ ਸੁਰੱਖਿਅਤ ਦੀਵਾਲੀ ਮਨਾਉਣ ਦਾ ਸੱਦਾ
*ਮਿਲਾਵਟੀ ਮਠਿਆਈਆਂ ਨੂੰ ਵੀ ਫੜਨ ਦੇ ਆਦੇਸ਼

ਚੰਡੀਗੜ੍ਹ – ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਸੱਤਪਾਲ ਗੋਸਾਈਂ ਨੇ ਦੀਵਾਲੀ ਦੇ ਸ਼ੁਭ ਮੌਕੇ ‘ਤੇ ਸਿਹਤ ਵਿਭਾਗ ਨੂੰ ਚੌਕਸ ਰਹਿਣ ਦੇ ਹੁਕਮ ਦਿੰਦਿਆਂ ਐਮਰਜੈਂਸੀ ਸੇਵਾਵਾਂ ਨੂੰ ਚੁਸਤ ਦਰੁੱਸਤ ਰੱਖਣ ਦੀ ਗੱਲ ਕਹੀ। ਉਨ੍ਹਾਂ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਦੀਵਾਲੀ ਮੌਕੇ ਸੂਬੇ ਦੇ ਸਮੂਹ ਹਸਪਤਾਲਾਂ ਵਿੱਚ ਓ.ਪੀ.ਡੀ. ਸੇਵਾਵਾਂ ਵਿੱਚ ਕੋਈ ਅਣਗਹਿਲੀ ਨਾ ਵਰਤੀ ਜਾਵੇ ਅਤੇ ਐਂਬੂਲੈਸ ਤੇ ਐਮਰਜੈਂਸੀ ਸੇਵਾਵਾਂ ਕਿਸੇ ਵੀ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।
ਸਿਹਤ ਮੰਤਰੀ ਨੇ ਖਾਸ ਕਰ ਕੇ ਅੱਖਾਂ ਦੇ ਵਿਭਾਗ ਨੂੰ ਸੁਚੇਤ ਕਰਦਿਆਂ ਕਿਹਾ ਕਿ ਦੀਵਾਲੀ ਮੌਕੇ ਪਟਾਕਿਆਂ ਕਾਰਨ ਵਾਪਰਦੀਆਂ ਮੰਦਭਾਗੀ ਘਟਨਾਵਾਂ ਕਾਰਨ ਅੱਖਾਂ ਦਾ ਵਿਭਾਗ 24 ਘੰਟੇ ਸਾਵਧਾਨ ਰਹੇ। ਸ੍ਰੀ ਗੋਸਾਈਂ ਨੇ ਡਾਕਟਰਾਂ ਅਤੇ ਸਹਾਇਕ ਸਟਾਫ ਨੂੰ ਸਟੇਸ਼ਨ ਨਾ ਛੱਡਣ ਦੀ ਗੱਲ ਕਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਐਮਰਜੈਂਸੀ ਵਿੱਚ ਸਿਹਤ ਵਿਭਾਗ ਦੀਆਂ ‘ਡਾਇਲ 108’ ਸਮੇਤ ਹੋਰਨਾਂ ਐਂਬੂਲੈਸ ਤੇ ਐਮਰਜੈਂਸੀ ਸੇਵਾਵਾਂ ਲੈਣ ਲਈ ਨੇੜਲੇ ਕਮਿਊਨਟੀ ਸੈਂਟਰ ਤੇ ਸਿਵਲ ਹਸਪਤਾਲ ਸੰਪਰਕ ਕਰਨ।
ਸਿਹਤ ਮੰਤਰੀ ਨੇ ਵਿਭਾਗ ਨੂੰ ਚੌਕਸ ਕਰਨ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸੁਰੱਖਿਆ ਦੀਵਾਲੀ ਮਨਾਉਣ ਲਈ ਪਟਾਕਿਆਂ ਤੋਂ ਗੁਰੇਜ਼ ਕਰਨ। ਸ੍ਰੀ ਗੋਸਾਈਂ ਨੇ ਕਿਹਾ ਕਿ ਪਟਾਕਿਆਂ ਨਾਲ ਜਿੱਥੇ ਫਜ਼ੂਲਖਰਚੀ ਹੁੰਦੀ ਹੈ ਉਥੇ ਪ੍ਰਦੂਸ਼ਣ ਤੇ ਦੁਰਘਟਨਾਵਾਂ ਵਿੱਚ ਵੀ ਵਾਧਾ ਹੁੰਦਾ ਹੈ। ਉਨ੍ਹਾਂ ਦੀਵਾਲੀ ਨੂੰ ਪ੍ਰਦੂਸ਼ਣ ਮੁਕਤ ਸੁਰੱਖਿਅਤ ਮਨਾਉਣ ਦਾ ਸੱਦਾ ਦਿੰਦਿਆਂ ਵਾਤਾਵਰਣ ਨੂੰ ਹਰਿਆ ਭਰਿਆ ਮਨਾਉਣ ਦੀ ਗੱਲ ਕਹੀ। ਉਨ੍ਹਾਂ ਪਟਾਕਾ ਫੈਕਟਰੀਆਂ ਅਤੇ ਦੁਕਾਨਦਾਰਾਂ ਨੂੰ ਵੀ ਚਿਤਾਵਨੀ ਦਿੰਦਿਆਂ ਕਿਹਾ ਕਿ ਵਸੋਂ ਦੇ ਨੇੜੇ ਪਟਾਕਿਆਂ ਦੀ ਵਿਕਰੀ ਨਾ ਕੀਤੀ ਜਾਵੇ। ਜੇਕਰ ਕੋਈ ਵੀ ਫੈਕਟਰੀ ਮਾਲਕ ਜਾਂ ਦੁਕਾਨਦਾਰ ਬੇਨਿਯਮੀਆਂ ਕਰਦਾ ਫੜਿਆ ਗਿਆ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
ਸਿਹਤ ਮੰਤਰੀ ਨੇ ਨਕਲੀ ਤੇ ਮਿਲਾਵਟੀ ਮਠਿਆਈਆਂ ਵੇਚਣ ਵਾਲਿਆਂ ਨੂੰ ਮੁੜ ਚਿਤਾਵਨੀ ਦਿੰਦਿਆਂ ਆਪਣਾ ਕਾਰੋਬਾਰ ਬੰਦ ਕਰਨ ਦੀ ਗੱਲ ਕਹਿੰਦਿਆਂ ਆਪਣੇ ਵਿਭਾਗ ਨੂੰ ਛਾਪੇ ਮਾਰਨ ਦੇ ਹੁਕਮ ਵੀ ਦਿੱਤੇ। ਸ੍ਰੀ ਗੋਸਾਈਂ ਨੇ ਕਿਹਾ ਕਿ ਦੀਵਾਲੀ ਦੇ ਤਿਉਹਾਰ ਦੀਆਂ ਖੁਸ਼ੀਆਂ ਵਿੱਚ ਹੋਰ ਵਾਧਾ ਕਰਨ ਲਈ ਮਿਲਾਵਟੀ ਮਠਿਆਈਆਂ ਤੇ ਪ੍ਰਦੂਸ਼ਣ ਨੂੰ ਖਤਮ ਕਰਨ ਦੀ ਲੋੜ ਹੈ।

Translate »