October 23, 2011 admin

ਉਘੇ ਨਾਵਲਕਾਰ ਜਸਵੰਤ ਸਿੰਘ ਕੰਵਲ ਅਭਿਨੰਦਨ ਸਮਾਗਮ ਵਿਚ ਵੱਧ ਚੜ ਕੇ ਪੁੱਜੋ : ਗੁਰਭਜਨ ਗਿੱਲ

ਲੁਧਿਆਣਾ – ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਵੱਲੋਂ ਪੰਜਾਬੀ ਜ਼ੁਬਾਨ ਦੇ ਉੱਚ ਦੁਮਾਲੜੇ ਨਾਵਲਕਾਰ ਸ: ਜਸਵੰਤ ਸਿੰਘ ਕੰਵਲ ਦੀਆਂ ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਅਤੇ ਪੰਜਾਬੀਅਤ ਲਈ ਕੀਤੀਆਂ ਸ਼ਾਨਦਾਰ ਸੇਵਾਵਾਂ ਨੂੰ ਸਮਰਪਤ ਅਭਿਨੰਦਨ ਗ੍ਰੰਥ ਭੇਂਟ ਸਮਾਰੋਹ 23 ਅਕਤੂਬਰ ਨੂੰ ਸਵੇਰੇ 10 ਵਜੇ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ। ਜਸਵੰਤ ਸਿੰਘ ਕੰਵਲ ਜੀ ਪਿਛਲੀ ਸਦੀ ਦਾ ਜੀਵੰਤ ਇਤਿਹਾਸ ਹਨ ਅਤੇ ਵਰਤਮਾਨ ਨੂੰ ਸੇਧ ਬਖਸ਼ਣ ਦੇ ਅੱਜ ਦੇ ਸਮਰੱਥ ਕਲਮਕਾਰ ਹਨ। ਨਾਵਲ, ਕਹਾਣੀ, ਵਾਰਤਕ ਅਤੇ ਸਮਕਾਲੀ ਹਾਲਾਤ ਬਾਰੇ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਪੰਜਾਬੀ ਪਿਆਰੇ ਹਮੇਸ਼ਾਂ ਉਡੀਕਦੇ ਹਨ। ਈਮਾਨ ਦੀ ਕਣੀ ਕਾÎਿÂਮ ਰੱਖਣ ਕਾਰਨ ਪੰਜਾਬੀਆਂ ਨੂੰ ਉਨ੍ਹਾਂ ਦੀ ਜ਼ੁਬਾਨ ਵਿਚੋਂ ਉਤਸ਼ਾਹਜਨਕ ਹੁੰਗਾਰਾ ਅਤੇ ਅੱਗੇ ਵਧਣ ਦੀ ਪ੍ਰੇਰਨਾ ਨਸੀਬ ਹੁੰਦੀ ਹੈ।
ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਮਾਗਮ ਵਿਚ ਹੁੰਮ ਹੁੰਮਾ ਕੇ ਪੁੱਜਣ। ਉਨ੍ਹਾਂ ਆਖਿਆ ਕਿ ਕੰਵਲ ਜੀ ਨੂੰ ਮਿਲਣਾ ਹਮੇਸ਼ਾਂ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕੋਈ ਬੋਹੜ ਜਾਂ ਪਿੱਪਲ ਵਰਗਾ ਘਣਛਾਵਾਂ ਬਿਰਖ਼ ਤੁਹਾਡੇ ਸਿਰ ਤੇ ਸੰਘਣੀ ਛਾਂ ਵਾਲੀ ਹਰੀ ਛਤਰੀ ਤਾਣੀਂ ਖਲੋਤਾ ਹੈ।
 ਪ੍ਰੋ: ਗਿੱਲ ਨੇ ਆਖਿਆ ਕਿ ਪੰਜਾਬੀ ਨਾਵਲ ਦਾ ਪਾਠਕ ਵਰਗ ਵਧਾਉਣ ਵਿੱਚ ਨਾਨਕ ਸਿੰਘ ਤੋਂ ਬਾਅਦ ਜਸਵੰਤ ਸਿੰਘ ਕੰਵਲ ਦੀ ਜਿੰਮੇਵਾਰੀ ਬਣੀ। ਅੱਜ ਵੀ ਉਨ੍ਹਾਂ ਦੀ ਚਾਸ਼ਨੀ ਭਰਪੂਰ ਗਲਪ ਵਿਧੀ ਸਾਨੂੰ ਮਾਲਵੇ ਦੇ ਧੁਰ ਅੰਦਰ ਦੀ ਥਾਹ ਪਾਉਣ ਦੀ ਜਾਚ ਸਿਖਾਉਂਦੀ ਹੈ। ਪੰਜਾਬ ਨਾਲ ਅਪਣੱਤ ਭਰਿਆ ਰਿਸ਼ਤਾ ਸਿਰਜਣ, ਨਿਭਾਉਣ ਅਤੇ ਲਗਾਤਾਰ ਪਹਿਰੇਦਾਰੀ ਭਰਪੂਰ ਲਿਖ਼ਤਾਂ ਕਾਰਨ ਕੰਵਲ ਸਾਹਿਬ ਸਿਰਫ਼ ਲੇਖਕ ਨਹੀਂ ਸਗੋਂ ਲੋਕ ਨਾਇਕ ਦੇ ਰੂਪ ਵਿੱਚ ਉਸਰੇ ਹਨ। ਨਕਸਲਵਾੜੀ ਲਹਿਰ ਦੇ ਸ਼ਹੀਦਾਂ ਤੋਂ ਲੈ ਕੇ ਪੰਜਾਬ ਦੇ ਕਾਲੇ ਪਹਿਰਾਂ ਵੇਲੇ ਮੋਏ ਪੁੱਤਰਾਂ ਦਾ ਰੁਦਨ ਕਰਨ ਵਿੱਚ ਵੀ ਉਨ੍ਹਾਂ ਨੇ ਬਣਦਾ ਹਿੱਸਾ ਪਾਇਆ। ਕੰਵਲ ਸਾਹਿਬ ਦੀਆਂ ਲਿਖਤਾਂ ਵਿਚੋਂ ਸਾਨੂੰ ਸਦੀਆਂ ਦੀ ਮਰਦਾਨਗੀ ਦੇ ਦਰਸ਼ਨ ਹੁੰਦੇ ਹਨ। ਉਹ ਪੰਜਾਬ ਨੂੰ ਕਿਸੇ ਪੱਖੋਂ ਵੀ ਕਮਜ਼ੋਰ ਹੋਇਆ ਨਹੀਂ ਵੇਖਣਾ ਚਾਹੁੰਦੇ ਸਗੋਂ ਇਸ ਦੇ ਸ਼ਕਤੀਸ਼ਾਲੀ ਬੌਧਿਕ ਅਤੇ ਮਾਨਸਿਕ ਵਿਕਾਸ ਲਈ ਆਪਣੀਆਂ ਲਿਖਤਾਂ ਨੂੰ ਸ਼ਸਤਰ ਅਤੇ ਸਾਸ਼ਤਰ ਵਜੋਂ ਵਰਤਦੇ ਹਨ। ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੀ ਉਸਾਰੀ ਤੋਂ ਲੈ ਕੇ ਅੱਜ ਤੀਕ ਉਨ੍ਹਾਂ ਦੀ ਸਰਪ੍ਰਸਤੀ ਸਾਡੇ ਅੰਗ ਸੰਗ ਹੈ। ਆਪਣੇ ਬਾਬੁਲ ਵਰਗੇ ਲੇਖਕ ਦਾ ਆਦਰ ਹੋਣ ਤੇ ਅਸੀਂ ਆਪਣੇ ਆਪ ਨੂੰ ਧੰਨ ਧੰਨ ਮਹਿਸੂਸ ਕਰਦੇ ਹਾਂ।

Translate »