October 30, 2011 admin

ਸ਼ੀਸ਼ ਮਹਿਲ ਵਿਖੇ 1 ਨਵੰਬਰ ਤੋਂ ਲੱਗਣ ਵਾਲੇ ਕਰਾਫਟ ਮੇਲੇ ਦੀਆਂ ਤਿਆਰੀਆਂ ਜ਼ੋਰਾਂ ‘ਤੇ : ਡਿਪਟੀ ਕਮਿਸ਼ਨਰ

ਪਟਿਆਲਾ –  ” ਪੰਜਾਬ ਦੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਪ੍ਰਬੰਧਾਂ ਹੇਠ ਸ਼ੀਸ਼ ਮਹਿਲ ਪਟਿਆਲਾ ਵਿਖੇ 1 ਨਵੰਬਰ ਤੋਂ ਲੱਗਣ ਵਾਲੇ 10 ਰੋਜ਼ਾ ਕਰਾਫਟ ਮੇਲੇ ਦੀਆਂ ਤਿਆਰੀਆਂ ਜ਼ੋਰਾਂ ‘ਤੇ ਚੱਲ ਰਹੀਆਂ ਹਨ । ” ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਦੱਸਿਆ ਕਿ ਇਸ ਕਰਾਫਟ ਮੇਲੇ ਵਿੱਚ ਦੇਸ਼ ਦੇ 21 ਰਾਜਾਂ ਦੇ 400 ਸ਼ਿਲਪਕਾਰ ਅਤੇ 100 ਕਲਾਕਾਰ ਭਾਗ ਲੈਣਗੇ ਜਿਨ੍ਹਾਂ ਦੁਆਰਾ ਤਿਆਰ ਕੀਤੀਆਂ ਵਸਤੂਆਂ, ਹੈਂਡਲੂਮ ਦਾ ਸਮਾਨ, ਕਠਪੁਤਲੀ ਸ਼ੋਅ, ਲਾਈਵ ਸ਼ੋਅ ਅਤੇ ਵੱਖ-ਵੱਖ ਤਰ੍ਹਾਂ ਦੇ ਝੂਲੇ ਆਦਿ ਲੋਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਕਰਾਫਟ ਮੇਲੇ ਵਿੱਚ ਸ਼ਾਮਲ ਹੋ ਕੇ ਵੱਖ-ਵੱਖ ਰਾਜਾਂ ਦੀਆਂ ਕਲਾਕ੍ਰਿਤੀਆਂ ਨੂੰ ਵੇਖਣ ਅਤੇ ਕਲਾਕਾਰਾਂ ਵੱਲੋਂ ਪੇਸ਼ ਕੀਤੇ ਜਾਣ ਵਾਲੇ ਉਹਨਾਂ ਦੇ ਰਾਜਾਂ ਦੇ ਲੋਕ ਗੀਤਾਂ ਤੇ ਲੋਕ ਨਾਚਾਂ ਦਾ ਆਨੰਦ ਵੀ ਮਾਨਣ।
         ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ੀਸ਼ ਮਹਿਲ ਨੂੰ ਮਹਿਮਾਨਾਂ ਦੀ ਆਮਦ ਦੇ ਮੱਦੇਨਜ਼ਰ ਹੋਰ ਵੀ ਖੂਬਸੂਰਤ ਦਿੱਖ ਪ੍ਰਦਾਨ ਕੀਤੀ ਗਈ ਹੈ । ਉਨ੍ਹਾਂ ਦੱਸਿਆ ਕਿ ਲੋਕ ਇਸ ਕਰਾਫਟ ਮੇਲੇ ਨੂੰ ਰੋਜ਼ਾਨਾਂ ਸਵੇਰੇ 10:00 ਵਜੇ ਤੋਂ ਸ਼ਾਮ 7:00 ਵਜੇ ਤੱਕ ਵੇਖ ਸਕਣਗੇ। ਉਨ੍ਹਾਂ ਕਿਹਾ ਕਿ ਹੋਰਨਾਂ ਰਾਜਾਂ ਤੋਂ ਆਉਣ ਵਾਲੇ ਸ਼ਿਲਪਕਾਰਾਂ ਤੇ ਕਲਾਕਾਰਾਂ ਦੇ ਰਹਿਣ ਲਈ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ‘ਤੇ ਸੁਚੱਜੇ ਪ੍ਰਬੰਧ ਕੀਤੇ ਗਏ ਹਨ । ਉਨ੍ਹਾਂ ਕਿਹਾ ਕਿ ਅਜਿਹੇ ਮੇਲੇ ਜਿਥੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੰਦੇ ਹਨ ਉਥੇ ਹੀ ਇਹਨਾਂ ਮੇਲਿਆਂ ਨਾਲ ਵੱਖ-ਵੱਖ ਰਾਜਾਂ ਦੇ ਸਭਿਆਚਾਰ ਦਾ ਅਦਾਨ ਪ੍ਰਦਾਨ ਵੀ ਹੁੰਦਾ ਹੈ।

Translate »