October 30, 2011 admin

ਸ਼ਗਨ ਸਕੀਮ ਤਹਿਤ 1.33 ਲੱਖ ਲਾਭਪਾਤਰੀਆਂ ਨੂੰ 200 ਕਰੋੜ ਰੁਪਏ ਦਿੱਤੇ ਗਏ ਹਨ

ਹੁਸ਼ਿਆਰਪੁਰ – ਅਕਾਲੀ-ਭਾਜਪਾ ਸਰਕਾਰ ਵੱਲੋਂ ਅਨੁਸੂਚਿਤ ਜਾਤਾਂ ਦੀਆਂ ਲੜਕੀਆਂ ਦੀ ਸ਼ਾਦੀ ਲਈ ਸ਼ਗਨ ਸਕੀਮ ਤਹਿਤ 1.33 ਲੱਖ ਲਾਭਪਾਤਰੀਆਂ ਨੂੰ 200 ਕਰੋੜ ਰੁਪਏ ਦਿੱਤੇ ਗਏ ਹਨ। ਇਸ ਗੱਲ ਦਾ ਪ੍ਰਗਟਾਵਾ ਸਥਾਨਕ ਸਰਕਾਰਾਂ ਅਤੇ ਉਦਯੋਗ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਆਪਣੀ ਰਿਹਾਇਸ਼ ਵਿਖੇ ਵੱਖ-ਵੱਖ ਪਿੰਡਾਂ ਦੇ ਸ਼ਗਨ ਸਕੀਮ ਦੇ 30 ਲਾਭਪਾਤਰੀਆਂ ਨੂੰ  4. 50 ਲੱਖ ਰੁਪਏ ਚੈਕ ਦੇਣ ਮੌਕੇ ਕੀਤਾ। ਇਸ ਮੌਕੇ ਸ੍ਰੀ ਤੀਕਸ਼ਨ ਸੂਦ ਦੀ ਧਰਮਪਤਨੀ ਸ੍ਰੀਮਤੀ ਰਾਕੇਸ਼ ਸੂਦ ਅਤੇ ਬੇਟਾ ਜਵੇਦ ਸੂਦ ਵੀ ਉਨ੍ਹਾਂ ਦੇ ਨਾਲ ਸਨ।
  ਸ੍ਰੀ ਸੂਦ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ  ਵਿਧਵਾਵਾਂ ਅਤੇ ਪੱਛੜੀ ਜਾਤੀ ਦੀਆਂ ਲੜਕੀਆਂ ਨੂੰ ਵੀ ਸ਼ਗਨ ਸਕੀਮ ਅਧੀਨ ਲਿਆਂਦਾ ਹੈ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਮ ਲੋਕਾਂ ਨਾਲ ਜੋ ਵਿਕਾਸ ਕੰਮਾਂ ਸਬੰਧੀ ਵਾਅਦੇ ਕੀਤੇ ਗਏ ਸਨ, ਉਨ੍ਹਾਂ ਤਹਿਤ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਰਵਪੱਖੀ ਵਿਕਾਸ ਕਰਵਾਇਆ ਗਿਆ ਹੈ ਅਤੇ ਰਹਿੰਦੇ ਵਿਕਾਸ ਕਾਰਜਾਂ ਤੇ ਜੰਗੀ ਪੱਧਰ ਤੇ ਕੰਮ ਚਲ ਰਿਹਾ ਹੈ। ਸ੍ਰੀ ਸੂਦ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਵਿੱਚ ਪੇਂਡੂ ਗਰੀਬ ਪ੍ਰੀਵਾਰਾਂ ਲਈ ਪਖਾਨੇ ਬਣਾਉਣ ਤੇ ਲਗਭਗ 3 ਕਰੋੜ ਰੁਪਏ,  ਸਕੂਲਾਂ ਅਤੇ ਨਵੇਂ ਮਾਡਲ ਸਕੂਲਾਂ ਦਾ ਨਵੀਨੀਕਰਨ ਕਰਨ ਤੇ 5 ਕਰੋੜ ਰੁਪਏ, ਇਨਡੋਰ ਸਟੇਡੀਅਮ ਦੇ ਨਵੀਨੀਕਰਨ ਤੇ 16 ਲੱਖ ਰੁਪਏ ਖਰਚ ਕੀਤੇ ਗਏ ਹਨ ਅਤੇ ਹੁਸ਼ਿਆਰਪੁਰ ਸ਼ਹਿਰ ਦੇ ਆਊਟ ਡੋਰ ਸਟੇਡੀਅਮ ਦੇ ਨਵੀਨੀਕਰਨ ਕਰਨ ਤੇ 5.50 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।  ਇਸ ਤੋਂ ਇਲਾਵਾ ਪਿੰਡ ਅੱਜੋਵਾਲ ਦੇ 300 ਗਰੀਬ ਪ੍ਰੀਵਾਰਾਂ ਦੇ ਮੁੜ ਵਸੇਬੇ ਲਈ ਉਨ੍ਹਾਂ ਨੂੰ ਮਕਾਨਾਂ ਦੇ ਮਾਲਕੀ ਹੱਕ ਦਿੱਤੇ ਗਏ ਹਨ।
    ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਭਾਜਪਾ ਅਨੰਦਵੀਰ ਸਿੰਘ, ਜਨਰਲ ਸਕੱਤਰ ਭਾਜਪਾ ਕਮਲਜੀਤ ਸੇਤੀਆ ਅਤੇ ਪ੍ਰਧਾਨ ਨਗਰ ਕੌਂਸਲ ਸ਼ਿਵ ਸੂਦ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ  ਪ੍ਰਮੋਦ ਸੂਦ, ਯਸ਼ਪਾਲ ਸ਼ਰਮਾ, ਸੁਰੇਸ਼ ਭਾਟੀਆ ਬਿੱਟੂ, ਨਰੇਸ਼ ਕੁਮਾਰ, ਕ੍ਰਿਸ਼ਨ ਕੁਮਾਰ ਅਰੋੜਾ, ਕ੍ਰਿਸ਼ਨ ਕੋਹਲੀ, ਕੌਂਸਲਰ ਬਲਵਿੰਦਰ ਬਿੰਦੀ, ਜਸਬੀਰ ਸਿੰਘ ਸਲੇਰਨ, ਪੀ ਸੀ ਸ਼ਰਮਾ ਅਤੇ ਹੋਰ ਪਤਵੰਤੇ ਹਾਜ਼ਰ ਸਨ।

Translate »