ਕਪੂਰਥਲਾ ਸ਼ਹਿਰ ‘ਚ 77 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ
ਕਪੂਰਥਲਾ, – ‘ਕਾਂਗਰਸ ਦਾ ਕੰਮ ਸ਼ੁਰੂ ਤੋਂ ਹੀ ਨੁਕਤਾਚੀਨੀ ਅਤੇ ਗੁੰਮਰਾਹਕੁੰਨ ਪ੍ਰਚਾਰ ਕਰਨ ਦਾ ਰਿਹਾ ਹੈ, ਭਾਵੇਂ ਉਹ ਅਨੰਦਪੁਰ ਸਾਹਿਬ ਵਿਰਾਸਤੀ ਕੰਪਲੈਕਸ ਦਾ ਮਸਲਾ ਹੋਵੇ, ਰਾਜ ਦੇ ਵਿਕਾਸ ਦੀ ਗੱਲ ਹੋਵੇ ਜਾਂ ਪੰਜਾਬ ਨੂੰ ਕੇਂਦਰ ਤੋਂ ਮਿਲਦੇ ਫੰਡਾਂ ਦੀ। ਹੋਰ ਤਾਂ ਹੋਰ ਕਾਂਗਰਸ ਸਾਡੀ ਮਾਂ ਖੇਡ ਕਬੱਡੀ ਦੀ ਤਰੱਕੀ ਵੀ ਬਰਦਾਸ਼ਤ ਨਹੀਂ ਕਰ ਰਹੀ ਅਤੇ ਇਸ ਮਸਲੇ ‘ਤੇ ਵੀ ਸਰਕਾਰ ਦੀ ਨੁਕਤਾਚੀਨੀ ਕਰ ਰਹੀ ਹੈ।’ ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਪੂਰਥਲਾ ਵਿਖੇ ਵਿਧਾਇਕ ਸ. ਸਰਬਜੀਤ ਸਿੰਘ ਮੱਕੜ ਦੀ ਅਗਵਾਈ ਹੇਠ ਕੀਤੇ ਗਏ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਪ੍ਰੈਸ ਨਾਲ ਗੱਲਬਾਤ ਕਰਦੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਾਂਗਰਸੀ ਪ੍ਰਧਾਨ ਮੰਤਰੀ ਨੂੰ ਕਹਿ ਰਹੇ ਹਨ ਕਿ ਉਹ ਅਨੰਦਪੁਰ ਸਾਹਿਬ ਕੰਪਲੈਕਸ ਦੇ ਉਦਘਾਟਨ ‘ਤੇ ਨਾ ਆਉਣ, ਕਿਉਂਕਿ ਇਹ ਉਦਘਾਟਨ 2006 ‘ਚ ਹੋ ਚੁੱਕਿਆ ਹੈ। ਸ. ਬਾਦਲ ਨੇ ਕਿਹਾ ਕਿ ਮੈਂ ਕਾਂਗਰਸੀਆਂ ਕੋਲੋਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਜੇਕਰ ਉਦਘਾਟਨ ਹੋ ਗਿਆ ਸੀ ਤਾਂ ਇਹ ਕੇਂਦਰ ਲੋਕਾਂ ਦੇ ਦਰਸ਼ਨ ਵਾਸਤੇ ਕਿਉਂ ਨਹੀਂ ਖੋਲਿਆ ਗਿਆ। ਉਨ੍ਹਾਂ ਕਿਹਾ ਕਿ ਬੜੀ ਮੰਦਭਾਗੀ ਗੱਲ ਹੈ ਕਿ ਪੰਜਾਬ ਦੇ ਕਾਂਗਰਸੀ ਆਗੂ ਇਸ ਮੁੱਦੇ ‘ਤੇ ਪ੍ਰਧਾਨ ਮੰਤਰੀ ਨੂੰ ਪੱਤਰ ਤੱਕ ਲਿਖ ਰਹੇ ਹਨ। ਕਬੱਡੀ ਕੱਪ ਬਾਰੇ ਬੋਲਦੇ ਸ. ਬਾਦਲ ਨੇ ਕਿਹਾ ਕਿ ਅਸੀਂ ਕਬੱਡੀ ਨੂੰ ਵਿਸ਼ਵ ਪੱਧਰ ‘ਤੇ ਲਿਜਾਣ ਲਈ ਉਪਰਾਲੇ ਕਰ ਰਹੇ ਹਾਂ, ਪਰ ਸਾਡੇ ਵਿਰੋਧੀ ਇਸ ‘ਤੇ ਵੀ ਸਿਆਸਤ ਖੇਡ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ‘ਚੋਂ ਕੱਢਣ ਲਈ ਖੇਡਾਂ ਨੂੰ ਉਤਸ਼ਾਹਿਤ ਕਰ ਰਹੀ ਹੈ ਅਤੇ ਇਸ ਕਰਕੇ ਪਿੰਡ-ਪਿੰਡ ਜ਼ਿੰਮ ਖੋਲ੍ਹੇ ਜਾ ਰਹੇ ਹਨ ਤੇ ਖੇਡ ਕਿੱਟਾਂ ਵੰਡੀਆਂ ਜਾ ਰਹੀਆਂ ਹਨ। ਕਪੂਰਥਲਾ ਸ਼ਹਿਰ ਦੇ ਵਿਕਾਸ ਦੀ ਗੱਲ ਕਰਦੇ ਉਨ੍ਹਾਂ ਕਿਹਾ ਕਿ ਅੱਜ ਮੈਂ ਇੱਥੇ ਸ਼ਹਿਰ ਦੇ ਵਿਕਾਸ ਕੰਮਾਂ ਦੀ ਸ਼ੁਰੂਆਤ ਕਰਨ ਆਇਆ ਹਾਂ, ਪਰ ਕਾਂਗਰਸੀ ਇਸ ਦਾ ਵਿਰੋਧ ਕਰ ਰਹੇ ਹਨ।
ਸ. ਬਾਦਲ ਦੇ ਇਸ ਦੌਰੇ ਮੌਕੇ ਜਿੱਥੇ ਕਪੂਰਥਲਾ ਸ਼ਹਿਰ ‘ਚ ਕਰੀਬ 77 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਹੋਈ, ਉਥੇ ਪੰਜਾਬ ਪੀਪਲਜ਼ ਪਾਰਟੀ ਦੇ ਆਗੂ ਤੇ ਨਗਰ ਕੌਂਸਲ ਪ੍ਰਧਾਨ ਐਡਵੋਕੇਟ ਪਰਮਜੀਤ ਸਿੰਘ ਦੋ ਹੋਰ ਕੌਂਸਲਰਾਂ ਸ਼ਮਿੰਦਰ ਕੌਰ ਤੇ ਸੁਖਦੇਵ ਸਿੰਘ ਸੁਖਾ ਨਾਲ ਮੁੜ ਅਕਾਲੀ ਦਲ ‘ਚ ਸ਼ਾਮਿਲ ਹੋ ਗਏ। ਸ. ਬਾਦਲ ਨੇ ਉਨ੍ਹਾਂ ਨੂੰ ਮੁੜ ਪਾਰਟੀ ‘ਚ ਸ਼ਾਮਿਲ ਹੋਣ ‘ਤੇ ਜੀ ਆਇਆਂ ਕਿਹਾ। ਅੱਜ ਸਵੇਰੇ ਸ. ਬਾਦਲ ਨੇ ਕਪੂਰਥਲਾ ਸ਼ਹਿਰ ‘ਚ ਸੀਵਰੇਜ ਪਾਉਣ ਦੇ ਪ੍ਰਾਜੈਕਟ ਦਾ ਸਥਾਨਕ ਸ਼ਾਲੀਮਾਰ ਬਾਗ ‘ਚ ਨੀਂਹ ਪੱਥਰ ਰੱਖਿਆ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ‘ਤੇ 22.30 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਸਾਰੇ ਸ਼ਹਿਰ ‘ਚ ਸੀਵਰੇਜ ਪੈ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਕੰਮ ਅੰਤਰਰਾਸ਼ਟਰੀ ਕੰਪਨੀ ਲਾਰਸਨ ਐਂਡ ਟੁਬਰੋ ਕਰੇਗੀ। ਇਸ ਪਿਛੋਂ ਸ. ਬਾਦਲ ਨੇ ਡੀ. ਸੀ. ਚੌਕ ਤੋਂ ਕਾਂਜਲੀ ਰੋਡ ਅਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ, ਜਿਸ ‘ਤੇ ਕ੍ਰਮਵਾਰ ਸਵਾ ਕਰੋੜ ਅਤੇ 51.07 ਕਰੋੜ ਰੁਪਏ ਦੀ ਲਾਗਤ ਆਵੇਗੀ।
ਇਸ ਪਿਛੋਂ ਸ. ਬਾਦਲ ਨੇ ਪਾਲਕੀ ਪੈਲਸ ‘ਚ ਸਕੂਲ ਦੀਆਂ 50 ਲੜਕੀਆਂ ਨੂੰ ਸਾਈਕਲ ਦੇ ਕੇ ਜ਼ਿਲ੍ਹੇ ‘ਚ ਮੁਫ਼ਤ ਵੰਡੇ ਜਾਣ ਵਾਲੇ ਸਾਈਕਲਾਂ ਦੀ ਸ਼ੁਰੂਆਤ ਕੀਤੀ। ਉਨ੍ਹਾਂ ਇਸ ਮੌਕੇ 69 ਖੇਡ ਕਲੱਬਾਂ ਨੂੰ ਖੇਡ ਕਿੱਟਾਂ ਅਤੇ 65 ਕਲੱਬਾਂ ਨੂੰ ਜ਼ਿੰਮ ਦਾ ਸਮਾਨ ਦਿੱਤਾ। ਇਸ ਤੋਂ ਇਲਾਵਾ 28 ਸਕੂਲਾਂ ਨੂੰ ਚਾਰ-ਦਵਾਰੀ ਵਾਸਤੇ ਸ. ਬਾਦਲ ਨੇ 1.49 ਕਰੋੜ ਰੁਪਏ ਦੀਆਂ ਗਰਾਂਟ ਵੀ ਦਿੱਤੀ। ਸੰਗਤ ਦਰਸ਼ਨ ਦੌਰਾਨ ਸ. ਬਾਦਲ ਨੇ ਹਲਕਾ ਕਪੂਰਥਲਾ ਦੀਆਂ ਪੰਚਾਇਤਾਂ ਨਾਲ ਪਿੰਡਾਂ ਦੇ ਵਿਕਾਸ ਬਾਰੇ ਚਰਚਾ ਕੀਤੀ ਅਤੇ ਸਾਢੇ ਤਿੰਨ ਕਰੋੜ ਰੁਪਏ ਦੀ ਰਾਸ਼ੀ ਵੱਖ=ਵੱਖ ਕੰਮਾਂ ਲਈ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਸ. ਸਰਬਜੀਤ ਸਿੰਘ ਮੱਕੜ, ਡਿਪਟੀ ਕਮਿਸ਼ਨਰ ਡਾ. ਹਰਕੇਸ਼ ਸਿੰਘ ਸਿੱਧੂ, ਬੀਬੀ ਜਗੀਰ ਕੌਰ, ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਡੋਗਰਾਂਵਾਲ, ਨਰੋਤਮ ਦੇਵ ਰੱਤੀ ਚੇਅਰਮੈਨ ਪੰਜਾਬ ਵਪਾਰ ਬੋਰਡ, ਚੇਅਰਮੈਨ ਹੀਰਾ ਲਾਲ ਧੀਰ, ਮਾਸਟਰ ਗੁਰਦੇਵ ਸਿਘ ਡੋਗਰਾਂਵਾਲ, ਚੇਅਰਮੈਨ ਸੁੱਚਾ ਸਿੰਘ ਚੌਹਾਨ, ਜਥੇਦਾਰ ਬਲਦੇਵ ਸਿੰਘ ਖੁਰਦਾਂ, ਜਥੇਦਾਰ ਸੁਖਦੇਵ ਸਿੰਘ ਕਾਦੂਪੁਰ, ਅਮਰਬੀਰ ਸਿੰਘ ਲਾਲੀ, ਮੁੱਖ ਇੰਜ਼ੀ. ਏ. ਕੇ. ਸਿੰਗਲਾ, ਸ਼ਾਮ ਸੁੰਦਰ ਅਗਰਵਾਲ ਅਤੇ ਹੋਰ ਨੇਤਾ ਹਾਜ਼ਰ ਸਨ। ਸੰਗਤ ਦਰਸ਼ਨ ਦੌਰਾਨ ਸਾਰਾ ਪ੍ਰਸ਼ਾਸਨ ਮੌਕੇ ‘ਤੇ ਹਾਜ਼ਰ ਰਿਹਾ ਅਤੇ ਸ. ਬਾਦਲ ਉਨ੍ਹਾਂ ਨੂੰ ਵੱਖ-ਵੱਖ ਕੰਮਾਂ ਲਈ ਨਾਲੋ-ਨਾਲ ਨਿਰਦੇਸ਼ ਦਿੰਦੇ ਰਹੇ। ਇਸ ਪਿਛੋਂ ਸ. ਬਾਦਲ ਨੇ ਪਿੰਡ ਕਾਲਾ ਸੰਘਿਆਂ ਵਿਖੇ 30 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਅਤੇ 40 ਪੰਚਾਇਤਾਂ ਨੂੰ ਸੰਗਤ ਦਰਸ਼ਨ ਦੌਰਾਨ ਵਿਕਾਸ ਕਾਰਜਾਂ ਲਈ ਚੈਕ ਦਿੱਤੇ।