October 30, 2011 admin

ਲੋਕ ਅਦਾਲਤ ‘ਚ 195 ਕੇਸਾਂ ਦਾ ਮੌਕੇ ‘ਤੇ ਨਿਪਟਾਰਾ

ਬਠਿੰਡਾ – ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਸ੍ਰੀ ਐਸ. ਕੇ. ਅਗਰਵਾਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਕਚਹਿਰੀ ਬਠਿੰਡਾ ਵਿਖੇ ਆਯੋਜਿਤ ਲੋਕ ਅਦਾਲਤ ਵਿਚ 290 ਕੇਸ ਪੇਸ਼ ਕੀਤੇ ਗਏ ਜਿਨ੍ਹਾਂ ਵਿਚੋਂ 195 ਕੇਸਾਂ ਦਾ ਨਿਪਟਾਰਾ ਰਾਜ਼ੀਨਾਮੇ ਰਾਹੀਂ ਕਰਵਾ ਕੇ 1,49,34,657/- ਰੁਪਏ ਦੀ ਰਕਮ ਦੇ ਐਵਾਰਡ ਪਾਸ ਕੀਤੇ ਗਏ। ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਨੇ ਦੱਸਿਆ ਕਿ ਮਹੀਨੇ ਦੇ ਅੰਤਿਮ ਸਨਿੱਚਰਵਾਰ ਬਠਿੰਡਾ, ਫੂਲ ਅਤੇ ਤਲਵੰਡੀ ਸਾਬੋ ਵਿਖੇ ਲੋਕ ਅਦਾਲਤ ਲਗਾਈ ਜਾਂਦੀ ਹੈ। ਮਹੀਨੇ ਦੇ ਆਖ਼ਰੀ ਸ਼ੁੱਕਰਵਾਰ ਨੂੰ ਲੇਬਰ ਕੋਰਟ, ਬਠਿੰਡਾ ਵਿਖੇ ਵੀ ਲੋਕ ਅਦਾਲਤ ਆਯੋਜਿਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਲੋਕ ਅਦਾਲਤ ਦਾ ਮੁੱਖ ਮਨੋਰਥ ਸਮਝੌਤੇ/ਰਾਜ਼ੀਨਾਮੇ ਰਾਹੀਂ ਅਦਾਲਤੀ ਕੇਸਾਂ ਦਾ ਫ਼ੈਸਲਾ ਕਰਵਾਉਣਾ ਹੈ ਤਾਂ ਜੋ ਧਿਰਾਂ ਦਾ ਧਨ ਅਤੇ ਸਮਾਂ ਬਚਾਉਣ ਦੇ ਨਾਲ-ਨਾਲ ਉਨ੍ਹਾਂ ਦੀ ਆਪਸੀ ਦੁਸ਼ਮਣੀ ਘਟਾਈ ਜਾ ਸਕੇ। ਗੰਭੀਰ ਕਿਸਮ ਦੇ ਫ਼ੌਜਦਾਰੀ ਕੇਸਾਂ ਨੂੰ ਛੱਡ ਕੇ ਹਰ ਤਰ੍ਹਾਂ ਦੇ ਕੇਸ ਜੋ ਵੱਖੋ-ਵੱਖ ਅਦਾਲਤਾਂ ਵਿਚ ਲੰਬਿਤ ਪਏ ਹੋਣ, ਲੋਕ ਅਦਾਲਤ ਵਿਚ ਫ਼ੈਸਲੇ ਲਈ ਸ਼ਾਮਿਲ ਕੀਤੇ ਜਾਂਦੇ ਹਨ। ਜੋ ਝਗੜਾ ਅਦਾਲਤ ਵਿਚ ਨਾ ਚਲਦਾ ਹੋਵੇ ਉਹ ਮਾਮਲਾ ਵੀ ਲੋਕ ਅਦਾਲਤ ਵਿਚ ਦਰਖਾਸਤ ਦੇ ਕੇ ਰਾਜ਼ੀਨਾਮੇ ਲਈ ਲਿਆਇਆ ਜਾ ਸਕਦਾ ਹੈ।
ਸ੍ਰੀਮਤੀ ਹਰਿੰਦਰ ਕੌਰ ਸਿੱਧੂ, ਸਿਵਲ ਜੱਜ (ਸੀਨੀਅਰ ਡਵੀਜ਼ਨ) ਨੇ ਇਸ ਮੌਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕ ਅਦਾਲਤ ਰਾਹੀਂ ਤੁਰੰਤ ਨਿਆਂ ਮਿਲਦਾ ਹੈ, ਇਸ ਦੇ ਫ਼ੈਸਲੇ ਨੂੰ ਦੀਵਾਨੀ ਕੋਰਟ ਦੀ ਡਿਕਰੀ ਮੰਨਿਆ ਗਿਆ ਹੇ ਅਤੇ ਇਸ ਦੇ ਫ਼ੈਸਲੇ ਖਿਲਾਫ਼ ਅਪੀਲ ਦਾਇਰ ਨਹੀਂ ਹੁੰਦੀ।
ਇਸ ਲੋਕ ਅਦਾਲਤ ਵਿਚ ਸ੍ਰੀ ਗੁਰਬੀਰ ਸਿੰਘ ਵਧੀਕ ਜ਼ਿਲ੍ਹਾ ਜੱਜ, ਸ੍ਰੀ ਸੁਖਦੇਵ ਸਿੰਘ ਵਧੀਕ ਜ਼ਿਲ੍ਹਾ ਜੱਜ, ਸ੍ਰੀ ਦਿਲਬਾਗ ਸਿੰਘ ਜੌਹਲ ਵਧੀਕ ਜ਼ਿਲ੍ਹਾ ਜੱਜ, ਸ੍ਰੀ ਲਛਮਣ ਸਿੰਘ ਵਧੀਕ ਜ਼ਿਲ੍ਹਾ ਜੱਜ, ਸ੍ਰੀ ਐਚ. ਐਸ. ਲੇਖੀ ਵਧੀਕ ਜ਼ਿਲ੍ਹਾ ਜੱਜ, ਸ੍ਰੀ ਹਰਜੀਤ ਸਿੰਘ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ, ਸ੍ਰੀ ਕੇ ਕੇ ਸਿੰਗਲਾ ਵਧੀਕ ਸਿਵਲ ਜੱਜ ਸੀਨੀਅਰ ਡਵੀਜ਼ਨ, ਸ੍ਰੀ ਕਰਨ ਗਰਗ ਸਿਵਲ ਜੱਜ ਜੂਨੀਅਰ ਡਵੀਜ਼ਲ, ਸ੍ਰੀ ਐਚ. ਐਲ. ਕੁਮਾਰ ਸਪੈਸ਼ਲ ਜੂਡੀਸ਼ੀਅਲ ਮੈਜਿਸਟ੍ਰੇਟ, ਸ੍ਰੀ ਆਰ. ਕੇ. ਸ਼ਰਮਾ ਸਹਾਇਕ ਜ਼ਿਲ੍ਹਾ ਅਟਾਰਨੀ, ਸ੍ਰੀ ਰਾਜਨ ਗਰਗ ਪ੍ਰਧਾਨ ਬਾਰ ਐਸੋਸੀਏਸ਼ਨ, ਸ੍ਰੀ ਐਲ. ਕੇ. ਸਿੰਗਲਾ ਵਕੀਲ, ਸ੍ਰੀ ਲਲਿਤ ਗਰਗ ਵਕੀਲ, ਬਾਰ ਐਸੋਸੀਏਸ਼ਨ ਦੇ ਵਕੀਲ ਸਾਹਿਬਾਨ ਅਤੇ ਸ਼ਹਿਰ ਦੇ ਉਘੇ ਸੋਸ਼ਲ ਵਰਕਰਾਂ ਨੇ ਭਾਗ ਲਿਆ। 

Translate »