ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਖੱਟੜਾ ਨੇ ਸ਼੍ਰੋਮਣੀ ਕਮੇਟੀ ਦੇ ਟੈਲੀਫ਼ੋਨ ਓਪਰੇਟਰ ਸ. ਮਨਜਿੰਦਰਪਾਲ ਸਿੰਘ ਦੇ ਇਕਲੌਤੇ ਨੌਜਵਾਨ ਬੇਟੇ ਸ. ਚਰਨਜੀਤ ਸਿੰਘ ਦੇ ਅਕਾਲ-ਚਲਾਣਾ ਕਰ ਜਾਣ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ।
ਇੱਥੋਂ ਜਾਰੀ ਇੱਕ ਸ਼ੋਕ ਸੰਦੇਸ਼ ‘ਚ ਸ. ਖੱਟੜਾ ਨੇ ਕਿਹਾ ਕਿ ਹਰ ਮਾਂ-ਬਾਪ ਆਪਣੇ ਬੱਚਿਆਂ ਨੂੰ ਜੀਵਨ ਦੇ ਹਰ ਖ਼ੇਤਰ ‘ਚ ਬੁਲੰਦੀਆਂ ‘ਤੇ ਵੇਖਣ ਦੀ ਲੋਚਾ ਰੱਖਦਾ ਹੈ ਪਰ ਕਿਸੇ ਜਵਾਨ ਪੁੱਤ ਦਾ ਅਚਾਨਕ ਅਕਾਲ-ਚਲਾਣਾ ਕਰ ਜਾਣਾ ਬਹੁਤ ਹੀ ਦੁਖਦਾਈ ਅਤੇ ਅਸਹਿ ਸਦਮਾ ਹੈ। ਸ. ਖੱਟੜਾ ਨੇ ਇਸ ਦੁੱਖ ਦੀ ਘੜੀ ਸ. ਮਨਜਿੰਦਰਪਾਲ ਸਿੰਘ ਦੇ ਦੁੱਖ ‘ਚ ਸ਼ਰੀਕ ਹੁੰਦਿਆਂ ਸਤਿਗੁਰ ਦੇ ਚਰਨਾਂ ‘ਚ ਅਰਦਾਸ ਕੀਤੀ ਕਿ ਸ. ਚਰਨਜੀਤ ਸਿੰਘ ਦੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ਿਸ਼ ਕਰਨ, ਪਿੱਛੇ ਪਰਿਵਾਰ ਤੇ ਸਨੇਹੀਆਂ ਨੂੰ ਭਾਣਾ ਮੰਨਣ ਦਾ ਬੱਲ ਪ੍ਰਦਾਨ ਕਰਨ।
ਸ. ਮਨਜਿੰਦਰਪਾਲ ਸਿੰਘ ਦੇ ਜੱਦੀ ਪਿੰਡ ਲੰਗਰਵਾਲ (ਗੁਰਦਾਸਪੁਰ) ਵਿਖੇ ਸ. ਚਰਨਜੀਤ ਸਿੰਘ ਦੇ ਸਸਕਾਰ ਸਮੇਂ ਉਸ ਦੀ ਮ੍ਰਿਤਕ ਦੇਹ ‘ਤੇ ਸ਼੍ਰੋਮਣੀ ਕਮੇਟੀ ਵੱਲੋਂ ਸਹਾਇਕ ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ ਨੇ ਦੋਸ਼ਾਲਾ ਭੇਟ ਕੀਤਾ। ਇਸ ਮੌਕੇ ਟੈਲੀਫ਼ੋਨ ਐਕਸਚੇਂਜ ਦੇ ਇੰਚਾਰਜ ਸ. ਮਨਜੀਤ ਸਿੰਘ ਤੋਂ ਇਲਾਵਾ ਸ. ਸੁੱਚਾ ਸਿੰਘ, ਸ. ਜੋਗਾ ਸਿੰਘ, ਸ. ਮਲਕੀਤ ਸਿੰਘ ਤਲਵੰਡੀ ਨਾਹਰ, ਸ. ਪ੍ਰਿਥੀਪਾਲ ਸਿੰਘ, ਸ. ਜਸਬੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਇਲਾਕੇ ਦੇ ਪਤਵੰਤੇ, ਸਨੇਹੀ ਤੇ ਰਿਸ਼ਤੇਦਾਰ ਮੌਜੂਦ ਸਨ।