*ਪਹਿਲੀ ਨਵੰਬਰ ਨੂੰ ਹੋਵੇਗਾ ਵਿਸ਼ਵ ਕਬੱਡੀ ਕੱਪ ਦਾ ਉਦਘਾਟਨੀ ਸਮਾਰੋਹ
ਬਠਿੰਡਾ – ਦੂਜੇ ਵਿਸ਼ਵ ਕਬੱਡੀ ਕੱਪ ਦੇ ਬਠਿੰਡਾ ਦੇ ਨਵੇਂ ਉਸਰੇ ਖੇਡ ਸਟੇਡੀਅਮ ਵਿਖੇ ਪਹਿਲੀ ਨਵੰਬਰ ਨੂੰ ਹੋਣ ਵਾਲੇ ਉਦਘਾਟਨੀ ਸਮਾਰੋਹ ਬਾਰੇ ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਕਿਹਾ ਕਿ ਇਹ ਸਮਾਗਮ ਪੰਜਾਬ ਦੇ ਖੇਡ ਇਤਿਹਾਸ ਵਿੱਚ ਇੱਕ ਨਿਵੇਕਲੀ ਤੇ ਵੱਖਰੀ ਛਾਪ ਹੋਵੇਗਾ। ਉਨ੍ਹਾਂ ਕਿਹਾ ਕਿ ਜਿਥੇ ਆਉਣ ਵਾਲੇ ਮਹਿਮਾਨਾਂ ਤੇ ਖਿਡਾਰੀਆਂ ਲਈ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਉਥੇ ਪੰਜਾਬ ਤੇ ਬਾਹਰੋਂ ਆਉਣ ਵਾਲੇ ਦਰਸ਼ਕਾਂ ਤੇ ਖੇਡ ਪ੍ਰੇਮੀਆਂ ਲਈ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਵਿਸ਼ਵ ਕਬੱਡੀ ਕੱਪ ਖੇਡਾਂ ਪ੍ਰਤੀ ਨੌਜਵਾਨਾਂ ਦਾ ਉਤਸ਼ਾਹ ਵਧਾਉਣ ਤੇ ਪੰਜਾਬ ਦੀ ਖੇਡ ਕਬੱਡੀ ਨੂੰ ਬੁਲੰਦੀਆਂ ਤੇ ਲਿਜਾਣ ਲਈ ਇੱਕ ਪੌੜੀ ਦਾ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਉਦਘਾਟਨੀ ਸਮਾਰੋਹ ਵਿੱਚ ਬਾਲੀਵੁੱਡ ਸਿਤਾਰੇ ਸ਼ਾਹਰੁਖ ਖਾਨ ਦੀ ਹਾਜ਼ਰੀ ਇਸ ਸਮਾਗਮ ਪ੍ਰਤੀ ਲੋਕਾਂ ਵਿੱਚ ਖਿੱਚ ਦਾ ਕਾਰਨ ਬਣੀ ਹੋਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਇਤਿਹਾਸਕ ਸਮਾਗਮ ਦਾ ਆਨੰਦ ਮਾਨਣ ਲਈ ਜ਼ਰੂਰ ਆਉਣ ਤੇ ਪ੍ਰਸ਼ਾਸਨ ਦਰਸ਼ਕਾਂ ਦੇ ਖੇਡ ਪ੍ਰੇਮੀਆਂ ਦੀ ਹਰ ਸਹੂਲਤ ਲਈ ਪ੍ਰਤੀਬੱਧ ਹੈ।
ਸ੍ਰੀ ਯਾਦਵ ਨੇ ਕਿਹਾ ਕਿ ਇਸ ਸਮਾਗਮ ਵਿੱਚ ਵੱਡੀ ਗਿਣਤੀ ਦਰਸ਼ਕ ਤੇ ਖੇਡ ਪ੍ਰੇਮੀ ਆਉਣਗੇ ਜਿਨ੍ਹਾਂ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਦਰਸ਼ਕਾਂ ਦੇ ਬੈਠਣ ਲਈ ਨਵੇਂ ਸਟੇਡੀਅਮ ਵਿੱਚ ਵਧੀਆ ਥਾਂ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਵਾਹਨਾਂ ਲਈ ਵੱਖਰੀ ਪਾਰਕਿੰਗ ਤੇ ਸਟੇਡੀਅਮ ਵੱਲ ਆਉਣ ਲਈ ਵੱਖਰੇ ਰਾਸਤੇ ਨਿਰਧਾਰਤ ਕੀਤੇ ਗਏ ਹਨ ਤਾਂ ਜੋ ਆਉਣ ਵਾਲੇ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਦਿੱਕਤ ਪੇਸ਼ ਨਾ ਆਵੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਬਲਿਕ ਪਾਰਕਿੰਗ ਤੋਂ ਸਟੇਡੀਅਮ ਵੱਲ ਜਾਣ ਵਾਲੇ ਰਸਤਿਆਂ ਉੱਪਰ ਲੋਕਾਂ ਦੀ ਸਹੂਲਤ ਲਈ ਖਾਣ-ਪੀਣ ਵਾਲੀਆਂ ਵਸਤਾਂ ਦੇ ਸਟਾਲ ਹੋਣਗੇ। ਉਨ੍ਹਾਂ ਕਿਹਾ ਕਿ ਦਰਸ਼ਕਾਂ ਲਈ ਪੀਣ ਵਾਲੇ ਪਾਣੀ ਤੇ ਪਬਲਿਕ ਟੁਆਇਲਟਸ ਦਾ ਪ੍ਰਬੰਧ ਕੀਤਾ ਗਿਆ ਹੈ।
ਸ੍ਰੀ ਯਾਦਵ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸਹੂਲਤ ਲਈ ਦੋ ਕੰਟਰੋਲ ਰੂਮ ਵੀ ਸਥਾਪਤ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ ਇੱਕ ਖੇਡ ਸਟੇਡੀਅਮ ਵਿਖੇ ( 0164-2213226, 75894-48875, 92163-17275) ਅਤੇ ਇੱਕ ਕੰਟਰੋਲ ਰੂਮ ਡਿਪਟੀ ਕਮਿਸ਼ਨਰ ਦਫਤਰ ਵਿਖੇ ( 0164-2862100, 0164-2862101 , 75894-48874, 92163-17135) ਵਿਖੇ ਸਥਾਪਤ ਹੈ । ਉਨ੍ਹਾਂ ਕਿਹਾ ਕਿ ਲੋਕ ਇਨ੍ਹਾਂ ਨੰਬਰਾਂ ਉਪਰ ਕਿਸੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਲਾਕਾਰਾਂ ਵਾਲੀ ਸਟੇਜ ਸਟੇਡੀਅਮ ਦੇ ਵਿਚਕਾਰ ਬਣਾਈ ਗਈ ਹੈ ਜਿਸ ਨਾਲ ਹਰ ਦਰਸ਼ਕ ਨੂੰ ਸਮੁੱਚੇ ਸਮਾਗਮ ਨੂੰ ਬੜੀ ਆਸਾਨੀ ਨਾਲ ਦੇਖ ਸਕੇਗਾ ਤੇ ਆਨੰਦ ਮਾਣ ਸਕੇਗਾ। ਉਨ੍ਹਾਂ ਕਿਹਾ ਕਿ ਟ੍ਰੈਫਿਕ ਰੂਟ ਵੱਖਰੇ ਨਿਰਧਾਰਤ ਕੀਤੇ ਗਏ ਹਨ ਤਾਂ ਜੋ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਿਲ ਪੇਸ਼ ਨਾ ਆਵੇ।