*ਝੀਲ ‘ਚ ਕਿਸ਼ਤੀਆਂ ਤੇ ਸ਼ਿਕਾਰੇ ਚਲਾਉਣ ਦਾ ਕੀਤਾ ਉਦਘਾਟਨ
ਬਠਿੰਡਾ – ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਅੱਜ ਬਠਿੰਡਾ ਵਿਖੇ ਥਰਮਲ ਦੀ ਝੀਲ ਨੰਬਰ 3 ‘ਤੇ ਕਿਸ਼ਤੀਆਂ ਅਤੇ ਸ਼ਿਕਾਰੇ ਚਲਾਉਣ ਦਾ ਉਦਘਾਟਨ ਕਰਦਿਆਂ ਕਿਹਾ ਕਿ ਬਠਿੰਡਾ ਨੂੰ ਮਾਲਵੇ ਦੀ ਮਨੋਰੰਜਨ ਹੱਬ ਵਜੋਂ ਵਿਕਸਿਤ ਕੀਤਾ ਜਾਵੇਗਾ। ਉਨ੍ਹਾਂ ਨੇ ਇਸ ਮੌਕੇ ਆਪਣੇ ਬੱਚਿਆਂ ਨਾਲ ਕਿਸ਼ਤੀ ‘ਚ ਬੈਠ ਕੇ ਝੀਲ ਦਾ ਗੇੜਾ ਵੀ ਲਾਇਆ।
ਇਸ ਮੌਕੇ ਹੋਏ ਇਕ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਜਲਦ ਹੀ ਇਥੇ ਹਾਊਸ ਬੋਟ, ਪੈਰਾ ਸੇਲਿੰਗ ਅਤੇ ਵਾਟਰ ਸਪੋਰਟਸ ਦੀ ਵੀ ਸ਼ੁਰੂਆਤ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਬਠਿੰਡਾ ਨੂੰ ਨੌਜਵਾਨ ਪੀੜ੍ਹੀ ਲਈ ਮਨੋਰੰਜਨ ਅਤੇ ਫੂਡ ਦਾ ਕੇਂਦਰ ਬਣਾਇਆ ਜਾਵੇਗਾ ਅਤੇ ਇਸ ਲਈ ਕਈ ਪ੍ਰਾਜੈਕਟ ਸ਼ੁਰੂ ਕੀਤੇ ਜਾਣਗੇ। ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਬਠਿੰਡਾ ਨੂੰ ਕੌਟਨ ਹੱਬ ਬਣਾਉਣ ਦਾ ਜਿਹੜਾ ਵਾਅਦਾ ਕੀਤਾ ਸੀ ਉਹ ਵੀ ਜਲਦ ਹੀ ਪੂਰਾ ਕੀਤਾ ਜਾ ਰਿਹਾ ਹੈ ਅਤੇ ਇਥੇ ਜੀਨਾਂ ਦੀ ਕੰਪਨੀ ਵੱਲੋਂ ਇਕ ਵੱਡਾ ਕਾਰਖਾਨਾ ਖੋਲ੍ਹਿਆ ਜਾ ਰਿਹਾ ਹੈ। ਇਥੇ ਨਰਮੇ ਤੋਂ ਜੀਨਾਂ ਤਿਆਰ ਕੀਤੀਆਂ ਜਾਣਗੀਆਂ ਅਤੇ ਬਾਹਰਲੇ ਮੁਲਕਾਂ ਨੂੰ ਵੀ ਨਿਰਯਾਤ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕੰਪਨੀ ਨੇ ਆਪਣੀ ਪੱਧਰ ‘ਤੇ 350 ਏਕੜ ਜ਼ਮੀਨ ਲੈ ਲਈ ਹੈ ਅਤੇ ਇਸ ਕਾਰਖਾਨੇ ਵਿਚ 90 ਫੀਸਦੀ ਨੌਕਰੀਆਂ ਲੜਕੀਆਂ ਨੂੰ ਦਿੱਤੀਆਂ ਜਾਣਗੀਆਂ। ਉਪ ਮੁੱਖ ਮੰਤਰੀ ਨੇ ਕਿਹਾ ਕਿ ਇਹ ਨਿਵੇਸ਼ ਦਾ ਇਕ ਵੱਡਾ ਉਦਮ ਹੋਵੇਗਾ ਅਤੇ ਇਸ ਤੋਂ ਉਤਸ਼ਾਹਿਤ ਹੋ ਕੇ ਹੋਰ ਵੀ ਕੰਪਨੀਆਂ ਇਥੇ ਨਿਵੇਸ਼ ਕਰਨਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਿਵੇਸ਼ਕਾਂ ਨੂੰ ਬੁਨਿਆਦੀ ਢਾਂਚਾ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।
ਇਸ ਮੌਕੇ ਹੋਈ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ, ਕਿ ਅਕਾਲੀ-ਭਾਜਪਾ ਸਰਕਾਰ ਵਿਸ਼ਵ ਕਬੱਡੀ ਕੱਪ ਦਾ ਲਾਹਾ ਲੈਣ ‘ਤੇ ਲੱਗੀ ਹੋਈ ਹੈ, ਸਬੰਧੀ ਪੱਤਰਕਾਰਾਂ ਵੱਲੋਂ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਉਪ ਮੁੱਖ ਮੰਤਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਕੋਈ ਏਜੰਡਾ ਨਹੀਂ ਹੈ ਅਤੇ ਉਹ ਅਕਾਲੀ-ਭਾਜਪਾ ਸਰਕਾਰ ਦੇ ਹਰੇਕ ਪ੍ਰਾਜੈਕਟ ਨੂੰ ਰੋਕਣ ਦਾ ਯਤਨ ਕਰਦੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਹੋਰਾਂ ਦੇ ਹੀ ਸਭ ਤੋਂ ਵੱਧ ਪੰਜਾਬ ਵਿਰੋਧੀ ਬਿਆਨ ਆ ਰਹੇ ਹਨ। ਆ ਰਹੀਆਂ ਵਿਧਾਨ ਸਭਾ ਚੋਣਾਂ ‘ਚ ਟਿਕਟਾਂ ਦੀ ਵੰਡ ਸਬੰਧੀ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਲੋਕਾਂ ਦੇ ਹੁੰਗਾਰੇ ਅਤੇ ਜਿੱਤ ਦੀ ਸੰਭਾਵਨਾ ਵਾਲੇ ਆਗੂਆਂ ਨੂੰ ਹੀ ਇਨ੍ਹਾਂ ਚੋਣਾਂ ‘ਚ ਉਮੀਦਵਾਰ ਬਣਾਇਆ ਜਾਵੇਗਾ। ਸ੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸਾ ਵਿਰਾਸਤੀ ਕੰਪਲੈਕਸ ਬਾਰੇ ਗੱਲ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰਾਜੈਕਟ ਅਕਾਲੀ-ਭਾਜਪਾ ਸਰਕਾਰ ਵੱਲੋਂ ਕਰੋੜਾਂ ਰੁਪਏ ਲਗਾ ਕੇ ਬਹੁਤ ਮਿਹਨਤ ਨਾਲ ਮੁਕੰਮਲ ਕੀਤਾ ਗਿਆ ਹੈ ਜੋ ਕਿ ਇਕ ਵੱਡਾ ਉਦਮ ਹੈ। ਇਸ ਮੌਕੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ: ਸਿਕੰਦਰ ਸਿੰਘ ਮਲੂਕਾ, ਮੁੱਖ ਪਾਰਲੀਮਾਨੀ ਸਕੱਤਰ ਸ: ਜਗਦੀਪ ਸਿੰਘ ਨਕੱਈ, ਹਲਕਾ ਇੰਚਾਰਜ ਸ਼ਹਿਰੀ ਸ੍ਰੀ ਸਰੂਪ ਚੰਦ ਸਿੰਗਲਾ, ਹਲਕਾ ਇੰਚਾਰਜ ਦਿਹਾਤੀ ਸ: ਦਰਸ਼ਨ ਸਿੰਘ ਕੋਟਫੱਤਾ, ਮੇਅਰ ਸ: ਬਲਜੀਤ ਸਿੰਘ ਬੀੜ ਬਹਿਮਣ, ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ, ਜ਼ਿਲ੍ਹਾ ਪੁਲਿਸ ਮੁਖੀ ਡਾ. ਸੁਖਚੈਨ ਸਿੰਘ ਗਿੱਲ, ਜ਼ਿਲ੍ਹਾ ਸਿਹਤ ਅਡਵਾਈਜ਼ਰੀ ਕਮੇਟੀ ਦੇ ਮੈਂਬਰ ਡਾ. ਓਮ ਪ੍ਰਕਾਸ਼ ਸ਼ਰਮਾ ਤੋਂ ਇਲਾਵਾ ਬਹੁਤ ਸਾਰੇ ਅਕਾਲੀ-ਭਾਜਪਾ ਆਗੂ ਅਤੇ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ।