ਪਟਿਆਲਾ – ” ਅਜੋਕੇ ਤਣਾਅ ਭਰੇ ਜੀਵਨ ਵਿੱਚ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਤੋਂ ਰਾਹਤ ਪਾਉਣ ‘ਚ ਜਿਥੇ ਯੋਗ ਕਿਰਿਆਵਾਂ ਮਹੱਤਵਪੂਰਨ ਭੂਮਿਕਾ ਅਦਾ ਕਰਦੀਆਂ ਹਨ ਉਥੇ ਹੀ ਸਾਡੇ ਦੇਸ਼ ਦੀ ਪ੍ਰਾਚੀਨ ਇਲਾਜ ਵਿਧੀ ਆਯੁਰਵੈਦ ਵੀ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ । ਇਸ ਲਈ ਸਾਰਿਆਂ ਨੂੰ ਚਾਹੀਦਾ ਹੈ ਕਿ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਯੋਗ ਅਤੇ ਆਯੁਰਵੈਦ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ ।” ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਅਰਬਨ ਅਸਟੇਟ ਫੇਜ਼ ਦੋ ਵਿਖੇ ਖੋਲ੍ਹੇ ਗਏ ਪਤੰਜਲੀ ਅਰੋਗ ਕੇਂਦਰ ਦਾ ਉਦਘਾਟਨ ਕਰਨ ਮਗਰੋਂ ਕੀਤਾ । ਸ਼੍ਰੀ ਗਰਗ ਨੇ ਕਿਹਾ ਕਿ ਆਯੁਰਵੈਦ ਅਤੇ ਯੋਗ ਦੇ ਨਾਲ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਤੇਜ਼ੀ ਨਾਲ ਛੁਟਕਾਰਾ ਮਿਲਣ ਦੀਆਂ ਵੱਧ ਸੰਭਾਵਨਾਵਾਂ ਹੁੰਦੀਆਂ ਹਨ ।
ਸ਼੍ਰੀ ਗਰਗ ਨੇ ਇਹ ਵੀ ਕਿਹਾ ਕਿ ਦੇਸੀ ਜੜ੍ਹੀ-ਬੂਟੀਆਂ ਦੇ ਨਾਲ ਨਾਲ ਦੁਰਲੱਭ ਅਤੇ ਕੀਮਤੀ ਭਸਮਾਂ ਨਾਲ ਯੋਜਨਾਬੱਧ ਢੰਗ ਨਾਲ ਤਿਆਰ ਕੀਤੀਆਂ ਜਾਣ ਵਾਲੀਆਂ ਆਯੁਰਵੈਦਿਕ ਦਵਾਈਆਂ ਪ੍ਰਤੀ ਲੋਕਾਂ ਦਾ ਵਧ ਰਿਹਾ ਵਿਸ਼ਵਾਸ਼ ਵੀ ਆਪਣੇ ਆਪ ਵਿੱਚ ਇੱਕ ਮਿਸਾਲ ਹੈ । ਪਤੰਜਲੀ ਯੋਗ ਪੀਠ ਹਰਿਦੁਆਰ ਦੇ ਪ੍ਰਬੰਧਾਂ ਹੇਠ ਖੋਲ੍ਹੇ ਗਏ ਅਰੋਗ ਕੇਂਦਰ ਵੱਲੋਂ ਲੋੜਵੰਦਾਂ ਦੀ ਸੇਵਾ ਵੱਜੋਂ ਕੀਤੇ ਜਾਣ ਵਾਲੇ ਉਪਰਾਲਿਆਂ ਬਾਰੇ ਦੱਸਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਰਬਨ ਅਸਟੇਟ ਅਤੇ ਨੇੜਲੀਆਂ ਕਲੋਨੀਆਂ ਦੇ ਲੋਕਾਂ ਲਈ ਕੇਂਦਰ ਵੱਲੋਂ ਸਮੇਂ-ਸਮੇਂ ‘ਤੇ ਮੁਫਤ ਯੋਗ ਸਿਖਲਾਈ ਕੈਂਪ ਲਗਾਏ ਜਾਣਗੇ ਤਾਂ ਜੋ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਆਪੋ ਆਪਣਾ ਯੋਗਦਾਨ ਪਾਇਆ ਜਾ ਸਕੇ । ਇਸ ਮੌਕੇ ਕੇਂਦਰ ਦੇ ਸੰਚਾਲਕ ਸ਼੍ਰੀ ਅਸ਼ੋਕ ਮਿੱਤਲ ਅਤੇ ਵੈਦ ਸ਼੍ਰੀ ਇੰਦਰਪਾਲ ਗੋਇਲ ਵੀ ਹਾਜ਼ਰ ਸਨ ।