October 30, 2011 admin

ਹਰਸਿਮਰਤ ਕੌਰ ਬਾਦਲ ਵੱਲੋਂ ਬਠਿੰਡਾ ਤੇ ਮਾਨਸਾ ਜ਼ਿਲ੍ਹਿਆਂ ਦੀਆਂ ਵਿਜੀਲੈਂਸ ਅਤੇ ਮੌਨੀਟਰਿੰਗ ਕਮੇਟੀਆਂ ਦੀ ਸਾਂਝੀ ਮੀਟਿੰਗ

ਬਠਿੰਡਾ – ਜ਼ਿਲ੍ਹਾ ਬਠਿੰਡਾ ਤੇ ਮਾਨਸਾ ਦੀਆਂ ਵਿਜੀਲੈਂਸ ਅਤੇ ਮੌਨੀਟਰਿੰਗ ਕਮੇਟੀਆਂ ਦੀ ਅਹਿਮ ਮੀਟਿੰਗ ਲੋਕ ਸਭਾ ਹਲਕਾ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਦੀ ਪ੍ਰਧਾਨਗੀ ਹੇਠ ਅੱਜ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਚ ਹੋਈ। ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਤਲਵੰਡੀ ਸਾਬੋ ਦੇ ਹਲਕਾ ਇੰਚਾਰਜ ਸ੍ਰੀ ਅਮਰਜੀਤ ਸਿੰਘ ਸਿੱਧੂ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਸ੍ਰੀ ਦਰਸ਼ਨ ਸਿੰਘ ਕੋਟਫੱਤਾ, ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਰਵਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਬਠਿੰਡਾ ਡਾ. ਅਭਿਨਵ ਤ੍ਰਿਖਾ, ਐਸ. ਡੀ. ਐਮ. ਬਠਿੰਡਾ ਸ੍ਰੀ ਸੰਦੀਪ ਰਿਸ਼ੀ ਤੋਂ ਇਲਾਵਾ ਦੋਵਾਂ ਜ਼ਿਲ੍ਹਿਆਂ ਦੇ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਹਾਜ਼ਰ ਸਨ।
ਮੀਟਿੰਗ ਦੌਰਾਨ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀਆਂ ਨੇ ਕੇਂਦਰ ਦੀਆਂ ਸਪਾਂਸਰਡ ਸਕੀਮਾਂ ਦੀ ਵੇਰਵਾ ਰਿਪੋਰਟ ਪੇਸ਼ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਵੱਖ-ਵੱਖ ਸਕੀਮਾਂ ਤਹਿਤ ਕਿੰਨੇ ਫੰਡ ਪ੍ਰਾਪਤ ਹੋਏ ਅਤੇ ਕਿੰਨੇ ਖਰਚ ਕੀਤੇ ਗਏ।  ਅਧਿਕਾਰੀਆਂ ਨੇ ਇਨ੍ਹਾਂ ਸਕੀਮਾ ਤਹਿਤ ਹੋ ਰਹੇ ਅਤੇ ਹੋਣ ਵਾਲੇ ਵਿਕਾਸ ਕਾਰਜਾਂ ਬਾਰੇ ਵੀ ਰਿਪੋਰਟ ਪੇਸ਼ ਕੀਤੀ। ਮੀਟਿੰਗ ਦੌਰਾਨ ਬੀਬੀ ਬਾਦਲ ਨੇ ਸਰਬ ਸਿੱਖਿਆ ਅਭਿਆਨ, ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ, ਇੰਦਰਾ ਆਵਾਸ ਯੋਜਨਾ, ਮਨਰੇਗਾ, ਸੈਨੀਟੇਸ਼ਨ ਤੇ ਵਾਟਰ ਸਪਲਾਈ ਸਕੀਮ, ਮਿੱਡ ਡੇ ਮੀਲ, ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਪਰਿਵਾਰਾਂ ਸਬੰਧੀ ਸਕੀਮਾਂ, ਬਾਗਬਾਨੀ ਬਾਰੇ ਕੇਂਦਰੀ ਸਕੀਮਾਂ ਤੇ ਹੋਰ ਵਿਭਾਗਾਂ ਤਹਿਤ ਚੱਲਣ ਵਾਲੀਆਂ ਸਕੀਮਾਂ ਬਾਰੇ ਅਧਿਕਾਰੀਆਂ ਤੋਂ ਵਿਸਥਾਰਤ ਜਾਣਕਾਰੀ ਪ੍ਰਾਪਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਕੇਂਦਰੀ ਸਕੀਮਾਂ ਤਹਿਤ ਪ੍ਰਾਪਤ ਹੋਣ ਵਾਲੇ ਫੰਡਾਂ ਨੂੰ ਸਮੇਂ ਸਿਰ ਖ਼ਰਚਿਆ ਜਾਵੇ ਅਤੇ ਇਸ ਦੀਆਂ ਵਿਸਥਾਰ ਪੂਰਵਕ ਰਿਪੋਰਟਾਂ ਨਾਲ ਦੀ ਨਾਲ ਮੁਹੱਈਆ ਕਰਵਾਈਆਂ ਜਾਣ। ਉਨ੍ਹਾਂ ਕਿਹਾ ਕਿ ਇਨ੍ਹਾਂ ਸਕੀਮਾਂ ਬਾਰੇ ਲੋਕਾਂ ਨੂੰ ਵੀ ਵੱਧ ਤੋਂ ਵੱਧ ਜਾਣੂ ਕਰਵਾਇਆ ਜਾਵੇ ਤਾਂ ਜੋ ਲੋਕ ਇਨ੍ਹਾਂ ਦਾ ਵੱਧ ਤੋਂ ਵੱਧ ਫਾਇਦਾ ਉਠਾ ਸਕਣ।

Translate »