ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਈ ਜਨਰਲ ਚੋਣ ‘ਚ ਹਲਕਾ ਦਿੜਬਾ (ਸੰਗਰੂਰ) ਤੋਂ ਨਵੇਂ ਚੁਣੇ ਮੈਂਬਰ ਬੀਬੀ ਮਲਕੀਤ ਕੌਰ ਕਮਾਲਪੁਰ ਸ਼ੁਕਰਾਨੇ ਵਜੋਂ ਰੁਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਅਤੇ ਕੀਰਤਨ ਸਰਵਣ ਕੀਤਾ।
ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਬੀਬੀ ਮਲਕੀਤ ਕੌਰ ਅਤੇ ਜਥੇ. ਤੇਜਾ ਸਿੰਘ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ (ਸੰਗਰੂਰ) ਨੂੰ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਖੱਟੜਾ ਵਲੋਂ ਸ੍ਰੀ ਦਰਬਾਰ ਸਾਹਿਬ ਦੇ ਮਾਡਲ ਅਤੇ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਕਮਾਲਪੁਰ ਨੇ ਕਿਹਾ ਕਿ ਮੈ ਪਰਿਵਾਰ ਸਮੇਤ ਗੁਰੂ ਸਾਹਿਬ ਦਾ ਸ਼ੁਕਰਾਨਾਂ ਕਰਨ ਆਈ ਹਾਂ ਤੇ ਪਾਰਟੀ (ਸ਼੍ਰੋਮਣੀ ਅਕਾਲੀ ਦਲ) ਨੇ ਮੇਰੇ ‘ਚ ਭਰੋਸਾ ਪ੍ਰਗਟ ਕਰਕੇ ਮੈਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜਾਈ ਹੈ ਮੈ ਦ੍ਰਿੜ ਵਿਸ਼ਵਾਸ਼ ਨਾਲ ਕਹਿੰਦੀ ਹਾਂ ਕਿ ਸਤਿਗੁਰੂ ਦੀ ਕ੍ਰਿਪਾ ਸਦਕਾ ਹਲਕਾ ਦਿੜਬਾ (ਸੰਗਰੂਰ) ਵਿਚ ਪ੍ਰਚਾਰ ਲਹਿਰ ਚਲਾਈ ਜਾਵੇਗੀ ਤੇ ਨੋਜਵਾਨਾਂ ਨੂੰ ਜੋ ਸਿੱਖੀ ਤੋ ਦੂਰ ਜਾ ਕੇ ਨਸ਼ਿਆਂ ਦੀ ਦਲਦਲ ਵਿੱਚ ਫੱਸਦੇ ਜਾ ਰਹੇ ਹਨ ਨੂੰ ਸਿੱਖੀ ਨਾਲ ਜੋੜਨ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ।
ਇਸ ਮੌਕੇ ਪਰਿਵਾਰਕ ਮੈਂਬਰਾਂ ‘ਚ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਮੀਤ ਪ੍ਰਧਾਨ ਸ. ਤੇਜਾ ਸਿੰਘ ਕਮਾਲਪੁਰ, ਉਨ੍ਹਾਂ ਦੇ ਭਰਾ ਗੁਰਮੇਲ ਸਿੰਘ ਤੇ ਸੁਖਪਾਲ ਸਿੰਘ ਭਤੀਜੇ ਸ. ਜਗਮੀਤ ਸਿੰਘ ਤੇ ਸ. ਯਾਦਵਿੰਦਰ ਸਿੰਘ, ਬੇਟੀ ਬੀਬੀ ਬਰਿੰਦਰ ਕੌਰ, ਬੀਬੀ ਦਲਬੀਰ ਕੌਰ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਕੁਲਵਿੰਦਰ ਸਿੰਘ ਰਮਦਾਸ, ਗੋਲਡਨ ਆਫ਼ਸੈੱਟ ਪ੍ਰੈੱਸ ਦੇ ਮੈਨੇਜਰ ਸ. ਦੀਪਇੰਦਰ ਸਿੰਘ ਤੇ ਸੂਚਨਾ ਅਧਿਕਾਰੀ ਸ. ਗੁਰਬਚਨ ਸਿੰਘ ਵੀ ਮੌਜੂਦ ਸਨ।