ਬਠਿੰਡਾ – ਐਡਵਾਂਸਡ ਕੈਂਸਰ ਡਾਇਗਨੋਸਟਿਕ, ਟਰੀਟਮੈਂਟ ਅਤੇ ਰਿਸਰਚ ਸੈਂਟਰ ਉੱਤਰੀ ਭਾਰਤ ਦਾ ਪਹਿਲਾ ਅਜਿਹਾ ਕੇਂਦਰ ਹੋਵੇਗਾ ਜਿੱਥੇ ਕੈਂਸਰ ਰੋਗ ਦੇ ਮਰੀਜ਼ਾਂ ਨੂੰ ਸਸਤੇ ਰੇਟਾਂ ‘ਤੇ ਬਿਹਤਰ ਇਲਾਜ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਕੇਂਦਰ ਵਿੱਚ ਕੈਂਸਰ ਰੋਗੀਆਂ ਦਾ ਪੀ.ਜੀ.ਆਈ. ਦੇ ਰੇਟਾਂ ਅਨੁਸਾਰ ਹੀ ਇਲਾਜ ਕੀਤਾ ਜਾਵੇਗਾ।
ਇਹ ਐਲਾਨ ਮੁੱਖ ਮੰਤਰੀ ਨੇ ਅੱਜ ਇੱਥੇ ਐਡਵਾਂਸਡ ਕੈਂਸਰ ਡਾਇਗਨੋਸਟਿਕ, ਟਰੀਟਮੈਂਟ ਅਤੇ ਰਿਸਚਰਚ ਸੈਂਟਰ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਸੰਸਦ ਮੈਂਬਰ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਵੀ ਹਾਜ਼ਰ ਸਨ। ਇਹ ਕੇਂਦਰ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਅਤੇ ਪਿਮਜ਼ ਦੇ ਸਹਿਯੋਗ ਨਾਲ ਸਥਾਪਤ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਕੇਂਦਰ ਦੇ ਨਿਰਮਾਣ ‘ਤੇ 70 ਕਰੋੜ ਰੁਪਏ ਖਰਚ ਆਉਣਗੇ ਅਤੇ ਇਹ ਰਾਸ਼ੀ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਨੂੰ ਜਾਰੀ ਵੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਕੇਂਦਰ ਦੇ ਨਾਲ 50 ਬਿਸਤਰਿਆਂ ਦਾ ਹਸਪਤਾਲ ਵੀ ਬਣਾਇਆ ਜਾਵੇਗਾ ਜਿੱਥੇ ਵਿਸ਼ਵ ਪੱਧਰ ਦੇ ਸਾਜ਼ੋ-ਸਾਮਾਨ ਤੋਂ ਇਲਾਵਾ ਕੈਂਸਰ ਸਪੈਸ਼ਲਿਸਟ ਡਾਕਟਰ ਤਾਇਨਾਤ ਕੀਤੇ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਅਤੇ ਹਸਪਤਾਲ ਦਾ ਕੰਮ ਡੇਢ ਸਾਲ ਵਿੱਚ ਮੁਕੰਮਲ ਕਰ ਲਿਆ ਜਾਵੇਗਾ ਜਿਸ ਨਾਲ ਕੈਂਸਰ ਰੋਗੀਆਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਨਾ ਸਿਰਫ ਇਲਾਜ ਸਹੂਲਤਾਂ ਹੀ ਉਪਲਬਧ ਹੋਣਗੀਆਂ ਸਗੋਂ ਕੈਂਸਰ ਦੇ ਕਾਰਨਾਂ ਬਾਰੇ ਖੋਜ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਕੇਂਦਰ ਦੇ ਹੋਂਦ ਵਿੱਚ ਆਉਣ ਨਾਲ ਪੰਜਾਬ ਦੇ ਨਾਲ-ਨਾਲ ਗੁਆਂਢੀ ਸੂਬਿਆਂ ਦੇ ਕੈਂਸਰ ਰੋਗੀਆਂ ਨੂੰ ਵੱਡੀ ਰਾਹਤ ਮਿਲੇਗੀ।
ਸ. ਬਾਦਲ ਨੇ ਕਿਹਾ ਕਿ ਕੈਂਸਰ ਜਿਹੀ ਨਾ-ਮੁਰਾਦ ਬਿਮਾਰੀ ਨੇ ਪੰਜਾਬੀਆਂ ਦਾ ਵੱਡਾ ਨੁਕਸਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਜ ਵਿੱਚ ਪਹਿਲਾਂ ਕੋਈ ਵੱਡੀ ਸਿਹਤ ਸੰਸਥਾ ਨਾ ਹੋਣ ਕਾਰਨ ਕੈਂਸਰ ਰੋਗੀਆਂ ਨੂੰ ਮਜਬੂਰਨ ਬੀਕਾਨੇਰ ਵਿੱਚ ਜਾਣਾ ਪੈਂਦਾ ਸੀ ਪਰ ਸਾਡੀ ਸਰਕਾਰ ਨੇ ਬਠਿੰਡਾ ਅਤੇ ਮੁਹਾਲੀ ਵਿੱਚ ਮੈਕਸ ਕੰਪਨੀ ਦੇ ਸਹਿਯੋਗ ਨਾਲ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲਾਂ ਦੀ ਸਥਾਪਨਾ ਕਰਵਾਈ ਹੈ ਜਿੱਥੇ ਬਿਹਤਰ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਂਸਰ ਦਾ ਇਲਾਜ ਮਹਿੰਗਾ ਹੋਣ ਕਰਕੇ ਸਰਕਾਰ ਨੇ 20 ਕਰੋੜ ਰੁਪਏ ਦਾ ਕਾਰਪਸ ਫੰਡ ਕਾਇਮ ਕੀਤਾ ਹੈ ਜਿਸ ਵਿੱਚੋਂ ਕੈਂਸਰ ਰੋਗੀ ਨੂੰ ਇਲਾਜ ਲਈ ਡੇਢ ਲੱਖ ਦੀ ਮਾਲੀ ਇਮਦਾਦ ਦਿੱਤੀ ਜਾਂਦੀ ਹੈ। ਇਸ ਤੋਂ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਵੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੈਂਸਰ ਦੇ ਅਗੇਤੇ ਲੱਛਣਾਂ ਦੀ ਜਾਂਚ ਲਈ ਰਾਜ ਭਰ ਵਿੱਚ ਕੈਂਪ ਲਾਏ ਜਾਣਗੇ ਜਿੱਥੇ ਜਾਂਚ ਟੈਸਟ ਮੁਫਤ ਕੀਤੇ ਜਾਣਗੇ।
ਇਸ ਮੌਕੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਾਸੀਆਂ ਲਈ ਅੱਜ ਇਤਿਹਾਸਕ ਦਿਨ ਹੈ ਕਿਉਂਕਿ ਇਸ ਤੋਂ ਪਹਿਲਾਂ ਪੰਜਾਬ ਦੇ ਕੈਂਸਰ ਰੋਗੀਆਂ ਨੂੰ ਇਲਾਜ ਲਈ ਬੀਕਾਨੇਰ ਸਮੇਤ ਰਾਜ ਤੋਂ ਬਾਹਰਲੇ ਸ਼ਹਿਰਾਂ ਵਿੱਚ ਜਾਣਾ ਪੈਂਦਾ ਸੀ ਪਰ ਹੁਣ ਉਨ੍ਹਾਂ ਨੂੰ ਘੱਟ ਰੇਟਾਂ ‘ਤੇ ਵਧੀਆ ਇਲਾਜ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਕੇਂਦਰ ਉੱਤਰੀ ਭਾਰਤ ਦੇ ਬਿਹਤਰੀਨ ਕੇਂਦਰਾਂ ਵਿੱਚੋਂ ਇਕ ਹੋਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕੈਂਸਰ ਰੋਗ ਦੇ ਖਾਤਮੇ ਲਈ ਅਨੇਕਾਂ ਕਦਮ ਚੁੱਕੇ ਹਨ ਜਿਸ ਤਹਿਤ ਸਾਫ-ਸੁਥਰਾ ਪਾਣੀ ਮੁਹੱਈਆ ਕਰਵਾਉਣ ਲਈ ਪਿੰਡਾਂ ਅਤੇ ਸ਼ਹਿਰਾਂ ਵਿੱਚ ਆਰ.ਓ. ਸਿਸਟਮ ਦੀ ਸਥਾਪਨਾ ਤੋਂ ਇਲਾਵਾ ਮੁਹਾਲੀ ਅਤੇ ਬਠਿੰਡਾ ਵਿੱਚ ਦੋ ਵੱਡੇ ਹਸਪਤਾਲਾਂ ਦਾ ਨਿਰਮਾਣ ਵੀ ਕਰਵਾਇਆ ਗਿਆ ਹੈ। ਇਸ ਮੌਕੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਸਿਕੰਦਰ ਸਿੰਘ ਮਲੂਕਾ, ਮੁੱਖ ਸੰਸਦੀ ਸਕੱਤਰ ਸ੍ਰੀ ਜਗਦੀਪ ਸਿੰਘ ਨਕੱਈ, ਹਲਕਾ ਇੰਚਾਰਜ ਸ੍ਰੀ ਸਰੂਪ ਚੰਦ ਸਿੰਗਲਾ, ਸ੍ਰੀ ਅਮਰਜੀਤ ਸਿੰਘ ਸਿੱਧੂ, ਸ੍ਰੀ ਦਰਸ਼ਨ ਸਿੰਘ ਕੋਟਫੱਤਾ, ਮੇਅਰ ਸ੍ਰੀ ਬਲਜੀਤ ਸਿੰਘ ਬੀੜ ਬਹਿਮਣ, ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ, ਜ਼ਿਲ੍ਹਾ ਪੁਲਿਸ ਮੁਖੀ ਡਾ ਸੁਖਚੈਨ ਸਿੰਘ ਗਿੱਲ, ਬਾਬਾ ਫਰੀਦ ਹੈਲਥ ਸਾਇੰਸਜ਼ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਐਸ ਐਸ ਗਿੱਲ ਅਤੇ ਜ਼ਿਲ੍ਹਾ ਹੈਲਥ ਅਡਵਾਈਜ਼ਰੀ ਕਮੇਟੀ ਦੇ ਮੈਂਬਰ ਡਾ. ਓਮ ਪ੍ਰਕਾਸ਼ ਸ਼ਰਮਾ ਦੇ ਹੋਰ ਆਗੂ ਹਾਜ਼ਰ ਸਨ।