ਬਠਿੰਡਾ – ਦੂਜੇ ਵਿਸ਼ਵ ਕਬੱਡੀ ਕੱਪ ਦੇ ਬਠਿੰਡਾ ਦੇ ਨਵੇਂ ਉਸਰੇ ਖੇਡ ਸਟੇਡੀਅਮ ਵਿਖੇ ਪਹਿਲੀ ਨਵੰਬਰ ਨੂੰ ਹੋਣ ਵਾਲੇ ਉਦਘਾਟਨੀ ਸਮਾਰੋਹ ਦੌਰਾਨ ਪਹੁੰਚਣ ਵਾਲੀਆਂ ਸ਼ਖਸੀਅਤਾਂ, ਦਰਸ਼ਕਾਂ ਤੇ ਖੇਡ ਪ੍ਰੇਮੀਆਂ ਦੀ ਸਹੂਲਤ ਜ਼ਿਲ੍ਹਾ ਪੁਲੀਸ ਵੱਲੋਂ ਟ੍ਰੈਫਿਕ ਰੂਟ ਨਿਰਧਾਰਤ ਕੀਤੇ ਗਏ ਹਨ। ਇਸ ਸਬੰਧੀ ਜ਼ਿਲ੍ਹਾ ਪੁਲੀਸ ਮੁਖੀ ਡਾ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਬਠਿੰਡਾ ਸ਼ਹਿਰ ਅੰਦਰ ਦਾਖਲ ਹੋਣ ਵਾਲੀਆਂ ਸਾਰੀਆਂ ਮੁੱਖ ਸੜਕਾਂ ਅਨੁਸਾਰ ਟ੍ਰੈਫਿਕ ਰੂਟ ਨਿਰਧਾਰਤ ਕੀਤੇ ਗਏ ਹਨ ਤਾਂ ਜੋ ਆਉਣ ਵਾਲੀਆਂ ਸਖਸ਼ੀਅਤਾਂ ਤੇ ਖੇਡ ਪ੍ਰੇਮੀਆਂ ਨੂੰ ਸਟੇਡੀਅਮ ਪੁੱਜਣ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ।
ਉਨ੍ਹਾਂ ਦੱਸਿਆ ਕਿ ਗੋਨਿਆਣਾ ਵਾਲੇ ਪਾਸਿਓ ਦਾਖਲ ਹੋਣ ਵਾਲੀਆਂ ਹੈਵੀ ਗੱਡੀਆਂ ਜ਼ਿਲ੍ਹਾ ਪ੍ਰੀਸ਼ਦ ਵਾਲੇ ਕੱਟ ਕੋਲ ਲੋਕਾਂ ਨੂੰ ਉਤਾਰਕੇ ਤਿੰਨ ਸਿਨੇਮਿਆਂ ਦੇ ਸਾਹਮਣੇ ਸੇਲਾਂ ਵਾਲੀਆਂ ਥਾਂ ਪਾਰਕ ਹੋਣਗੀਆਂ। ਇਸ ਤਰ੍ਹਾਂ ਬਰਨਾਲਾ ਸਾਈਡ ਤੋਂ ਬੀਬੀ ਵਾਲਾ ਚੌਕ ਵੱਲ ਦੀ ਆਉਣ ਵਾਲੀਆਂ ਹੈਵੀ ਗੱਡੀਆਂ ਮੰਦਿਰ ਨੇੜਿਓ 80 ਫੁੱਟ ਸੜਕ ‘ਤੇ ਜਾ ਕੇ ਕਿਸ਼ੋਰੀ ਲਾਲ ਰੋਡ ਉੱਤੇ ਲੋਕਾਂ ਨੂੰ ਉਤਾਰਨਗੀਆਂ ਤੇ ਨਾਰਥ ਅਸਟੇਟ, ਭਾਰਤ ਨਗਰ, ਨਹਿਰੂ ਕਾਲੋਨੀ ਵਾਲੇ ਪਾਸੇ ਪਾਰਕ ਹੋਣਗੀਆਂ। ਮਾਨਸਾ ਰੋਡ ਤੋਂ ਆਉਣ ਵਾਲੀਆਂ ਹੈਵੀ ਗੱਡੀਆਂ ਭਾਗੂ ਰੋਡ ਰਾਹੀਂ ਹੋ ਕੇ 100 ਫੁੱਟੀ ਸੜਕ ਤੇ ਜਾਣਗੀਆਂ ਅਤੇ ਡਾ. ਮਹੇਸ਼ਵਰੀ ਚੌਕ ਲੋਕਾਂ ਨੂੰ ਉਤਾਰਕੇ ਫੇਜ਼-3 ਮਾਡਲ ਟਾਊਨ ਪਾਰਕ ਹੋਣਗੀਆਂ। ਉਨ੍ਹਾਂ ਦੱਸਿਆ ਕਿ ਵੀ.ਆਈ.ਪੀ ਪਾਰਕਿੰਗ ਟਰੱਕ ਯੂਨੀਅਨ ਵਾਲੇ ਪਾਸੇ ਹੋਵੇਗੀ।
ਡਾ. ਗਿੱਲ ਨੇ ਦੱਸਿਆ ਕਿ ਛੋਟੀਆਂ ਗੱਡੀਆਂ ਲਈ ਪਾਰਕਿੰਗ ਕੱਪੜਾ ਮਾਰਕੀਟ, ਨਿਹੰਗ ਮਾਰਕੀਟ, ਮਹਾਂਵੀਰ ਹਸਪਤਾਲ, ਸਰਕਾਰੀ ਸਕੂਲ ਮਾਲ ਰੋਡ ਤੇ ਡੀ.ਏ.ਵੀ ਕਾਲਜ ਗਰਾਂਊਡ ਨਿਰਧਾਰਤ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ ਦੁਪਹੀਆ ਵਾਹਨਾ ਲਈ ਪਾਰਕਿੰਗ ਵਾਲੀ ਥਾਂ ਐਮ.ਐਸ.ਡੀ. ਸਕੂਲ ਵਿਖੇ ਹੋਵੇਗੀ। ਉਨ੍ਹਾਂ ਦੱਸਿਆ ਕਿ ਸਟੇਡੀਅਮ ਅੰਦਰ ਦਰਸ਼ਕਾਂ ਦਾ ਦਾਖਲਾ ਵਿਰਾਸਤੀ ਪਿੰਡ ਸਾਈਡ, ਮਨੋਚਾ ਕਾਲੋਨੀ ਸਾਈਡ ਤੋਂ ਲੱਕੜ ਵਾਲਾ ਗੇਟ ਅਤੇ ਪੀਰਖਾਨ ਸਾਈਡ ਤੋਂ ਹੋਵੇਗਾ।