October 30, 2011 admin

ਗੁਰਮਤਿ-ਗਿਆਨ ਦੇ ਦੀਵੇ ਜਗਾ ਕੇ ਅਗਿਆਨਤਾ ਦਾ ਹਨੇਰਾ ਦੂਰ ਕਰਨ ਦੀ ਲੋੜ ਹੈ- ਸਿੰਘ ਸਾਹਿਬ

ਸਿੱਖੀ-ਸਿਦਕ ਤੇ ਹੱਕ-ਸੱਚ ਦੀਆਂ ਕਦਰਾਂ ਕੀਮਤਾਂ ‘ਤੇ ਪਹਿਰਾ ਦੇਂਦਿਆਂ ਗੁਰਮਤਿ ਗਾਡੀ ਰਾਹ ਅਪਣਾਉਣ ਦੀ ਲੋੜ ਹੈ- ਜਥੇ. ਅਵਤਾਰ ਸਿੰਘ
ਅੰਮ੍ਰਿਤਸਰ  – ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜਿਆ ਖ਼ਾਲਸਾ ਪੰਥ ਹਮੇਸ਼ਾਂ ਚੜ੍ਹਦੀ ਕਲਾ ‘ਚ ਰਹੇਗਾ ਭਾਵੇਂ ਕਿ ਸਮੇਂ-ਸਮੇਂ ਅੰਦਰੂਨੀ ਤੇ ਬਹਿਰੂਨੀ ਸਮੱਸਿਆਵਾਂ ਦੇ ਨਾਲ ਇਸ ਨੂੰ ਹਮੇਸ਼ਾਂ ਜੂਝਣਾ ਪਿਆ ਪਰ ਕਹਿਣੀ ਤੇ ਕਰਨੀ ਦੇ ਪੂਰੇ ਸੂਰਮੇ ਸਿੱਖ ਹਮੇਸ਼ਾਂ ਚੜ੍ਹਦੀ ਕਲਾ ‘ਚ ਰਹੇ ਤੇ ਰਹਿਣਗੇ, ਇਨ੍ਹਾ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੇ ਬੀਤੀ ਰਾਤ ਬੰਦੀ-ਛੋੜ (ਦੀਵਾਲੀ) ਦੇ ਅਵਸਰ ‘ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਊੜੀ ਤੋਂ ਸਿੱਖ ਜਗਤ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਧਾਂਤਕ ਸੂਝ, ਸਮਝ ਦੀ ਬਹੁਤ ਜ਼ਰੂਰਤ ਹੈ ਪਰ ਗੁਰੂ ਸਾਹਿਬ ਦੇ ਅਦਬ, ਸਤਿਕਾਰ ਨੂੰ ਕਾਇਮ ਰੱਖਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਸਰੂਪ ਗੁਰੂ-ਘਰਾਂ ਵਿਚ ਉਨੇ ਹੀ ਰੱਖੇ ਜਾਣ ਜਿੰਨਿਆਂ ਦੀ ਸੇਵਾ-ਸੰਭਾਲ ਅਤੇ ਅਦਬ-ਸਤਿਕਾਰ ਰੱਖਿਆ ਜਾ ਸਕੇ। ਹਰ ਰੋਜ਼ ਪਾਵਨ ਸਰੂਪਾਂ ਦੇ ਅਗਨ ਭੇਟ ਹੋਣ ਦੀਆਂ ਖਬਰਾਂ ਸਾਡੇ ਸਾਰਿਆਂ ਵਾਸਤੇ ਇਕ ਗੰਭੀਰ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਸਿੰਘਾਂ ਨੇ ਤਾਂ ਜੰਗਲਾਂ ਵਿਚ ਰਹਿ ਕੇ ਵੀ ਸਤਿਗੁਰਾਂ ਦੇ ਸਤਿਕਾਰ ਨੂੰ ਕਾਇਮ ਰੱਖਿਆ ਪਰ ਅੱਜ ਗੁਰਦੁਆਰਾ ਕਮੇਟੀਆਂ ਦੀ ਅਣਦੇਖੀ ਕਰਕੇ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ, ਇਸ ਲਈ ਸਮੁੱਚੀਆਂ ਦੇਸ਼-ਵਿਦੇਸ਼ ਦੀਆਂ ਕਮੇਟੀਆਂ, ਗੁਰੂ-ਘਰਾਂ ਦੇ ਪ੍ਰਬੰਧ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਕਿਸੇ ਵੀ ਗੁਰਦੁਆਰਾ ਕਮੇਟੀ ਪ੍ਰਧਾਨ ਦਾ ਅੰਮ੍ਰਿਤਧਾਰੀ ਹੋਣਾ ਵੀ ਯਕੀਨੀ ਬਣਾਇਆ ਜਾਵੇ। ਸ਼ਰਾਰਤੀ ਤੇ ਸਮਾਜ ਦੇ ਦੁਸ਼ਮਣ ਲੋਕਾਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਕਿ ਅਜਿਹੀਆਂ ਦੁਖਦਾਈ ਘਟਨਾਵਾਂ ਅੱਗੇ ਤੋਂ ਨਾ ਵਾਪਰਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਇਸ ਸਬੰਧ ਵਿਚ ਸਖ਼ਤ ਕਾਨੂੰਨ ਬਣਾ ਕੇ ਉਨ੍ਹਾਂ ਨੂੰ ਲਾਗੂ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਸਿੱਖ ਸਮਾਜ ਨੂੰ ਅੱਜ ਕੁਝ ਅੰਦਰੂਨੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਾਣੇ-ਅਨਜਾਣੇ ਸਾਡੀ ਨੌਜਵਾਨ ਪੀੜ੍ਹੀ ਸਿੱਖੀ ਸਰੂਪ ਤੋਂ ਦੂਰ ਹੋ ਰਹੀ ਹੈ। ਨਸ਼ਿਆਂ ਦੀ ਨਾਮੁਰਾਦ ਬੀਮਾਰੀ ਸਮਾਜ ਦੁਸ਼ਮਣ, ਅਖੌਤੀ ਰਾਜਨੀਤਿਕ ਤੇ ਧਾਰਮਿਕ ਆਗੂਆਂ ਵੱਲੋਂ ਨੌਜਵਾਨੀ ਨੂੰ ਨਸ਼ਿਆਂ ਤੇ ਪਤਿਤਪੁਣੇ ਵੱਲ ਧਕੇਲਿਆ ਜਾ ਰਿਹਾ ਹੈ। ਉਨ੍ਹਾਂ ਸਮੂਹ ਧਾਰਮਿਕ, ਸਮਾਜਿਕ ਜਥੇਬੰਦੀਆਂ ਨੂੰ ਆਦੇਸ਼ ਕੀਤਾ ਕਿ ਉਹ  ਸਿੱਖੀ ਸਿਧਾਂਤਾਂ, ਮਰਯਾਦਾ, ਪਰੰਪਰਾਵਾਂ ਤੇ ਭਾਵਨਾਵਾਂ ਦੀ ਕਦਰ ਕਰਦਿਆਂ ਆਪਣੇ-ਆਪ ਨੂੰ ਆਦਰਸ਼ਕ ਸਿੱਖ ਸ਼ਖਸੀਅਤਾਂ ਦੇ ਰੂਪ ਵਿਚ ਕਰਨ ਅਤੇ ਸਮੁੱਚੀ ਮਾਨਵਤਾ ਨੂੰ ਪਤਿਤਪੁਣੇ, ਨਸ਼ੇ ਅਤੇ ਭਰੂਣ ਹੱਤਿਆ ਤੋਂ ਬਚਾਉਣ ਲਈ ਡੱਟ ਕੇ ਪ੍ਰਚਾਰ ਕਰਨ ਲਈ ਕਿਹਾ।
ਉਨ੍ਹਾਂ ਆਪਸੀ ਭਾਈਚਾਰਾ, ਪ੍ਰੇਮ-ਪਿਆਰ, ਇਤਫਾਕ, ਏਕਤਾ ਬਨਾਉਣ ਦੀ ਪ੍ਰੇਰਨਾ ਕਰਦਿਆਂ ਕਿਹਾ ਕਿ ਸਿਕਲੀਗਰ ਤੇ ਵਣਜਾਰੇ ਸਿੱਖ ਵੀ ਸਿੱਖ ਧਰਮ ਦਾ ਸਤਿਕਾਰਤ ਅੰਗ ਹਨ। ਇਨ੍ਹਾਂ ਨੂੰ ਪਿਆਰ ਗਲਵਕੜੀ ਵਿਚ ਲੈਂਦਿਆਂ ਇਨ੍ਹਾਂ ਦੀ ਸਾਂਭ-ਸੰਭਾਲ ਤੇ ਮਦਦ ਕਰਨਾ ਸਾਡਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਦਾਨ ਤੇ ਦਸਵੰਧ ਦੀ ਰਕਮ, ਅਖੌਤੀ ਸਾਧਾਂ, ਡੇਰੇਦਾਰਾਂ ਨੂੰ ਭੇਟ ਕਰਕੇ ਆਪਣੀ ਮਿਹਨਤ ਦੀ ਕਮਾਈ ਨੂੰ ਵਿਅਰਥ ਨਾ ਗਵਾਉ, ਸਗੋਂ ਲੋੜਵੰਡ ਇਨ੍ਹਾਂ ਗੁਰਸਿੱਖਾਂ ਦੀ ਮਦਦ ਕਰਕੇ ਗੁਰੂ ਦੀ ਅਸੀਸ ਦੇ ਪਾਤਰ ਬਣੋ। ਅਜਿਹਾ ਕਰਨ ਨਾਲ ਹੀ ਪਿਛਲੇ ਸਮੇਂ ਵਿਚ ਕੇਂਦਰ ਸਰਕਾਰ ਵਲੋਂ ਜੋ ਸਿੱਖਾਂ ਦੀ ਕੀਤੀ ਨਸਲਕੁਸ਼ੀ ਦੀ ਕੁਝ-ਕੁ ਭਰਪਾਈ ਅਸੀਂ ਕਰ ਸਕਾਂਗੇ।
ਉਨ੍ਹਾਂ ਸਿੱਖ ਜਗਤ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅੱਜ ਖੁਸ਼ੀ ਦੇ ਪ੍ਰਤੀਕ ਦੀਵੇ ਜਗਾ ਕੇ ਜਿਥੇ ਘਰਾਂ ਵਿਚ ਰੋਸ਼ਨੀ ਕੀਤੀ ਜਾ ਰਹੀ ਹੈ ਉਸੇ ਲੋੜ ਹੈ ਆਪਣੇ ਅੰਦਰ ਗੁਰਮਤਿ-ਗਿਆਨ ਦਾ ਦੀਪਕ ਜਗਾ ਕੇ ਅਗਿਆਨਤਾ, ਵਹਿਮਾਂ-ਭਰਮਾਂ, ਪਖੰਡਾਂ ਅਤੇ ਦਿਖਾਵਿਆਂ ਰੂਪੀ ਹਨੇਰੇ ਨੂੰ ਵੀ ਦੂਰ ਕਰਨ ਦੀ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕਰਦਿਆਂ ਕਿਹਾ ਕਿ ਦੀਵਾਲੀ ਦਾ ਤਿਉਹਾਰ ਭਾਵੇਂ ਪੁਰਾਤਨ ਸਮਿਆਂ ਤੋਂ ਸਮੁੱਚੇ ਭਾਰਤ ਵਿਚ ਬੜੀ ਸਜ-ਧਜ ਨਾਲ ਮਨਾਇਆ ਜਾਂਦਾ ਹੈ ਪਰ ਸਿੱਖ ਧਰਮ ‘ਚ ਇਸ ਦਾ ਇਤਿਹਾਸਕ ਤੇ ਵਿਲੱਖਣ ਪਿਛੋਕੜ ਹੈ। ਮੁੱਖ ਰੂਪ ਵਿਚ ਸਿੱਖ ਇਤਿਹਾਸ ਨਾਲ ਇਸ ਤਿਉਹਾਰ ਦਾ ਸੰਬੰਧ ਉਸ ਸਮੇਂ ਤੋਂ ਜੁੜਿਆ, ਜਦੋਂ ਮੀਰੀ-ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿਚੋਂ 52 ਰਾਜਿਆਂ ਸਮੇਤ ਰਿਹਾਅ ਹੋ ਕੇ ਸ੍ਰੀ ਅੰਮ੍ਰਿਤਸਰ ਪਹੁੰਚੇ।
ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦਾ ਸਮੁੱਚਾ ਜੀਵਨ ਨਿਰਮਲ-ਰੂਹਾਨੀ ਗੁਣਾਂ ਤੇ ਸੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਦੇ ਪਸਾਰ ਤੇ ਰਖਵਾਲੀ ਹਿਤ, ਜ਼ੁਲਮ-ਜਬਰ ਤੇ ਅਨਿਆਂ ਦੇ ਖਿਲਾਫ਼ ਵਿੱਢੇ ਸੰਘਰਸ਼ ਅਤੇ ਪੀੜਤ ਧਿਰ ਦੀ ਬੰਦ-ਖਲਾਸੀ ਵਾਸਤੇ ਵਰਤਾਏ ਧਰਮੀ ਕਾਰਜਾਂ, ਕਾਰਨਾਮਿਆਂ ਅਤੇ ਪਰਉਪਕਾਰਾਂ ਨਾਲ ਭਰਪੂਰ ਹੈ। ਉਨ੍ਹਾਂ ਅੱਜ ਬੰਦੀ-ਛੋੜ ਦਿਵਸ ਦੇ ਸ਼ੁਭ-ਅਵਸਰ ‘ਤੇ ਸਿੱਖ ਜਗਤ ਨੂੰ ਮੁਬਾਰਕਬਾਦ ਦਿੰਦਿਆਂ  ਹੱਕ-ਸੱਚ ਦੀਆਂ ਕਦਰਾਂ-ਕੀਮਤਾਂ ‘ਤੇ ਪੂਰਨ ਰੂਪ ‘ਚ ਅਡੋਲ, ਅਡਿੱਗ ਤੇ ਦ੍ਰਿੜ੍ਹ, ਸਿੱਖੀ ਸਿਦਕ ਤੇ ਹੱਕ-ਸੱਚ ਪ੍ਰਤੀ ਭਰੋਸਾ ਕਾਇਮ ਰੱਖਦਿਆਂ ਪੰਥ ਦੀ ਚੜ੍ਹਦੀ ਕਲਾ ਆਪਸੀ ਏਕਤਾ, ਸਦ-ਭਾਵਨਾ ਕਾਇਮ ਕਰਨ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕਰਦਿਆਂ ਗੁਰੂ ਸਾਹਿਬ ਵੱਲੋਂ ਦਰਸਾਏ ਗੁਰਮਤਿ ਗਾਡੀ ਰਾਹ ਦੇ ਧਾਰਨੀ ਹੋਣ ਦੀ ਅਪੀਲ ਕੀਤੀ।
ਇਸ ਤੋਂ ਪਹਿਲਾਂ ਨਾਮਵਰ ਵਿਦਵਾਨ ਗਿਆਨੀ ਰਣਜੀਤ ਸਿੰਘ ਗੋਹਰ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਨੇ ਵੀ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕੀਤੀ। ਮੰਚ ਦਾ ਸੰਚਾਲਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ ਨੇ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਨ ਸ. ਗੁਰਪ੍ਰੀਤ ਸਿੰਘ ਝੱਬਰ, ਸ. ਨਿਰਮਲ ਸਿੰਘ ਘਰਾਚੋਂ, ਸ. ਬਿਕਰਮਜੀਤ ਸਿੰਘ ਕੋਟਲਾ, ਵਿਧਾਇਕ ਡਾ. ਦਲਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਐਡੀ. ਸਕੱਤਰ ਸ. ਸਤਿਬੀਰ ਸਿੰਘ, ਸ. ਤਰਲੋਚਨ ਸਿੰਘ, ਸ. ਮਨਜੀਤ ਸਿੰਘ, ਸ. ਮਹਿੰਦਰ ਸਿੰਘ, ਮੀਤ ਸਕੱਤਰ ਸ. ਰਾਮ ਸਿੰਘ, ਸ. ਪ੍ਰਮਜੀਤ ਸਿੰਘ ਸਰੋਆ, ਸ. ਸੁਖਦੇਵ ਸਿੰਘ ਭੂਰਾ, ਸ. ਹਰਭਜਨ ਸਿੰਘ, ਸ. ਬਲਵਿੰਦਰ ਸਿੰਘ ਜੋੜਾ, ਚੀਫ਼ ਗੁਰਦੁਆਰਾ ਇੰਸਪੈਕਟਰ ਸ. ਮੁਖਤਾਰ ਸਿੰਘ, ਨਿਹੰਗ ਜਥੇਬੰਦੀ ਦਲ ਬਾਬਾ ਬਿਧੀ ਚੰਦ ਦੇ ਮੁਖੀ ਬਾਬਾ ਦਇਆ ਸਿੰਘ ਜੀ ਸੁਰਸਿੰਘ ਵਾਲੇ ਤੇ ਬਾਬਾ ਅਵਤਾਰ ਸਿੰਘ, ਤਰਨਾ ਦਲ ਹਰੀਆਂ ਵੇਲਾਂ ਵਾਲਿਆਂ ਵੱਲੋਂ ਬਾਬਾ ਨਾਗਰ ਸਿੰਘ, ਤਰਨਾ ਦਲ ਦੇ ਬਾਬਾ ਬਕਾਲਾ ਦੇ ਮੁਖੀ ਬਾਬਾ ਮੱਖਣ ਸਿੰਘ, ਨਿਹੰਗ ਮੁਖੀ ਬਾਬਾ ਤਰਲੋਕ ਸਿੰਘ ਜੀ ਖਿਆਲੇ ਵਾਲੇ, ਗੁਰੂ ਨਾਨਕ ਤਰਨਾ ਦਲ ਮੜੀਆਂ ਬਟਾਲਾ ਵਾਲੇ ਬਾਬਾ ਵੱਸਣ ਸਿੰਘ, ਛਬੀਲ ਬਾਬਾ ਸਵਾਇਆ ਦੇ ਮੁਖੀ ਬਾਬਾ ਨਾਹਰ ਸਿੰਘ, ਹਰੀਆਂ ਵੇਲਾ ਵਾਲੇ ਬੁੱਢਾ ਦਲ ਵਲੋਂ ਬਾਬਾ ਭਜਨ ਸਿੰਘ (ਬੁਰਜ ਅਕਾਲੀ ਫੂਲਾ ਸਿੰਘ) ਤੋਂ ਇਲਾਵਾ ਵੱਡੀ ਗਿਣਤੀ ‘ਚ ਵੱਖ-ਵੱਖ ਧਾਰਮਿਕ ਜਥੇਬੰਦੀਆਂ ਤੇ ਭਾਰੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੂਹ ਨੂੰ ਬਹੁਤ ਸੋਹਣੀ ਤਰ੍ਹਾਂ ਫੁਲਾਂ ਅਤੇ ਬਿਜਲੀ ਦੀਆਂ ਲੜੀਆਂ ਨਾਲ ਸਜਾਇਆ ਹੋਇਆ ਸੀ। ਅੱਜ ਅੰਮ੍ਰਿਤ ਵੇਲੇ ਤੋਂ ਹੀ ਭਾਰੀ ਗਿਣਤੀ ‘ਚ ਸੰਗਤਾਂ ਨੇ ਪਾਵਨ ਸਰੋਵਰ ਵਿਚ ਇਸ਼ਨਾਨ ਕੀਤੇ, ਇਲਾਹੀ ਬਾਣੀ ਦੇ ਕੀਰਤਨ ਦਾ ਅਨੰਦ ਮਾਣਿਆ ਅਤੇ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸਜੇ ਦੀਵਾਨਾਂ ਵਿਚ ਹਾਜ਼ਰੀਆਂ ਭਰੀਆਂ।

Translate »