* ਐਸ.ਐਸ.ਪੀ ਤੇ ਡਿਪਟੀ ਸਮੇਤ ਕਈ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਕੀਤੀ ਪਰਿਵਾਰਾਂ ਸਮੇਤ ਸ਼ਿਰਕਤ
ਪਟਿਆਲਾ – ” ਸਭਿਆਚਾਰਕ ਮੇਲੇ ਪੰਜਾਬ ਦੀ ਜਿੰਦ ਜਾਨ ਹਨ ਅਤੇ ਅਜਿਹੇ ਮੇਲੇ ਜਿਥੇ ਪੰਜਾਬ ਦੇ ਮਾਣਾਂਮੱਤੇ ਵਿਰਸੇ ਦੀ ਪੇਸ਼ਕਾਰੀ ਕਰਦੇ ਹਨ ਉਥੇ ਹੀ ਇਹ ਪੰਜਾਬੀਆਂ ਦੇ ਖੁੱਲ੍ਹੇ ਡੁੱਲੇ ਸੁਭਾਅ ਦੀ ਵੀ ਤਰਜ਼ਮਾਨੀ ਕਰਦੇ ਹਨ । ਪਟਿਆਲਾ ਪੁਲਿਸ ਵੱਲੋਂ ਲਗਾਇਆ ਗਿਆ ਇਹ ਦੀਵਾਲੀ ਮੇਲਾ ਪੰਜਾਬ ਪੁਲਿਸ ਦੇ ਉਚ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਆਪਸੀ ਤਾਲਮੇਲ ਦਾ ਪ੍ਰਗਟਾਵਾ ਕਰਨ ਦੇ ਨਾਲ ਨਾਲ ਪਰਿਵਾਰਕ ਸਾਂਝ ਨੂੰ ਵੀ ਯਕੀਨੀ ਤੌਰ ‘ਤੇ ਮਜ਼ਬੂਤ ਕਰੇਗਾ । ” ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐਸ.ਐਸ.ਪੀ ਪਟਿਆਲਾ ਸ਼੍ਰੀ ਗੁਰਪ੍ਰੀਤ ਸਿੰਘ ਗਿੱਲ ਨੇ ਪੁਲਿਸ ਲਾਈਨ ਵਿਖੇ ਲਗਾਏ ਦੀਵਾਲੀ ਮੇਲੇ ਦੌਰਾਨ ਪੁਲਿਸ ਅਧਿਕਾਰੀਆਂ, ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ । ਸ਼੍ਰੀ ਗਿੱਲ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਤਣਾਅ ਮੁਕਤ ਮਾਹੌਲ ਪ੍ਰਦਾਨ ਕਰਨ ਦੇ ਉਦੇਸ਼ ਨਾਲ ਕਰਵਾÎਏ ਇਸ ਮੇਲੇ ਰਾਹੀਂ ਪੰਜਾਬ ਦੇ ਅਨਮੋਲ ਵਿਰਸੇ ਨੂੰ ਮੁੜ ਸੁਰਜੀਤ ਕਰਨ ਦਾ ਯਤਨ ਕੀਤਾ ਗਿਆ ਹੈ । ਇਸ ਮੇਲੇ ਵਿੱਚ ਡਿਪਟੀ ਕਮਿਸ਼ਨਰ ਸ਼੍ਰੀ ਵਿਕਾਸ ਗਰਗ ਨੇ ਵੀ ਆਪਣੇ ਪਰਿਵਾਰ ਸਮੇਤ ਸ਼ਮੂਲੀਅਤ ਕੀਤੀ ।
ਐਸ.ਐਸ.ਪੀ ਸ਼੍ਰੀ ਗਿੱਲ ਨੇ ਕਿਹਾ ਕਿ ਪੰਜਾਬ ਪੁਲਿਸ ਆਪਣੇ ਫਰਜ਼ਾਂ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਪੂਰਾ ਕਰਦੇ ਹੋਏ ਹਰ ਸਮੇਂ ਲੋਕ ਸੇਵਾ ਲਈ ਸਰਗਰਮ ਰਹਿੰਦੀ ਹੈ ਜਿਸ ਕਾਰਨ ਨਾ ਤਾਂ ਪੁਲਿਸ ਅਧਿਕਾਰੀ ਤੇ ਮੁਲਾਜ਼ਮ ਸਹੀ ਢੰਗ ਨਾਲ ਆਪਣੇ ਪਰਿਵਾਰਾਂ ਨਾਲ ਸਮਾਂ ਬਿਤਾ ਸਕਦੇ ਹਨ ਅਤੇ ਨਾ ਹੀ ਮਨਪ੍ਰਚਾਵੇ ਲਈ ਸਮਾਂ ਨਿਕਲਦਾ ਹੈ । ਉਨ੍ਹਾਂ ਕਿਹਾ ਕਿ ਉਚ ਅਧਿਕਾਰੀਆਂ ਤੇ ਪੁਲਿਸ ਮੁਲਾਜ਼ਮਾਂ ਨੂੰ ਪਰਿਵਾਰਾਂ ਸਮੇਤ ਇੱਕ ਮੰਚ ‘ਤੇ ਇਕੱਠਾ ਕਰਨ ਲਈ ਹੀ ਇਹ ਦੀਵਾਲੀ ਮੇਲਾ ਕਰਵਾਇਆ ਗਿਆ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਗਰਗ ਨੇ ਕਿਹਾ ਕਿ ਅਜੋਕੇ ਆਧੁਨਿਕ ਯੁੱਗ ਵਿੱਚ ਜਦੋਂ ਹਰ ਕੋਈ ਰੁਝੇਵਿਆਂ ਅਤੇ ਤਣਾਅ ਵਿੱਚ ਗ੍ਰਸਤ ਹੈ, ਨੂੰ ਸਾਰਥਕ ਸੇਧ ਪ੍ਰਦਾਨ ਕਰਦੇ ਹੋਏ ਇੱਕ ਦੂਜੇ ਨੂੰ ਨੇੜੇ ਲਿਆਉਣ ਅਤੇ ਪਰਿਵਾਰਕ ਮਾਹੌਲ ਨੂੰ ਸਿਰਜਣ ਵਿੱਚ ਇਹ ਮੇਲਾ ਸਫਲ ਸਾਬਿਤ ਹੋਇਆ ਹੈ । ਉਨ੍ਹਾਂ ਕਿਹਾ ਕਿ ਅਜਿਹੇ ਮੇਲੇ ਭਵਿੱਖ ਵਿੱਚ ਵੀ ਲਗਾਏ ਜਾਣੇ ਚਾਹੀਦੇ ਹਨ ਤਾਂ ਜੋ ਆਪਸੀ ਤਾਲਮੇਲ ਨੂੰ ਹੋਰ ਵੀ ਬੜਾਵਾ ਦਿੱਤਾ ਜਾ ਸਕੇ ।
ਇਸ ਮੇਲੇ ਵਿੱਚ ਬੱਚਿਆਂ ਦੇ ਮਨੋਰੰਜਨ ਦਾ ਖਾਸ ਤੌਰ ‘ਤੇ ਧਿਆਨ ਰੱਖਦਿਆਂ ਜਿਥੇ ਵੱਖ-ਵੱਖ ਤਰ੍ਹਾਂ ਦੇ ਝੂਲੇ ਲਗਾਏ ਗਏ ਉਥੇ ਹੀ ਸਟਾਲਾਂ ‘ਤੇ ਖਾਣ-ਪੀਣ ਦੇ ਸਮਾਨ ਦਾ ਵੀ ਖੁੱਲ੍ਹਾ ਪ੍ਰਬੰਧ ਕੀਤਾ ਗਿਆ । ਇਸ ਮੌਕੇ ਪੰਜਾਬ ਦੀਆਂ ਰਵਾਇਤੀ ਮਿਠਾਈਆਂ ਜਿਵੇਂ ਬੂੰਦੀ ਦੇ ਲੱਡੂ, ਜਲੇਬੀਆਂ, ਸ਼ੱਕਰਪਾਰੇ-ਮਿੱਠੀਆਂ ਸੇਵੀਆਂ ਆਦਿ ਦਾ ਸਵਾਦ ਵੀ ਲੋਕਾਂ ਨੇ ਮਾਣਿਆ । ਲੋਕ ਗਾਇਕਾ ਸਤਵਿੰਦਰ ਬਿੱਟੀ ਵੱਲੋਂ ਪੇਸ਼ ਕੀਤੇ ਗਏ ਵੱਖ-ਵੱਖ ਗੀਤਾਂ ਨੇ ਵੀ ਚੰਗਾ ਰੰਗ ਬੰਨ੍ਹਿਆ । ਪੰਜਾਬ ਪੁਲਿਸ ਦੇ ਸਭਿਆਚਾਰ ਗਰੁੱਪ ਨੇ ਡਿਪਟੀ ਡਾਇਰੈਕਟਰ ਸ਼੍ਰੀ ਐਸ.ਆਰ. ਸ਼ਰਮਾ ਦੀ ਅਗਵਾਈ ਹੇਠ ਰਵਾਇਤੀ ਲੋਕ ਗੀਤ ਪੇਸ਼ ਕੀਤੇ । ਇਸ ਦੌਰਾਨ ਪੁਲਿਸ ਡੀ.ਏ.ਵੀ ਪਬਲਿਕ ਸਕੂਲ ਦੇ ਬੱਚਿਆਂ ਦੀਆਂ ਖੇਡਾਂ ਵੀ ਖਿੱਚ ਦਾ ਕੇਂਦਰ ਬਣੀਆਂ ਰਹੀਆਂ । ਬੱਚਿਆਂ ਨੇ 100 ਮੀਟਰ ਦੌੜ, ਨਿੰਬੂ ਦੌੜ, ਬੋਰੀ ਦੌੜ, ਬਨਾਨਾ ਦੌੜ ਅਤੇ ਜਲੇਬੀ ਖਾਣ ਦੇ ਮੁਕਾਬਲਿਆਂ ਵਿੱਚ ਹਿੱਸਾ ਲਿਆ । ਇਨ੍ਹਾਂ ਦੌੜਾਂ ਵਿੱਚ ਪਹਿਲੇ ਸਥਾਨ ‘ਤੇ ਆਉਣ ਵਾਲੇ ਬੱਚਿਆਂ ਦੇ ਨਾਲ ਨਾਲ ਵੱਖ-ਵੱਖ ਖੇਡਾਂ ਵਿੱਚ ਰਾਜ ਪੱਧਰ ਤੇ ਰਾਸ਼ਟਰੀ ਪੱਧਰ ‘ਤੇ ਪ੍ਰਾਪਤੀਆਂ ਦਰਜ ਕਰਨ ਵਾਲੇ ਵਿਦਿਆਰਥੀਆਂ ਨੂੰ ਐਸ.ਐਸ.ਪੀ ਸ਼੍ਰੀ ਗਿੱਲ ਅਤੇ ਉਨ੍ਹਾਂ ਦੀ ਧਰਮਪਤਨੀ ਵੱਲੋਂ ਸਨਮਾਨਿਤ ਕੀਤਾ ਗਿਆ । ਇਸ ਮੌਕੇ ਮੰਚ ਦਾ ਸੰਚਾਲਨ ਸ਼੍ਰੀਮਤੀ ਸੁਮਨ ਬੱਤਰਾ ਨੇ ਬਾਖੂਬੀ ਕੀਤਾ ।
ਇਸ ਮੇਲੇ ਵਿੱਚ ਐਸ.ਪੀ (ਸਿਟੀ) ਸ਼੍ਰੀ ਦਲਜੀਤ ਸਿੰਘ ਰਾਣਾ, ਐਸ.ਪੀ (ਅਪ੍ਰੇਸ਼ਨ) ਸ਼੍ਰੀ ਐਸ.ਐਸ. ਬੋਪਾਰਾਏ, ਐਸ.ਪੀ (ਡੀ) ਸ਼੍ਰੀ ਪ੍ਰਿਤਪਾਲ ਸਿੰਘ ਥਿੰਦ, ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸ਼੍ਰੀ ਪਰਮੋਦ ਕੁਮਾਰ, ਡੀ.ਐਸ.ਪੀ ਦਿਹਾਤੀ ਸ਼੍ਰੀ ਹਰਦਵਿੰਦਰ ਸਿੰਘ ਸੰਧੂ, ਡੀ.ਐਸ.ਪੀ ਸ਼੍ਰੀ ਕੇਸਰ ਸਿੰਘ, ਡੀ.ਐਸ.ਪੀ ਸ਼੍ਰੀ ਰਾਜਵਿੰਦਰ ਸਿੰਘ ਸੋਹਲ, ਡੀ.ਐਸ.ਪੀ ਸ਼੍ਰੀ ਮਨਜੀਤ ਸਿੰਘ ਬਰਾੜ, ਡੀ.ਐਸ.ਪੀ ਸ਼੍ਰੀ ਸੇਵਾ ਸਿੰਘ, ਡੀ.ਐਸ.ਪੀ ਪਾਤੜਾਂ ਸ਼੍ਰੀ ਗੁਰਮੇਲ ਸਿੰਘ, ਇੰਚਾਰਜ ਟਰੈਫਿਕ ਪੁਲਿਸ ਸ੍ਰੀ ਅੱਛਰੂ ਰਾਮ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹੋਰ ਪੁਲਿਸ ਅਧਿਕਾਰੀ, ਮੁਲਾਜ਼ਮ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ । ਅਖੀਰ ਵਿੱਚ ਆਤਿਸ਼ਬਾਜ਼ੀ ਕਰਕੇ ਦੀਵਾਲੀ ਮੇਲੇ ਨੂੰ ਯਾਦਗਾਰੀ ਬਣਾਇਆ ਗਿਆ ।