October 30, 2011 admin

ਲੋਹਗੜ੍ਹ ਗੇਟ ਤੋਂ ਲਹੋਰੀ ਗੇਟ ਤੱਕ ਗੰਦੇ ਨਾਲੇ ਨੂੰ ਢੱਕਣ ਦਾ ਕੰਮ 2 ਨਵੰਬਰ ਤੋਂ ਕੀਤਾ ਜਾਵੇਗਾ

*ਬਜੁਰਗ ਰਾਤਨੇਤਾਵਾਂ ਨੂੰ ਚੋਣ ਲੜਣ ਦੀ ਥਾਂ ਨਵੀਂ ਪੀੜ੍ਹੀ ਨੂੰ ਮੌਕਾ ਦੇਣਾ ਚਾਹੀਦਾ ਹੈ – ਚਾਵਲਾ
ਅੰਮ੍ਰਿਤਸਰ – 5 ਕਰੋੜ ਰੁ. ਦੀ ਲਾਗਤ ਨਾਲ ਲੋਹਗੜ੍ਹ ਗੇਟ ਤੋਂ ਲਾਹੋਰੀ ਗੇਟ ਅਤੇ ਗੇਟ ਹਕੀਮਾਂ ਦੇ ਨਾਲ ਲਗਦੇ ਗੰਦੇ ਨਾਲੇ ਨੂੰ ਢੱਕਣ ਦਾ ਕੰਮ 2 ਨਵੰਬਰ 2011 ਨੂੰ ਆਰੰਭ ਕੀਤਾ ਜਾਵੇਗਾ ।
ਇਹ ਜਾਣਕਾਰੀ ਪ੍ਰੋ. ਲਕਸ਼ਮੀ ਕਾਂਤਾ ਚਾਵਲਾ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ, ਪੰਜਾਬ ਨੇ ਅੱਜ ਇਥੇ ਦਿਤੀ। ਉਨ੍ਹਾਂ ਦੱਸਿਆ ਕਿ ਨਾਲੇ ਨੂੰ ਢੱਕਣ ਦਾ ਕੰਮ ਜੰਗੀ ਪੱਧਰ ਤੇ ਕਰਵਾਇਆ ਜਾਵੇਗਾ ਅਤੇ ਫਰਵਰੀ 2012 ਤੱਕ ਇਸ ਨੂੰ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਪਿਛਲੇ ਕਾਰਜਕਾਲ ਦੋਰਾਨ ਸਬਜੀ ਮੰਡੀ ਦੇ ਪਿਛਲੇ ਪਾਸੇ ਤੋਂ ਰਾਜੀਵ ਨਗਰ ਅਬਾਦੀ ਤੱਕ ਨਾਲੇ ਨੂੰ ਢੱਕਣ ਦਾ ਕੰਮ ਕਰਵਾਇਆ ਸੀ ਪਰ 2002-2007 ਦੋਰਾਨ ਕਾਂਗਰਸ ਸਰਕਾਰ ਨੇ ਇਸ ਕੰਮ ਨੂੰ ਇਕ ਇੰਚ ਵੀ ਨਹੀਂ ਵਧਾਇਆ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਆਪਣੇ ਮੌਜੂਦਾ ਕਾਰਜਕਾਲ ਵਿਚ ਇਸ ਕੰਮ ਨੂੰ ਅੱਗੇ ਵਧਾਇਆ ਹੈ ਅਤੇ ਜਲਦੀ ਹੀ ਇਲਾਕਾ ਨਿਵਾਸੀਆਂ ਨੂੰ ਗੰਦਗੀ ਤੇ ਬਦਬੂ ਤੋਂ ਰਾਹਤ ਮਿਲੇਗੀ।
ਅਗਾਮੀ ਵਿਧਾਨ ਸਭਾ ਚੋਣ ਨਾ ਲੜਣ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦਾ ਨਿੱਜੀ ਮਾਮਲਾ ਹੈ। ਪ੍ਰੋ. ਚਾਵਲਾ ਨੇ ਕਿਹਾ ਕਿ ਉਨ੍ਹਾਂ ਦੀ ਧਾਰਨਾ ਹੈ ਕਿ ਇਕ ਖਾਸ ਉਮਰ ਉਪਰੰਤ ਰਾਜ-ਨੇਤਾਵਾਂ ਨੂੰ ਚੋਣ ਨਹੀਂ ਲੜਣੀ ਚਾਹੀਦੀ ਬਲਕਿ ਕੇਵਲ ਪਾਰਟੀ ਕਾਰਜਕਰਤਾ ਜਾਂ ਸਲਾਹਕਾਰ ਦੇ ਰੂਪ ਵਿਚ ਪਾਰਟੀ ਦੀ ਸੇਵਾ ਕਰਨੀ ਚਾਹੀਦੀ ਹੈ।
ਇਸ ਤੋਂ ਪਹਿਲਾਂ ਪ੍ਰੋ. ਚਾਵਲਾ ਨੇ ਨਿਰਦੇਸ਼ਾਂ ਤਹਿਤ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣ ਲਈ ਅੰਨਗੜ੍ਹ ਖੇਤਰ ਵਿਚ ”ਪੰਜਾਬ ਕਰਾਂ ਦੀ ਸਿਫਤ ਤੇਰੀ” ਨਾਟਕ ਪੇਸ਼ ਕੀਤਾ ਗਿਆ।
ਪ੍ਰੋ. ਚਾਵਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਬੁਰਾਈ ਨੂੰ ਖਤਮ ਕਰਨ ਦੇ ਉਪਰਾਲੇ ਸਦਕਾ ਇਹ ਨਾਟਕ ਪੇਸ਼ ਕਰਵਾਇਆ ਗਿਆ ਹੈ, ਇਸ ਵਿਚ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਅਤੇ ਸਾਫ-ਸੁਥਰੇ ਸਮਾਜ ਦੀ ਸਿਰਜਨਾ ਕਰਨ ਦੀ ਪ੍ਰੇਰਣਾ ਦਿਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਸੈਂਟਰਲ ਜੇਲ੍ਹ ਅਤੇ ਹੋਰ ਵੱਖ-ਵੱਖ ਸਥਾਨਾਂ ਤੇ ਅਜਿਹੇ ਨਾਟਕ ਪੇਸ਼ ਕਰਵਾਏ ਜਾ ਚੁੱਕੇ ਹਨ। ਪ੍ਰੋ. ਚਾਵਲਾ ਨੇ ਕਿਹਾ ਕਿ ਇਨ੍ਹਾਂ ਨਾਟਕਾ ਦਾ ਆਯੋਜਨ ਦਾ ਕੰਮ ਵੱਧ ਤੋਂ ਵੱਧ ਲੋਕਾਂ ਦੀ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਜਾਣੂ ਕਰਵਾਉਣਾ ਹੈ ਤਾਂ ਜੋ ਨਸ਼ਿਆਂ ਦੀ ਲਾਹਣਤ ਤੋਂ ਛੁਟਕਾਰਾ ਪਾਇਆ ਜਾ ਸਕੇ ਅਤੇ ਇਕ ਨਸ਼ਾ ਰਹਿਤ ਸਮਾਜ ਦੀ ਸਿਰਜਨਾ ਕਰਨ ਵਿਚ ਅਸੀਂ ਕਾਮਯਾਬ ਹੋ ਸਕੀਏ।
ਇਸ ਮੌਕੇ ਪ੍ਰੋ. ਚਾਵਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਦੇ ਵਿਉਪਾਰੀਆਂ ਬਾਰੇ ਸਰਕਾਰ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਨਸ਼ਿਆਂ ਦੀ ਵਿਕਰੀ ਤੇ ਠੱਲ੍ਹ ਪਾਈ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਾਗ੍ਰਸਤ ਵਿਅਕਤੀਆਂ ਦੇ ਮੁੱਫਤ ਇਲਾਜ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਅਤੇ ਇਛੁੱਕ ਵਿਅਕਤੀਆਂ ਨੂੰ ਇਲਾਜ ਲਈ ਸਬੰਧਤ ਵਿਭਾਗ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਉਨ੍ਹਾਂ ਨੇ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮਾਤਾ-ਪਿਤਾ ਨੂੰ ਨਸ਼ਿਆਂ ਅਤੇ ਸ਼ਰਾਬ ਦੀ ਵਰਤੋਂ ਤੋਂ ਗੁਰੇਜ ਕਰਨ ਲਈ ਬੇਨਤੀ ਕਰਨ ਅਤੇ ਜੇ ਲੋੜ ਹੋਵੇ ਤਾਂ ਇਸ ਮੰਤਵ ਲਈ ਉਹ ਵਰਤ ਵੀ ਰੱਖਣ ਤਾਂ ਜੋ ਘਰ-ਘਰ ਵਿਚੋਂ ਨਸ਼ਿਆਂ ਨੂੰ ਬਾਹਰ ਕੱਢਿਆ ਜਾ ਸਕੇ।
ਇਸ ਮੌਕੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀਆਂ ਤੋਂ ਇਲਾਵਾ ਸਰਦਾਰ ਬਾਵਾ ਸਿੰਘ ਗੁਮਾਨਪੁਰਾ, ਅਕਾਲੀ ਆਗੂ, ਸ੍ਰੀ ਰਾਕੇਸ਼ ਗਿੱਲ, ਕੌਂਸਲਰ, ਸ੍ਰ. ਐਨ.ਐਸ.ਪੰਨੂੰ, ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਸ੍ਰੀ ਪੀ.ਕੇ. ਕੁੰਦਰਾ, ਮੈਡਮ
ਮਾਲਾ ਚਾਵਲਾ, ਡਾ. ਰਾਕੇਸ਼ ਸ਼ਰਮਾ, ਸ੍ਰੀ ਜਗਚਾਨੰਨ ਸਿੰਘ, ਸ੍ਰ. ਟਹਿਲ ਸਿੰਘ, ਸ੍ਰੀ ਰਜਨੀਸ਼ ਮਹਿਰਾ, ਸ੍ਰੀ ਹੀਰਾ ਲਾਲ,
ਸ੍ਰੀ ਜ਼ਗਬੀਰ ਸਿੰਘ ਕਾਕੇ ਸ਼ਾਹ, ਸ੍ਰ. ਦਿਲਬਾਗ ਸਿੰਘ, ਸ੍ਰ.ਬਲਦੇਵ ਸਿੰਘ ਅਤੇ ਹੋਰ ਪਤਵੰਤੇ ਹਾਜਰ ਸਨ।

Translate »