ਐਡਵੋਕੇਟ ਜਸਪਾਲ ਸਿੰਘ ਮੰਝਪੁਰ
98554-01843
ਭਾਜਪਾ ਦਾ ਕੇਂਦਰੀ ਆਗੂ ਲਾਲ ਕ੍ਰਿਸ਼ਨ ਚੰਦ ਅਡਵਾਨੀ 11 ਅਕਤੂਬਰ 2011 ਨੂੰ ਬਿਹਾਰ ਤੋਂ ਇਕ ਜਨ ਚੇਤਨਾ ਯਾਤਰਾ ਲੈ ਕੇ ਨਿਕਲਿਆ ਹੋਇਆ ਹੈ ਜਿਸਨੇ ਭਾਰਤ ਦੇ ਵੱਖ-ਵੱਖ ਰਾਜਾਂ ਵਿਚੋਂ ਦੀ ਲੰਘਦਿਆਂ ਕਰੀਬ 7600 ਕਿਲੋਮੀਟਰ ਦਾ ਸਫਰ ਤਹਿ ਕਰਨਾ ਹੈ ਅੰਤ 20 ਨਵੰਬਰ 2011 ਨੂੰ ਦਿੱਲੀ ਵਿਖੇ ਸਮਾਪਤੀ ਹੋਣੀ ਹੈ। ਉਹ ਇਸ ਤੋਂ ਪਹਿਲਾਂ ਵੀ 5 ਰੱਥ ਯਾਤਰਾਵਾਂ ਕੱਢ ਚੁੱਕਾ ਹੈ ਪਰ ਦੇਖਣ ਵਾਲੀ ਗੱਲ ਹੈ ਕਿ ਉਸਦੀਆਂ ਯਾਤਰਾਵਾਂ ਦਾ ਮੁੱਖ ਨਿਸ਼ਾਨਾ ਭਾਵੇਂ ਰਾਜਸੀ ਸੱਤਾ ਦੀ ਪ੍ਰਾਪਤੀ ਹੀ ਰਿਹਾ ਹੈ ਪਰ ਉਸ ਵਲੋਂ ਆਪਣੀਆਂ ਰੱਥ ਯਾਤਰਾਵਾਂ ਨੂੰ ਵੱਖ-ਵੱਖ ਨਾਅਰਿਆਂ ਥੱਲੇ ਹੀ ਕੱਢਿਆ ਜਾਂਦਾ ਹੈ। ਸਭ ਤੋਂ ਪਹਿਲੀ ਰੱਥ ਯਾਤਰਾ 25 ਸਤੰਬਰ 1990 ਨੂੰ ਸੋਮਨਾਥ (ਗੁਜਰਾਤ) ਤੋਂ ਸ਼ੁਰੂ ਕਰਕੇ 30 ਅਕਤੂਬਰ 1990 ਨੂੰ ਅਯੋਧਿਆ ਤੱਕ ਕੱਢੀ ਗਈ ਜਿਸਦਾ ਨਾਮ ਰਾਮ ਰੱਥ ਯਾਤਰਾ ਤੇ ਮਕਸਦ ਸੀ ਕਿ ਲੋਕਾਂ ਨੂੰ ਅਯੋਧਿਆ ਵਿਚ ਰਾਮ ਮੰਦਰ ਦੀ ਉਸਾਰੀ ਕਰਨ ਲਈ ਚੇਤਨ ਕੀਤਾ ਜਾ ਸਕੇ। 11 ਸਤੰਬਰ 1993 ਨੂੰ ਭਾਰਤ ਦੇ ਚਾਰ ਕੋਨਿਆਂ ਤੋਂ ਚਾਰ ਯਾਤਰਾਵਾਂ ਸ਼ੁਰੂ ਕੀਤੀਆਂ ਗਈਆਂ ਤੇ ਅਡਵਾਨੀ ਆਪ ਮੈਸੂਰ ਤੋਂ ਯਾਤਰਾ ਲਈ ਚੱਲਿਆ ਤੇ ਚਾਰੇ ਯਾਤਰਾਵਾਂ 25 ਸਤੰਬਰ ਨੂੰ 14 ਪ੍ਰਾਂਤਾਂ ਤੇ 2 ਕੇਂਦਰ ਸਾਸ਼ਤ ਪ੍ਰਦੇਸਾਂ ਵਿਚੋਂ ਲੰਘਦੀਆਂ ਹੋਈਆਂ ਭੋਪਾਲ ਵਿਚ ਇਕੱਠੀਆਂ ਹੋਈਆਂ ਇਸ ਯਾਤਰਾ ਦਾ ਨਾਮ ਜਨ-ਅਦੇਸ਼ ਯਾਤਰਾ ਸੀ। ਪੰਜਵੀਂ ਯਾਤਰਾ 5 ਅਪਰੈਲ 2006 ਤੋਂ 10 ਮਈ 2006 ਤੱਕ ਕੱਢੀ ਗਈ ਜਿਸ ਨੂੰ ਭਾਰਤ ਸੁਰੱਕਸ਼ਾ ਯਾਤਰਾ ਦਾ ਨਾਮ ਦਿੱਤਾ ਗਿਆ ਜਿਸਦਾ ਮਕਸਦ ਭਾਰਤ ਨੂੰ ਜੇਹਾਦੀ ਖਾੜਕੂਵਾਦ, ਏਕਤਾ-ਅਖੰਡਤਾ ਦੀ ਰਾਖੀ ਅਤੇ ਆਮ ਆਦਮੀ, ਗਰੀਬ ਤੇ ਕਿਸਾਨ ਦੀ ਰਾਖੀ ਸੀ। ਚੱਲ ਰਹੀ ਛੇਵੀਂ ਯਾਤਰਾ ਦਾ ਇਕ ਹੀ ਮਕਸਦ ਭ੍ਰਿਸ਼ਟਾਚਾਰ ਪ੍ਰਤੀ ਲੋਕਾਂ ਨੂੰ ਜਾਗਰੁਕ ਕਰਨਾ ਹੈ ਇਸ ਲਈ ਇਸਦਾ ਨਾਮ ਵੀ ਜਨ ਚੇਤਨਾ ਯਾਤਰਾ ਰੱਖਿਆ ਗਿਆ ਹੈ। ਅਡਵਾਨੀ ਨੇ ਆਪਣੀਆਂ ਇਹਨਾਂ ਯਾਤਰਾਵਾਂ ਰਾਹੀਂ ਹਮੇਸ਼ਾ ਹੀ ਤਤਕਾਲੀ ਮੁੱਦਿਆਂ ਨੂੰ ਆਪਣਾ ਬਣਾ ਕੇ ਭਾਜਪਾ ਦੀ ਡਿੱਗ ਰਹੀਂ ਸਾਖ ਨੂੰ ਬਚਾਇਆ ਹੈ ਅਤੇ ਭਾਜਪਾ ਨੂੰ ਸੱਤਾ ਦਾ ਸਵਾਦ ਚੱਖਣ ਲਈ ਮਿਲਿਆ ਹੈ। ਅਡਵਾਨੀ ਦੀ ਇਸ ਯਾਤਰਾ ਨੇ ਪੰਜਾਬ ਵਿਚ 13, 14 ਤੇ 15 ਨਵੰਬਰ ਨੂੰ ਹਾਜ਼ਰੀ ਭਰਨੀ ਹੈ। ਅਤੇ ਕਈਆਂ ਨੇ ਇਸਦਾ ਸਵਾਗਤ ਕਰਨਾ ਹੈ ਅਤੇ ਕਈਆਂ ਨੇ ਇਸਦਾ ਵਿਰੋਧ ਕਰਨਾ ਹੈ । ਹਰੇਕ ਦਾ ਆਪਣਾ-ਆਪਣਾ ਵਿਚਾਰ ਹੈ। ਇਸ ਸਬੰਧੀ ਵਿਚਾਰਨ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਵਿਚ ਇਸ ਸਮੇਂ ਅਕਾਲੀ ਦਲ ਨਾਲ ਭਾਜਪਾ ਦੀ ਵੀ ਭਾਈਵਾਲੀ ਹੈ ਪਰ ਭਾਜਪਾ ਦਾ ਗਰਾਫ ਪੰਜਾਬ ਵਿਚ ਪਹਿਲਾਂ ਤੋਂ ਡਿੱਗਿਆ ਹੈ। ਅਤੇ ਇਸ ਲਈ ਉਸ ਗਰਾਫ ਨੂੰ ਉੱਚਾ ਚੁੱਕਣ ਲਈ ਅਡਵਾਨੀ ਪੰਜਾਬ ਵਿਚ ਆ ਰਹੇ ਹਨ ਅਤੇ ਉਸ ਦੇ ਨਾਲ ਹੀ ਉਸਦੀ ਇੱਛਾ ਹੈ ਕਿ ਉਹ ਭਾਰਤ ਦਾ ਰਾਸ਼ਟਰੀ ਪੱਧਰ ਦਾ ਆਗੂ ਬਣ ਕੇ ਨਿਤਰੇ ਤੇ ਪ੍ਰਧਾਨ ਮੰਤਰੀ ਦੀ ਕੁਰਸੀ ਉੱਤੇ ਬੈਠ ਸਕੇ।
ਪੰਜਾਬ ਵਿਚ ਅਕਾਲੀ-ਭਾਜਪਾ ਸਰਕਾਰ ਦੇ ਪੰਜ ਸਾਲ ਪੂਰੇ ਹੋਣ ਵਾਲੇ ਹਨ ਅਤੇ ਪੰਜਾਬ ਵਿਚ ਪਿਛਲੇ ਪੰਜ ਸਾਲ ਵਿਚ ਬਣੇ ਸਿਸਟਮ ਤੇ ਫੈਲੇ ਭ੍ਰਿਸ਼ਟਾਚਾਰ ਲਈ ਮੌਜੂਦਾ ਸਰਕਾਰ ਹੀ ਮੁੱਖ ਰੂਪ ਵਿਚ ਦੋਸ਼ੀ ਹੈ।ਅਡਵਾਨੀ ਦਾ ਪੰਜਾਬ ਵਿਚ ਭ੍ਰਿਸ਼ਟਾਚਾਰ ਪ੍ਰਤੀ ਜਨਤਾ ਨੂੰ ਚੇਤਨ ਕਰਨ ਲਈ ਕੀਤੀ ਜਾ ਰਹੀ ਜਨ ਚੇਤਨਾ ਯਾਤਰਾ ਤੋਂ ਸਿੱਧ ਹੁੰਦਾ ਹੈ ਕਿ ਉਹ ਸਮਝਦੇ ਹਨ ਕਿ ਭਾਵੇਂ ਕਿ ਉਹਨਾਂ ਦੀ ਪਾਰਟੀ ਦੀ ਸਰਕਾਰ ਪੰਜਾਬ ਵਿਚ ਚੱਲ ਰਹੀ ਹੈ ਪਰ ਫਿਰ ਵੀ ਇੱਥੇ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ ਜਿਸ ਨੂੰ ਮਿਟਾਉਂਣ ਲਈ ਜਨਤਾ ਨੂੰ ਚੇਤਨ ਹੋਣਾ ਜਰੂਰੀ ਹੈ ਕਿਉਂਕਿ ਚੇਤਨ ਕਰਨ ਦੀ ਲੋੜ ਉੱਥੇ ਹੁੰਦੀ ਹੈ ਜਿੱਥੇ ਲੋਕ ਚੇਤਨ ਨਾ ਹੋਣ ਭਾਵ ਕਿ ਪੰਜਾਬ ਦੇ ਲੋਕਾਂ ਨੂੰ ਪੰਜਾਬ ਵਿਚ ਫੈਲੇ ਭ੍ਰਿਸ਼ਟਾਚਾਰ ਪ੍ਰਤੀ ਚੇਤਨ ਕਰਨਾ ਹੈ। ਸੋ ਅਡਵਾਨੀ ਦੀ ਭ੍ਰਿਸ਼ਟਾਚਾਰ ਵਿਰੋਧੀ ਜਨ ਚੇਤਨਾ ਯਾਤਰਾ ਦੀ ਪੰਜਾਬ ਫੇਰੀ ਨੇ ਇੱਥੇ ਫੈਲੇ ਭ੍ਰਿਸ਼ਟਾਚਾਰ ਉੱਤੇ ਮੋਹਰ ਲਾ ਦਿੱਤੀ ਹੈ।