ਪਟਿਆਲਾ – ਭਾਰਤੀ ਫੌਜ ਦੀ ਅਟੁੱਟ ਇਕਾਈ ਵੱਜੋਂ ਜਾਣੀ ਜਾਂਦੀ ਛੇਵੀਂ ਮੈਕੇਨਾਈਜ਼ਡ ਇਨਫੈਂਟਰੀ ਰੈਜੀਮੈਂਟ (ਪਹਿਲੀ ਗੜ੍ਹਵਾਲ ਰਾਈਫਲਜ਼) ਵੱਲੋਂ ਪਟਿਆਲਾ ਵਿਖੇ ਬਟਾਲੀਅਨ ਦੇ 125ਵੇਂ ਸਥਾਪਨਾ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸੈਨਿਕ ਸੰਮੇਲਨ ਕਰਵਾਇਆ ਗਿਆ । ਤਿੰਨ ਰੋਜ਼ਾ ਇਸ ਸੰਮੇਲਨ ਦੌਰਾਨ ‘ਗਦਰ ਯਾਦਗਾਰ’ ‘ਤੇ ਬਟਾਲੀਅਨ ਦੇ ਜਾਂਬਾਜ਼ ਸ਼ਹੀਦਾਂ ਨੂੰ ਫੌਜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ । ਇਸ ਮੌਕੇ ਫੌਜ ਦੇ ਉੱਚ ਅਧਿਕਾਰੀਆਂ ਨੇ ਬਟਾਲੀਅਨ ਦੇ ਗੌਰਵਸ਼ਾਲੀ ਇਤਿਹਾਸ ਅਤੇ ਹੁਣ ਤੱਕ ਦੀਆਂ ਅਹਿਮ ਪ੍ਰਾਪਤੀਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ।
ਇਸ ਮੌਕੇ ਲੈਫਟੀਨੈਂਟ ਜਨਰਲ ਸ਼੍ਰੀ ਕੇ. ਸੁਰਿੰਦਰਨਾਥ ਨੇ ਬਟਾਲੀਅਨ ਦੁਆਰਾ ਭਾਰਤੀ ਫੌਜ ਦੀ ਮਜ਼ਬੂਤੀ ਲਈ ਪਾਏ ਗਏ ਯੋਗਦਾਨ ਬਾਰੇ ਚਰਚਾ ਕੀਤੀ । ਗੜ੍ਹਵਾਲ ਰਾਈਫਲਜ਼ ਦੇ ਕਰਨਲ ਲੈਫਟੀਨੈਂਟ ਜਨਰਲ ਸ੍ਰੀ ਐਸ.ਏ. ਹਸਨੈਨ ਨੇ ਗੜ੍ਹਵਾਲੀ ਸੈਨਿਕਾਂ ਦੇ ਹੁਨਰ ਅਤੇ ਦੇਸ਼ ਭਗਤੀ ਦੇ ਜ਼ਜ਼ਬੇ ਦੀ ਸ਼ਲਾਘਾ ਕੀਤੀ । ਬੁਲਾਰਿਆਂ ਨੇ ਕਿਹਾ ਕਿ ਬਹਾਦਰੀ ਅਤੇ ਹੋਰ ਸ਼ਾਨਦਾਰ ਸੇਵਾਵਾਂ ਲਈ 236 ਐਵਾਰਡ ਹਾਸਿਲ ਕਰ ਚੁੱਕੀ ਗੜ੍ਹਵਾਲੀਆਂ ਦੀ ਇਸ ਬਟਾਲੀਅਨ ਨੂੰ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ‘ਰੋਇਲ’ ਖਿਤਾਬ ਪ੍ਰਦਾਨ ਕੀਤਾ ਗਿਆ ਸੀ । ਇਸ ਦੌਰਾਨ ਲੰਬੇ ਫੌਜੀ ਤਜਰਬੇ ਵਾਲੇ ਅਧਿਕਾਰੀਆਂ ਨੇ ਸੈਨਿਕਾਂ ਨੂੰ ਆਪਣੇ ਜੀਵਨ ਤਜਰਬਿਆਂ ਬਾਰੇ ਦੱਸਿਆ । ਇਸ ਮੌਕੇ ਸ਼ਹੀਦ ਸੈਨਿਕਾਂ ਦੀਆਂ ਵਿਧਵਾਵਾਂ ਨੂੰ ਸਨਮਾਨਿਤ ਕਰਨ ਦੇ ਨਾਲ ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਵਿਸ਼ਵਾਸ਼ ਦਿਵਾਇਆ ਗਿਆ ।