ਪਟਿਆਲਾ – ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਦੇ ਵਪਾਰੀਆਂ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਉਸ ਸਮੇਂ ਭਾਰੀ ਸਫਲਤਾ ਹਾਸਲ ਹੋਈ ਜਦੋਂ ਥਾਣਾ ਬਖਸ਼ੀਵਾਲਾ ਪੁਲਿਸ ਵੱਲੋਂ 8 ਕਿਲੋ ਅਫੀਮ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਐਸ.ਐਸ.ਪੀ. ਸ੍ਰ: ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਬੀਤੀ 29 ਅਕਤੂਬਰ ਨੂੰ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਡੀ.ਐਸ.ਪੀ. (ਡੀ) ਸ੍ਰ: ਮਨਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਥਾਣਾ ਬਖਸ਼ੀਵਾਲਾ ਦੇ ਐਸ.ਐਚ.ਓ. ਇੰਸਪੈਕਟਰ ਗੁਰਚਰਨ ਸਿੰਘ ਨੇ ਸਮੇਤ ਆਪਣੀ ਪੁਲਿਸ ਪਾਰਟੀ ਪਿੰਡ ਰੋੜੇਵਾਲ ਨੇੜੇ ਭਾਖੜਾ ਨਹਿਰ ‘ਤੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਲਗਭਗ ਦੁਪਿਹਰ ਦੇ 2:00 ਵਜੇ ਪਿੰਡ ਰੋੜੇਵਾਲ ਦੀ ਤਰਫੋਂ ਇੱਕ ਹੀਰੋ ਹਾਂਡਾ ਮੋਟਰ ਸਾਈਕਲ ਨੰ: ਪੀ.ਬੀ. 12 ਐਮ-8684 ‘ਤੇ ਇੱਕ ਵਿਅਕਤੀ ਆਇਆ ਜੋ ਕਿ ਪੁਲਿਸ ਪਾਰਟੀ ਨੂੰ ਵੇਖ ਕੇ ਭੱਜਣ ਲੱਗਾ ਪ੍ਰੰਤੂ ਇੰਸਪੈਕਟਰ ਗੁਰਚਰਨ ਸਿੰਘ ਅਤੇ ਉਹਨਾਂ ਦੀ ਪੁਲਿਸ ਪਾਰਟੀ ਨੇ ਉਸ ਨੂੰ ਰੋਕ ਲਿਆ ।
ਸ੍ਰ: ਗਿੱਲ ਨੇ ਦੱਸਿਆ ਕਿ ਜਦੋਂ ਡੀ.ਐਸ.ਪੀ. (ਡੀ) ਸ੍ਰ: ਮਨਜੀਤ ਸਿੰਘ ਬਰਾੜ ਦੇ ਨਿਰਦੇਸ਼ਾਂ ਅਨੁਸਾਰ ਉਕਤ ਵਿਅਕਤੀ ਦੀ ਤਲਾਸ਼ੀ ਲਈ ਗਈ ਤਾਂ ਉਸ ਦੀ ਪਿੱਠ ‘ਤੇ ਟੰਗੇ ਪਿੱਠੂ ਬੈਗ ਵਿੱਚੋਂ 8 ਕਿਲੋ ਅਫੀਮ ਬਰਾਮਦ ਹੋਈ । ਉਨ੍ਹਾਂ ਦੱਸਿਆ ਕਿ ਮੁਢਲੀ ਪੁੱਛਗਿੱਛ ਦੌਰਾਨ ਇਸ ਵਿਅਕਤੀ ਨੇ ਆਪਣਾ ਨਾਮ ਸੁਖਦੇਵ ਸਿੰਘ ਉਰਫ ਨਾਨੂ ਪੁੱਤਰ ਚਰਨ ਸਿੰਘ ਵਾਸੀ ਮੁਹੱਲਾ ਸੁਖਰਾਮ ਟੱਪਰੀਆਂ ਥਾਣਾ ਸਿਟੀ ਰੋਪੜ ਦਾ ਰਹਿਣ ਵਾਲਾ ਦੱਸਿਆ ਹੈ । ਸ੍ਰ: ਗਿੱਲ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਕਥਿਤ ਦੋਸ਼ੀ ਵਿਰੁੱਧ ਥਾਣਾ ਬਖਸ਼ੀਵਾਲਾ ਵਿਖੇ ਮਿਤੀ 29-10-2011 ਨੂੰ ਨਸ਼ਾ ਰੋਕੂ ਐਕਟ ਦੀ ਧਾਰਾ 18/61/85 ਅਧੀਨ ਮੁਕੱਦਮਾ ਨੰ: 74 ਦਰਜ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਸ ਦੇ ਹੋਰ ਨਸ਼ਿਆਂ ਦੇ ਵਪਾਰੀਆਂ ਨਾਲ ਸਬੰਧਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਨੂੰ ਕਿਸੇ ਵੀ ਕੀਮਤ ‘ਤੇ ਨਹੀਂ ਬਖਸ਼ੇਗੀ ਅਤੇ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ।