October 30, 2011 admin

ਉਪ ਮੁੱਖ ਮੰਤਰੀ ਨੇ 800 ਦੇ ਕਰੀਬ ਵਿਦਿਆਰਥਣਾਂ ਨੂੰ ਵੰਡੇ ਸਾਈਕਲ

*ਸਕੂਲ ਲਈ ਆਰ. ਓ. ਅਤੇ ਜਿਮ ਦਾ ਐਲਾਨ
ਬਠਿੰਡਾ – ‘ਸਰਕਾਰੀ ਸਕੂਲਾਂ ‘ਚ ਪੜ੍ਹਦੀਆਂ ਗਿਆਰਵੀਂ ਤੇ ਬਾਰ੍ਹਵੀਂ ਦੀਆਂ ਵਿਦਿਆਰਥਣਾਂ ਨੂੰ ਮਾਈ ਭਾਗੋ ਸਕੀਮ ਤਹਿਤ ਸਾਈਕਲ ਮੁਹੱਈਆ ਕਰਵਾਉਣੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਦਾ ਵੱਡਾ ਉਪਰਾਲਾ ਹੈ।’ ਇਹ ਸ਼ਬਦ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਲੜਕੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਾਲ ਰੋਡ ਵਿਖੇ ਲੜਕੀਆਂ ਨੂੰ ਸਾਈਕਲ ਵੰਡਣ ਮੌਕੇ ਕਹੇ। ਉਪ ਮੁੱਖ ਮੰਤਰੀ ਨੇ ਇਸ ਮੌਕੇ 800 ਦੇ ਕਰੀਬ ਸਾਈਕਲਾਂ ਦੀ ਵੰਡ ਕੀਤੀ ਅਤੇ ਸਕੂਲ ਲਈ ਆਰ ਓ ਅਤੇ ਜਿਮ ਦਾ ਵੀ ਐਲਾਨ ਕੀਤਾ।
ਇਸ ਮੌਕੇ ਹੋਏ ਇਕ ਭਰਵੇਂ ਸਮਾਗਮ ਨੂੰ ਸੰਬੋਧਨ ਕਰਦਿਆਂ ਸ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਲੜਕੀਆਂ ਦੀ ਤਰੱਕੀ ਲਈ ਅਹਿਮ ਯੋਗਦਾਨ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ‘ਚ ਲੜਕੀਆਂ ਦੀ ਪੜ੍ਹਾਈ ਇਸ ਵੇਲੇ ਮੁਫ਼ਤ ਕਰਵਾਈ ਜਾ ਰਹੀ ਹੈ ਅਤੇ ਨੰਨ੍ਹੀ ਛਾਂ ਪ੍ਰੋਗਰਾਮ ਤਹਿਤ ਕੁੱਖ ਤੇ ਰੁੱਖ ਨੂੰ ਬਚਾਉਣ ਦਾ ਬੀੜਾ ਚੁੱਕਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਅਕਾਲੀ-ਭਾਜਪਾ ਸਰਕਾਰ ਨੇ ਮਾਲਵੇ ਦੇ ਇਲਾਕੇ ਨੂੰ ਤਰੱਕੀ ਦੀਆਂ ਬੁਲੰਦੀਆਂ ‘ਤੇ ਪਹੁੰਚਾ ਦਿੱਤਾ ਹੈ। ਉਪ ਮੁੱਖ ਮੰਤਰੀ ਨੇ ਕਿਹਾ ਕਿ ਤਲਵੰਡੀ ਸਾਬੋ ਨੇੜੇ ਕੱਪੜੇ ਦਾ ਇਕ ਵੱਡਾ ਕਾਰਖਾਨਾ ਲਗਾਇਆ ਜਾ ਰਿਹਾ ਹੈ ਜਿਥੇ ਸੱਤ ਹਜ਼ਾਰ ਦੇ ਕਰੀਬ ਕੁੜੀਆਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਬਠਿੰਡੇ ਵਿਖੇ ਕੇਂਦਰੀ ਯੂਨੀਵਰਸਿਟੀ ਮਾਲਵਾ ਇਲਾਕੇ ‘ਚ ਸਿੱਖਿਆ ਦੇ ਖੇਤਰ ‘ਚ ਇਕ ਵੱਡੀ ਪੁਲਾਂਘ ਹੈ ਅਤੇ ਘੁੱਦੇ ਪਿੰਡ ਵਿਚ ਖੇਡਾਂ ਦਾ ਸਕੂਲ ਵੀ ਖੋਲ੍ਹਿਆ ਗਿਆ ਹੈ। ਇਸ ਤੋਂ ਪਹਿਲਾਂ ਉਪ ਮੁੱਖ ਮੰਤਰੀ ਨੇ ਥਰਮਲ ਦੀਆਂ ਝੀਲਾਂ ਦਾ ਦੌਰਾ ਕੀਤਾ ਅਤੇ ਕਬੱਡੀ ਖਿਡਾਰੀਆਂ ਨਾਲ ਮੁਲਾਕਾਤ ਵੀ ਕੀਤੀ।
ਇਸ ਮੌਕੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਸਿਕੰਦਰ ਸਿੰਘ ਮਲੂਕਾ, ਪ੍ਰਮੁੱਖ ਸੰਸਦੀ ਸਕੱਤਰ ਸ੍ਰੀ ਜਗਦੀਪ ਸਿੰਘ ਨਕੱਈ, ਹਲਕਾ ਇੰਚਾਰਜ ਸ੍ਰੀ ਸਰੂਪ ਚੰਦ ਸਿੰਗਲਾ, ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ, ਡੀ. ਆਈ. ਜੀ. ਸ੍ਰੀ ਪਰਮਜੀਤ ਸਿੰਘ ਗਰੇਵਾਲ, ਜ਼ਿਲ੍ਹਾ ਪੁਲਿਸ ਮੁਖੀ ਡਾ. ਸੁਖਚੈਨ ਸਿੰਘ ਗਿੱਲ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ੍ਰੀ ਹਰਬੰਸ ਸਿੰਘ ਸੰਧੂ, ਤਹਿਸੀਲਦਾਰ ਬਠਿੰਡਾ ਸ੍ਰੀ ਅਵਤਾਰ ਸਿੰਘ ਮੱਕੜ, ਜ਼ਿਲ੍ਹਾ ਸਿਹਤ ਅਡਵਾਈਜ਼ਰੀ ਕਮੇਟੀ ਦੇ ਮੈਂਬਰ ਡਾ. ਓਮ ਪ੍ਰਕਾਸ਼ ਸ਼ਰਮਾ ਤੇ ਹੋਰ ਆਗੂ ਹਾਜ਼ਰ ਸਨ।  
 

Translate »