ਬਰਨਾਲਾ – ਪੰਜਾਬ ਦੇ ਮੱੁਖ ਮੰਤਰੀ ਸ| ਪਰਕਾਸ਼ ਸਿੰਘ ਬਾਦਲ ਝੋਨੇ ਦੇ ਖਰੀਦ ਪ੍ਰਬੰਧਾਂ ਦੀ ਨਿਗਰਾਨੀ ਖੁੱਦ ਕਰ ਰਹੇ ਹਨ ਅਤੇ ਹਰ ਰੋਜ ਸ਼ਾਮ ਨੂੰ ਉੱਚ ਅਧਿਕਾਰੀਆਂ ਅਤੇ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਤੋਂ ਝੋਨੇ ਦੀ ਖਰੀਦ ਬਾਰੇ ਸਿੱਧੀ ਜਾਣਕਾਰੀ ਹਾਸਿਲ ਕਰਦੇ ਹਨ।ਬਰਨਾਲਾ ਜਿਲ੍ਹੇ ਦੀਆਂ ਅਨਾਜ ਮੰਡੀਆਂ ਦਾ ਦੌਰਾ ਕਰਨ ਪਹੁੰਚੇ ਮੱੁਖ ਮੰਤਰੀ ਦੇ ਪ੍ਰਮੱੁਖ ਸਕੱਤਰ ਸ| ਦਰਬਾਰਾ ਸਿੰਘ ਗੁਰੂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਦੀਆਂ ਸਖਤ ਹਦਾਇਤਾਂ ਹਨ ਕਿ ਝੋਨੇ ਦੀ ਖਰੀਦ ਪਹਿਲ ਦੇ ਅਧਾਰ ਤੇ ਕੀਤੀ ਜਾਵੇ ਅਤੇ ਸਬੰਧੀ ਕਿਸਾਨਾ ਨੂੰ ਮਡੀਆਂ ਵਿੱਚ ਅਤੇ ਪੈਸੇ ਦੀ ਪੇਮੈਂਟ ਸਬੰਧੀ ਕਿਸੇ ਕਿਸਮ ਦੀ ਸਮੱਸਿਆ ਨਾ ਆਉਣ ਦਿੱਤੀ ਜਾਵੇ।
ਉਨ੍ਹਾਂ ਨਾਲ ਹੀ ਦੱਸਿਆ ਕਿ ਮੱੁਖ ਮੰਤਰੀ ਸ| ਪਰਕਾਸ਼ ਸਿੰਘ ਬਾਦਲ ਦੀਆਂ ਹਦਾਇਤਾਂ ਅਨੁਸਾਰ ਝੋਨੇ ਦੀ ਖਰੀਦ ਲਈ ਪੰਜਾਬ ਨੂੰ ਪੰਜ ਜੋਨਾ ਵਿੱਚ ਵੰਡਿਆ ਗਿਆ ਹੈ, ਜਿਸ ਦੇ ਤਹਿਤ ਮੁੱਖ ਮੰਤਰੀ ਦਫਤਰ ਦੇ ਸੀਨੀਆਰ ਅਧਿਕਾਰੀ, ਡਵੀਜਨਲ ਕਮਿਸ਼ਨਰਾਂ, ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਹੋਰਨਾ ਸਬੰਧਿਤ ਅਧਿਕਾਰੀਆਂ ਨੂੰ ਸਪੱਸ਼ਟ ਆਦੇਸ਼ ਹਨ ਕਿ ਉਹ ਪਹਿਲ ਦੇ ਅਧਾਰ ਤੇ ਝੋਨੇ ਦੀ ਖਰੀਦ ਯਕੀਨੀ ਬਣਾਉਣ ਲਈ ਖੁੱਦ ਮੰਡੀਆਂ ਦੇ ਦੌਰੇ ਕਰਨ।ਉਨ੍ਹਾ ਦੱਸਿਆਂ ਕਿ ਇਸ ਸਾਲ ਸਰਕਾਰ, ਖਰੀਦ ਏਜੰਸੀਆਂ, ਆੜਤੀਆਂ, ਟਰੱਕ ਅਪਰੇਟਰਾਂ ਅਤੇ ਝੋਨੇ ਦੀ ਖਰੀਦ ਨਾਲ ਜੁੜੇ ਹੋਰਨਾ ਅਦਾਰਿਆਂ ਦੇ ਬਹੁਤ ਹੀ ਵਧੀਆ ਤਾਲਮੇਲ ਰਾਹੀਂ ਝੋਨੇ ਦੀ ਖਰੀਦ ਹੋ ਰਹੀ ਹੈ, ਜਿਸ ਤੋਂ ਪੰਜਾਬ ਦੇ ਕਿਸਾਨ ਬਾਗੋ ਬਾਗ ਹਨ।
ਉਨ੍ਹਾਂ ਦੱਸਿਆ ਕਿ ਉਹ ਹੁਣ ਤੱਕ ਝੋਨੇ ਦੀ ਖਰੀਦ ਸਬੰਧੀ ਪੰਜਾਬ ਦੇ 10 ਜ਼ਿਲਿਆਂ ਦਾ ਦੌਰਾ ਮੁਕੱਮਲ ਕਰ ਚੱਕੇ ਹਨ ਅਤੇ ਇਹ ਗਿਆਰਵਾਂ ਜ਼ਿਲ੍ਹਾ ਹੈ ਅਤੇ ਹਾਲੇ ਤੱਕ ਪੰਜਾਬ ਭਰ ਵਿੱਚ ਝੋਨੇ ਦੀ ਖਰੀਦ ਸਬੰਧੀ ਮੋਟੇ ਤੌਰ `ਤੇ ਕੋਈ ਸਮੱਸਿਆ ਸਾਹਮਣੇ ਨਹੀ ਆਈ, ਪਰ ਜਿੱਥੇ ਕਿਤੇ ਕਿਸੇ ਮੰਡੀ ਵਿੱਚ ਖਰੀਦ ਜਾ ਲਿਫਟਿੰਗ ਸਬੰਧੀ ਕੋਈ ਛੋਟੀ ਮੋਟੀ ਗੱਲ ਦੇਖਣ ਨੂੰ ਮਿਲੀ ਹੈ ਉਸ ਨੂੰ ਆਪਸੀ ਤਾਲਮੇਲ ਰਾਹੀਂ ਹੱਲ ਕਰਨ ਦੇ ਆਦੇਸ਼ ਦਿੱਤੇ ਜਾਂਦੇ ਹਨ।ਉਨ੍ਹਾਂ ਨਾਲ ਹੀ ਕਿਹਾ ਕਿ ਪਰ ਜੇਕਰ ਕੋਈ ਜਾਣ ਬੱੁਝ ਕੇ ਅਣਗਿਹਲੀ ਕਰੇਗੇ ਉਸ ਖਿਲਾਫ ਸਖਤੀ ਵੀ ਵਰਤੀ ਜਾਵੇਗੀ।
ਸ| ਗੁਰੂ ਨੇ ਖਰੀਦ ਪ੍ਰਬੰਧਾਂ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਪੰਜਾਬ ਦੀਆਂ ਮੰਡੀਆਂ ’ਚ ਕੱਲ ਤੱਕ 92 ਲੱਖ ਟਨ ਝੋਨੇ ਦੀ ਆਮਦ ਹੋਈ ਹੈ, ਜਿਸ ਵਿੱਚੋਂ 91 ਲੱਖ ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ।ਉਨ੍ਹਾਂ ਦੱਸਿਆਂ ਕਿ ਖਰੀਦੇ ਗਏ ਝੋਨੇ ਵਿਚੋਂ 88 ਲੱਖ ਟੱਨ ਦੇ ਕਰੀਬ ਸਰਕਾਰ ਨੇ ਖਰੀਦਿਆ ਹੈ ਜਦਕਿ 3 ਲੱਖ ਦੇ ਕਰੀਬ ਨਿੱਜੀ ਅਦਾਰਿਆਂ ਨੇ ਖਰੀਦ ਕੀਤੀ ਹੈ।
ਉਨਾਂ ਕਿਹਾ ਕਿ ਪੂਰੇ ਪੰਜਾਬ ਵਿਚ ਇਸ ਸਾਲ 135 ਲੱਖ ਟੱਨ ਝੋਨਾ ਮੰਡੀਆਂ ਵਿੱਚ ਆਉਣ ਦੀ ਉਮੀਦ ਹੈ ਅਤੇ ਇਸ ਵਿੱਚੋਂ 70 ਫੀਸਦੀ ਝੋਨੇ ਦੀ ਖਰੀਦ ਮੁਕੰਮਲ ਹੋ ਚੁੱਕੀ ਹੈ ਅਤੇ ਬਾਕੀ ਵੀ ਬਿਨਾ ਕਿਸੇ ਦੇਰੀ ਦੇ ਖਰੀਦਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿਛਲੇ 48 ਘੰਟਿਆਂ ਵਿੱਚ ਹੋਈ ਖਰੀਦ ਲਈ ਹੁਣ ਤੱਕ 8000 ਕਰੋੜ ਰੁਪਏ ਝੋਨੇ ਦੀ ਪੇਮੈਂਟ ਸਰਕਾਰ ਵਲੋਂ ਕੀਤੀ ਜਾਣੀ ਸੀ, ਜਿਸ ਬਦਲੇ ਪੰਜਾਬ ਸਰਕਾਰ ਨੇ 8500 ਕਰੋੜ ਦੀ ਪੇਮੈਂਟ ਜਾਰੀ ਕਰ ਦਿੱਤੀ ਹੈ।ਇਸ ਅਨੁਸਾਰ ਸਰਕਾਰ ਵਲੋਂ 48 ਘੰਟੇ ਤੋਂ ਪਹਿਲਾਂ ਹੀ ਕਿਸਾਨ ਨੂੰ ਪੇਮੈਂਟ ਦੇ ਦਾ ਯਤਨ ਕੀਤਾ ਜਾ ਰਿਹਾ ਹੈ।ਉਨ੍ਹਾਂ ਨਾਲ ਹੀ ਦੱਸਿਆ ਕਿ ਸਰਕਾਰ ਨੇ ਪਹਿਲਾਂ ਹੀ ਝੋਨੇ ਦੀ ਖਰੀਦ ਲਈ 18600 ਕਰੋੜ ਦਾ ਪ੍ਰਬੰਧ ਕੀਤਾ ਹੋਇਆ ਹੈ।
ਇਸ ਮੌਕੇ ਸਾਰੀਆਂ ਖਰੀਦ ਏਜੰਸੀਆਂ ਨੇ ਭਰੋਸਾ ਦਿੱਤਾ ਕਿ ਉਨਾਂ ਕੋਲ ਖਰੀਦ ਲਈ ਲੋੜੀਂਦਾ ਬਾਰਦਾਨਾ ਅਤੇ ਹੋਰ ਸਾਜੋ ਸਮਾਨ ਮੌਜੂਦ ਹੈ, ਜਿਸ ਕਾਰਨ ਖਰੀਦ ’ਚ ਕੋਈ ਵੀ ਅੜਚਨ ਨਹੀਂ ਆਉਣ ਦਿੱਤੀ ਜਾਵੇਗੀ।
ਸ| ਦਰਬਾਰਾ ਸਿੰਘ ਗੁਰੂ ਨੇ ਇਸ ਮੌਕੇ ਨਾ ਸਿਰਫ ਮੰਡੀਆਂ ’ਚ ਖਰੀਦ ਪ੍ਰਬੰਧ ਦਾ ਜ਼ਾਇਜਾ ਲਿਆ ਬਲਕਿ ਉਥੇ ਹਾਜ਼ਰ ਕਿਸਾਨਾਂ ਨੂੰ ਉਨਾਂ ਦੀਆਂ ਮੁਸ਼ਕਿਲਾਂ ਬਾਰੇ ਵੀ ਖੱਲ ਕੇ ਦੱਸਣ ਲਈ ਕਿਹਾ।ਸ੍ਰੀ ਦਰਬਾਰਾ ਸਿੰਘ ਗੁਰੂ ਇਸ ਤੋਂ ਪਹਿਲਾਂ ਕੱਲ ਝੋਨੇ ਦੀ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਬਰਨਾਲਾ ਜ਼ਿਲੇ ਦੇ ਧਨੌਲਾ ਅਤੇ ਮਹਿਲ ਕਲਾਂ ਇਲਾਕੇ ਦੀਆਂ ਕਈ ਮੰਡੀਆਂ ਦਾ ਦੌਰਾ ਕੀਤਾ।ਅੱਜ ਉਨ੍ਹਾਂ ਨੇ ਜਿਲ੍ਹੇ ਦੀਆਂ ਫਤਿਹਗੜ੍ਹ ਛੱਨਾ, ਰੂੜੇਕੇ ਕਲਾਂ, ਪੱਖੋ ਕਲਾਂ, ਤਪਾ, ਭਦੌੜ ਅਤੇ ਸ਼ਹਿਣਾ ਆਦਿ ਮੰਡੀਆਂ ਵਿੱਚ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜ਼ਾਇਜਾ ਲਿਆ।
ਇਸ ਮੌਕੇ ਉਨਾਂ ਨਾਲ ਡਵੀਜਨਲ ਕਮਿਸ਼ਨਰ ਪਟਿਆਲਾ ਸ੍ਰੀ ਐਸ| ਆਰ| ਲੱਧੜ, ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ, ਐਸ| ਐਸ|ਪੀ ਬਰਨਾਲਾ ਸ੍ਰੀ ਗੁਰਪ੍ਰੀਤ ਸਿੰਘ ਤੂਰ, ਸਾਬਕਾ ਵਿਧਾਇਕ ਮਲਕੀਤ ਸਿੰਘ ਕੀਤੂ, ਸਾਬਕਾ ਮੰਤਰੀ ਗੋਬਿੰਦ ਸਿੰਘ ਲੌਂਗੋਵਾਲ, ਮਾਰਕਿਟ ਕਮੇਟੀ ਭਦੌੜ ਦੇ ਚੇਅਰਮੈਨ ਭੋਲਾ ਸਿੰਘ ਵਿਰਕ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਬਲਵੰਤ ਸਿੰਘ ਸ਼ੇਰਗਿੱਲ, ਐਸ| ਡੀ| ਐਮ ਸ੍ਰੀ ਅਮਿਤ ਕੁਮਾਰ, ਡੀ|ਡੀ|ਪੀ|ਓ ਜੋਗਿੰਦਰ ਕੁਮਾਰ, ਜ਼ਿਲ੍ਹਾ ਪਰਿਸ਼ਦ ਬਰਨਾਲਾ ਦੇ ਚੇਆਰਮੈਨ ਗੁਰਤੇਜ ਸਿੰਘ ਖੁੱਡੀ ਕਲਾਂ,ਮਾਰਕਿਟ ਕਮੇਟੀ ਧਨੌਲਾ ਦੇ ਚੇਅਰਮੈਨ ਨਿਹਾਲ ਸਿੰਘ ਉੱਪਲੀ, ਮਾਰਕਿਟ ਕਮੇਟੀ ਮਹਿਲ ਕਲਾਂ ਦੇ ਚੇਆਰਮੈਨ ਅਜੀਤ ਸਿੰਘ ਕੁਤਬਾ, ਜ਼ਿਲ੍ਹਾ ਮੰਡੀ ਅਫਸਰ ਸ੍ਰੀ ਸੁਖਬੀਰ ਸਿੰਘ ਸੋਢੀ, ਮਾਰਕਿਟ ਕਮੇਟੀ ਤਪਾ ਦੇ ਚੇਅਰਮੈਨ ਗੁਰਜੰਟ ਸਿੰਘ, ਟਰੱਕ ਯੂਨੀਅਨ ਤਪਾ ਦੇ ਪ੍ਰਧਾਨ ਕੁਲਵੰਤ ਸਿੰਘ ਬੋਘਾ, ਬਲਾਕ ਸੰਮਤੀ ਬਰਨਾਲਾ ਦੇ ਚੇਅਰਮੈਨ ਹਰਪਾਲ ਸਿੰਘ ਪੰਧੇਰ ਸਮੇਤ ਵੱਖ ਵੱਖ ਖਰੀਦ ਏਜੰਸੀਆਂ ਦੇ ਨੁਮਾਇੰਦਿਆ ਨੇ ਵੀ ਮੰਡੀਆ ਦਾ ਦੌਰਾ ਕੀਤਾ।