ਜਲੰਧਰ – ਜ਼ਿਲ੍ਹਾ ਚਾਈਲਡ ਵੈਲਫੇਅਰ ਕਾਊਂਸਿਲ ਜਲੰਧਰ ਵਲੋਂ ਰੈਡ ਕਰਾਸ ਭਵਨ ਜਲੰਧਰ ਵਿਖੇ 09 ਨਵੰਬਰ ਅਤੇ 11 ਨਵੰਬਰ 2011 ਨੂੰ 2 ਰੋਜ਼ਾ ਬਾਲ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿਚ ਬੱਚਿਆਂ ਦੇ ਸਮੂਹ ਗੀਤ ਅਤੇ ਕਵਿਤਾ ਮੁਕਾਬਲੇ ਕਰਵਾਏ ਜਾਣਗੇ। ਇਹ ਜਾਣਕਾਰੀ ਸ੍ਰੀ ਪ੍ਰਿਯਾਂਕ ਭਾਰਤੀ ਡਿਪਟੀ ਕਮਿਸ਼ਨਰ ਜਲੰਧਰ ਨੇ ਦਿੰਦਿਆਂ ਦੱਸਿਆ ਕਿ 09 ਨਵੰਬਰ ਨੂੰ ਬਾਲ ਮੇਲੇ ਦੇ ਪਹਿਲੇ ਦਿਨ ਸਮੂਹ ਗੀਤ ਮੁਕਾਬਲੇ ਕਰਵਾਏ ਜਾਣਗੇ ਜਿਸ ਵਿਚ ਸਿਰਫ ਦੇਸ਼ ਭਗਤੀ ਦੇ ਗੀਤ ਹੀ ਗਾਏ ਜਾ ਸਕਣਗੇ ਅਤੇ ਕਵਿਤਾ ਉਚਾਰਨ ਮੁਕਾਬਲੇ ਵੀ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾ ਮੁਕਾਬਲਿਆਂ ਵਿਚ ਹਰ ਸਕੂਲ ਦੀ ਇਕ ਇਕ ਟੀਮ ਹੀ ਹਿੱਸਾ ਲੈ ਸਕੇਗੀ। ਉਨ੍ਹਾਂ ਦੱਸਿਆ ਕਿ ਸਮੂਹ ਗੀਤ ਵਾਸਤੇ ਸਮਾਂ 3 ਤੋਂ 5 ਮਿੰਟ,ਕਵਿਤਾ ਵਾਸਤੇ 3 ਤੋਂ 4 ਮਿੰਟ ਅਤੇ ਸਮੂਹ ਡਾਂਸ ਵਾਸਤੇ ਸਮਾਂ 6 ਤੋਂ 8 ਮਿੰਟ ਰੱਖਿਆ ਗਿਆ ਹੈ ਅਤੇ ਇਨ੍ਹਾਂ ਮੁਕਾਬਲਿਆਂ ਵਿਚ ਟੇਪ ਰਿਕਾਰਡਰ ਅਤੇ ਹੋਰ ਰਿਕਾਰਡਰ ਮਿਊਜ਼ਿਕ ਦੀ ਵਰਤੋਂ ਕਰਨ ਵਾਲੀਆਂ ਟੀਮਾਂ ਨੂੰ ਡਿਸਕੁਆਲੀਫਾਈ ਕਰ ਦਿੱਤਾ ਜਾਵੇਗਾ। ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਸਕੂਲ ਅਪਣੀ ਰਜਿਸਟਰੇਸ਼ਨ 8 ਨਵੰਬਰ ਤੱਕ ਰੈਡ ਕਰਾਸ ਭਵਨ ਜਲੰਧਰ ਵਿਖੇ ਕਰਵਾ ਸਕਣਗੇ ਅਤੇ ਵੱਖ ਵੱਖ ਟੀਮਾਂ ਦੇ ਮੁਕਾਬਲੇ ਸਵੇਰੇ 09.30 ਵਜੇ ਤੋਂ ਸੁਰੂ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਜਿੱਤਣ ਵਾਲੀਆਂ ਟੀਮਾਂ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ 14 ਨਵੰਬਰ 2011 ਨੂੰ ਰਾਜ ਪੱਧਰ ਤੇ ਕਰਵਾਏ ਜਾ ਰਹੇ ਮੁਕਾਬਲਿਆਂ ਵਿਚ ਹਿੱਸਾ ਲੈ ਸਕਣਗੀਆਂ।