November 3, 2011 admin

ਦੂਜਾ ਵਿਸ਼ਵ ਕਬੱਡੀ ਕੱਪ

ਭਾਰਤੀ ਮਹਿਲਾ ਕਬੱਡੀ ਟੀਮ ਦੀ ਕਮਾਨ ਜਤਿੰਦਰ ਕੌਰ ਦੇ ਹੱਥ
– ਰਾਜਵਿੰਦਰ ਕੌਰ ਨੂੰ ਬਣਾਇਆ ਉਪ ਕਪਤਾਨ
– ਪਹਿਲਾ ਮੁਕਾਬਲਾ 11 ਨਵੰਬਰ ਨੂੰ ਤੁਰਕਮੇਨਿਸਤਾਨ ਦੀ ਟੀਮ ਨਾਲ

ਲੁਧਿਆਣਾ – ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਦੂਜੇ ਵਿਸ਼ਵ ਕਬੱਡੀ ਕੱਪ ‘ਚ ਪਹਿਲੀ ਵਾਰ ਹੋ ਰਹੇ ਕੁੜੀਆਂ ਦੇ ਮੁਕਾਬਲਿਆਂ ‘ਚ ਭਾਰਤੀ ਟੀਮ ਦੀ ਕਮਾਨ ਜਤਿੰਦਰ ਕੌਰ ਨੂੰ ਸੌਂਪੀ ਗਈ ਹੈ। ਜਦਕਿ ਉਪ ਕਪਤਾਨ ਰਾਜਵਿੰਦਰ ਕੌਰ ਨੂੰ ਬਣਾਇਆ ਗਿਆ ਹੈ। ਦੋਵੇਂ ਮੁਟਿਆਰਾਂ ਜਗਤਪੁਰ ਅਕੈਡਮੀ ਨਾਲ ਸਬੰਧ ਰੱਖਦੀਆਂ ਹਨ।
ਵਧੇਰੇ ਜਾਣਕਾਰੀ ਦਿੰਦਿਆਂ ਭਾਰਤੀ ਕਬੱਡੀ ਟੀਮ ਦੀ ਕੋਚ ਜਸਕਰਨ ਕੌਰ ਲਾਡੀ ਤੇ ਅਵਤਾਰ ਕੌਰ ਨੇ ਦੱਸਿਆ ਕਿ ਦੋਵੇਂ ਖਿਡਾਰਣਾਂ ਕਬੱਡੀ ਦਾ ਵੱਡਾ ਤਜ਼ਰਬਾ ਰੱਖਦੀਆਂ ਹਨ ਅਤੇ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਕਈ ਪ੍ਰਾਪਤੀਆਂ ਇਨ੍ਹਾਂ ਦੇ ਨਾਂ ਹਨ। ਇਸ ਮੌਕੇ ਭਾਰਤੀ ਕਬੱਡੀ ਟੀਮ ਦੀ ਮੈਨੇਜਰ ਮਨਜੀਤ ਕੌਰ ਵੀ ਨਾਲ ਸਨ। ਇਕ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਾਰੀਆਂ ਖਿਡਾਰਣਾਂ ਦੇ ਹੌਂਸਲੇ ਬੁਲੰਦ ਹਨ ਅਤੇ ਖਿਤਾਬੀ ਜਿੱਤ ਲਈ ਭਾਰਤੀ ਟੀਮ ਸੌ ਫੀਸਦੀ ਆਸਵੰਦ ਹੈ।
ਉਨ੍ਹਾਂ ਦੱਸਿਆ ਕਿ ਵਿਰੋਧੀ ਟੀਮਾਂ ਦੀਆਂ ਖਿਡਾਰਣਾਂ ਨੂੰ ਧੂੜ ਚਟਾਉਣ ਲਈ ਭਾਰਤੀ ਟੀਮ ਲਈ ਖਾਸ ਪੈਂਤੜੇਬਾਜ਼ੀ ਤਿਆਰ ਕੀਤੀ ਗਈ ਹੈ ਤਾਂ ਜੋ ਮੈਚਾਂ ਦੇ ਸ਼ੁਰੂਆਤ ਵਿਚ ਹੀ ਵਿਰੋਧੀ ਟੀਮ ਦੇ ਹੌਂਸਲੇ ਢਾਹੇ ਜਾ ਸਕਣ।ਇਨ੍ਹਾਂ ਮੁਕਾਬਲਿਆਂ ‘ਚ ਭਾਰਤ ਤੋਂ ਇਲਾਵਾ ਯੂ.ਐਸ.ਏ., ਯੂ.ਕੇ. ਅਤੇ ਤੁਰਕਮੇਨਿਸਤਾਨ ਦੀਆਂ ਕੁੜੀਆਂ ਵੀ ਹਿੱਸਾ ਲੈ ਰਹੀਆਂ ਹਨ।
ਏਨੇ ਵੱਡੇ ਪੱਧਰ ‘ਤੇ ਹੋ ਰਹੇ ਕਬੱਡੀ ਮੁਕਾਬਲਿਆਂ ਪ੍ਰਤੀ ਭਾਰਤੀ ਕਬੱਡੀ ਟੀਮ ਦੀਆਂ ਸਾਰੀਆਂ ਖਿਡਾਰਣਾਂ ਦੇ ਨਾਲ-ਨਾਲ ਟੀਮ ਨਾਲ ਜੁੜਿਆਂ ਬਾਕੀ ਸਟਾਫ ਵੀ ਕਾਫੀ ਉਤਸ਼ਾਹਿਤ ਹੈ। ਖਿਡਾਰਣਾਂ ਦਾ ਕਹਿਣਾ ਹੈ ਕਿ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਸੋਚ ਸਦਕਾ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਜਿਸ ਪੱਧਰ ਦਾ ਮੰਚ ਮਿਲਿਆ ਹੈ ਇਸਨੂੰ ਉਹ ਅਜਾਈਂ ਨਹੀਂ ਜਾਣ ਦੇਣਗੀਆਂ ਅਤੇ ਖਾਸ ਤੌਰ ‘ਤੇ ਕੁੜੀਆਂ ਦੀ ਕਬੱਡੀ ਨੂੰ ਪ੍ਰਫੁੱਲਿਤ ਕਰਨ ‘ਚ ਆਪਣਾ ਵਿਸ਼ੇਸ਼ ਯੋਗਦਾਨ ਪਾਉਣਗੀਆਂ।
ਕਾਬਿਲੇਗੌਰ ਹੈ ਕਿ ਭਾਰਤੀ ਮਹਿਲਾ ਕਬੱਡੀ ਟੀਮ ਦਾ ਪਹਿਲਾ ਮੁਕਾਬਲਾ 11 ਨਵੰਬਰ ਨੂੰ ਤੁਰਕਮੇਨਿਸਤਾਨ ਦੀ ਟੀਮ ਨਾਲ ਅੰਮ੍ਰਿਤਸਰ ਵਿਖੇ ਹੋਵੇਗਾ ਜਦਕਿ ਫਾਇਨਲ ਮੈਚ ਲੁਧਿਆਣਾ ਵਿਖੇ 20 ਨਵੰਬਰ ਨੂੰ ਖੇਡਿਆ ਜਾਵੇਗਾ।

Translate »