November 3, 2011 admin

ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁ: ਪ੍ਰ: ਕਮੇਟੀ) ਵੱਲੋਂ ਲਈ ਜਾਣ ਵਾਲੀ ਧਾਰਮਿਕ ਪ੍ਰੀਖਿਆ 2011 ਦੇ ਲੋੜੀਂਦੇ ਪ੍ਰਬੰਧ ਮੁਕੰਮਲ – ਸਤਬੀਰ ਸਿੰਘ

ਅੰਮ੍ਰਿਤਸਰ – ਸਿੱਖ ਪੰਥ ਦੀ ਧਾਰਮਿਕ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਦੁਨਿਆਵੀ ਵਿੱਦਿਆ ਦੇ ਨਾਲ-ਨਾਲ ਧਾਰਮਿਕ ਵਿੱਦਿਆ ਦੇ ਪ੍ਰਚਾਰ-ਪ੍ਰਸਾਰ ਲਈ ਅਰੰਭੀ ਮੁਹਿੰਮ ਹੇਠ ਧਰਮ ਪ੍ਰਚਾਰ ਕਮੇਟੀ ਵੱਲੋਂ ਪੂਰੇ ਭਾਰਤ ਵਿਚਲੇ ਵੱਖ-ਵੱਖ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਦੀ ਧਾਰਮਿਕ ਪ੍ਰੀਖਿਆ ਇਸ ਸਾਲ ਮਿਤੀ 16 ਅਤੇ 17 ਨਵੰਬਰ 2011 ਨੂੰ ਲਈ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਧਰਮ ਪ੍ਰਚਾਰ ਕਮੇਟੀ ਦੇ ਐਡੀਸ਼ਨਲ ਸਕੱਤਰ ਸ. ਸਤਬੀਰ ਸਿੰਘ ਨੇ ਦੱਸਿਆ ਕਿ ਧਾਰਮਿਕ ਪ੍ਰੀਖਿਆ ਵਿਭਾਗ ਦਾ ਕੰਪਿਊਟਰੀਕਰਨ ਹੋਣ ਉਪਰੰਤ ਪਿਛਲੇ ਸਾਲਾਂ ਨਾਲੋਂ ਵਿਦਿਆਰਥੀਆਂ ਦਾ ਰੀਕਾਰਡ ਤੋੜ ਵਾਧਾ ਹੋਇਆ ਹੈ। ਧਾਰਮਿਕ ਪ੍ਰੀਖਿਆ ਵਿਭਾਗ ਦੇ ਸਮੁੱਚੇ ਸਟਾਫ਼ ਦੀ ਮਿਹਨਤ ਸਦਕਾ ਇਹ ਪ੍ਰੀਖਿਆ ਸਮੇਂ ਸਿਰ ਲੈਣ ਲਈ ਹਰ ਪ੍ਰਕਾਰ ਦੇ ਲੋੜੀਂਦੇ ਪ੍ਰਬੰਧ ਆਦਿ ਮੁਕੰਮਲ ਕਰਦਿਆਂ ਵਿਦਿਆਰਥੀਆਂ ਦੇ ਰੋਲ ਨੰਬਰ ਜਾਰੀ ਕਰ ਦਿੱਤੇ ਗਏ ਹਨ। ਇਸ ਪ੍ਰੀਖਿਆ ਲਈ ਪੂਰੇ ਭਾਰਤ ਵਿੱਚੋਂ ਤਕਰੀਬਨ 450 ਸਕੂਲਾਂ/ਕਾਲਜਾਂ ਚੋਂ ਵੱਖ-ਵੱਖ ਵਰਗਾਂ ਦੇ ਲਗਭਗ 28 ਹਜ਼ਾਰ ਦੇ ਕਰੀਬ ਵਿਦਿਆਰਥੀ ਹਿੱਸਾ ਲੈ ਰਹੇ ਹਨ ਜਿਨ੍ਹਾਂ ਲਈ 350 ਦੇ ਕਰੀਬ ਪ੍ਰੀਖਿਆ ਕੇਂਦਰ ਨਿਯਤ ਕੀਤੇ ਗਏ ਹਨ। ਪ੍ਰੀਖਿਆ ਵਿੱਚੋਂ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਉਤਸ਼ਾਹਿਤ ਕਰਨ ਲਈ ਤਕਰੀਬਨ 23 ਲੱਖ ਰੁਪਏ ਵਜ਼ੀਫੇ ਵਜੋਂ ਦੇਣ ਲਈ ਰੱਖੇ ਗਏ ਹਨ। ਪ੍ਰੀਖਿਆ ਵਿੱਚ ਸ਼ਾਮਿਲ ਸਮੂਹ ਸਕੂਲਾਂ/ਕਾਲਜਾਂ ਦੇ ਪ੍ਰਬੰਧਕਾਂ ਨੂੰ ਦੱਸਿਆ ਜਾਂਦਾ ਹੈ ਕਿ ਮਿਤੀ 10 ਨਵੰਬਰ 2011 ਤੀਕ ਰੋਲ ਨੰਬਰ ਨਾ ਪੁੱਜਣ ਦੀ ਸੂਰਤ ਵਿੱਚ ਦਫ਼ਤਰ ਧਾਰਮਿਕ ਪ੍ਰੀਖਿਆ ਵਿਭਾਗ, ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁ: ਪ੍ਰ: ਕਮੇਟੀ) ਨਾਲ ਸੰਪਰਕ ਕਰਨ।
ਉਹਨਾਂ ਇਹ ਵੀ ਦੱਸਿਆ ਕਿ ਇਸ ਪ੍ਰੀਖਿਆ ਵਿੱਚ 6ਵੀਂ ਕਲਾਸ ਤੋਂ ਲੈ ਕੇ ਪੋਸਟ ਗ੍ਰੈਜੂਏਸ਼ਨ ਕਲਾਸ ਤੱਕ ਰੈਗੂਲਰ ਵਿੱਦਿਆ ਪ੍ਰਾਪਤ ਕਰ ਰਹੇ ਵਿਦਿਆਰਥੀ ਹਿੱਸਾ ਲੈ ਸਕਦੇ ਹਨ। ਇਸ ਪ੍ਰੀਖਿਆ ਨੂੰ ਦਰਜਾ ਪਹਿਲਾ, ਦੂਜਾ, ਤੀਜਾ ਅਤੇ ਚੌਥਾ ਅਨੁਸਾਰ ਚਾਰ ਦਰਜਿਆਂ ਵਿੱਚ ਵੰਡਿਆ ਗਿਆ ਹੈ। ਇਹਨਾਂ ਦਰਜਿਆਂ ਵਿੱਚ ਸ਼ਾਮਿਲ ਵਿਦਿਆਰਥੀਆਂ ਵਿੱਚੋਂ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਕਰਮਵਾਰ 1100, 2100, 3100 ਅਤੇ 4100 ਰੁਪਏ ਸਲਾਨਾ ਵਜ਼ੀਫਾ ਦਿੱਤਾ ਜਾਵੇਗਾ ਅਤੇ ਹਰ ਦਰਜੇ ਵਿੱਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਲਾਨਾ ਵਜ਼ੀਫੇ ਤੋਂ ਇਲਾਵਾ ਕਰਮਵਾਰ 2100, 1500 ਅਤੇ 1100 ਰੁਪਏ ਵਿਸ਼ੇਸ਼ ਇਨਾਮ ਵਜੋਂ ਦਿੱਤੇ ਜਾਣਗੇ।
ਪ੍ਰੈੱਸ ਨੋਟ
ਅੰਮ੍ਰਿਤਸਰ – ਸਿੱਖ ਕੌਮ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਤਿਕਾਰਯੋਗ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਧਰਮ ਪ੍ਰਚਾਰ ਕਮੇਟੀ ਵਲੋਂ ਸਾਲ 2008 ਤੋਂ ਦੋ ਸਾਲਾ ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ ਨੂੰ ਸੰਗਤਾਂ ਦੀ ਪੁਰਜੋਰ ਮੰਗ ਨੂੰ ਮੁੱਖ ਰਖਦਿਆਂ ਇਸ ਕੋਰਸ ਨੂੰ ਅੰਗਰੇਜ਼ੀ ਵਿੱਚ ਵੀ ਆਰੰਭ ਕਰ ਦਿਤਾ ਗਿਆ ਹੈ। ਇਸ ਤੋਂ ਪਹਿਲਾਂ ਇਹ ਕੋਰਸ ਪੰਜਾਬੀ ਅਤੇ ਹਿੰਦੀ ਵਿਚ ਚਲਾਇਆ ਜਾ ਰਿਹਾ ਹੈ। ਅੰਗਰੇਜ਼ੀ ਵਿਚ ਆਰੰਭ ਕੀਤੇ ਗਏ ਇਸ ਕੋਰਸ ਦੀ ਪੁਸਤਕ Study of the Sikhism   ਜੋ ਇਸ ਕੋਰਸ ਦੇ ਡਾਇਰੈਕਟਰ ਡਾ. ਜਸਬੀਰ ਸਿੰਘ ਸਾਬਰ ਨੇ ਸੰਪਾਦਿਤ ਕੀਤੀ ਹੈ ਨੂੰ ਪਿਛਲੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਤਿਕਾਰਯੋਗ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਜੀ ਨੇ ਰੀਲੀਜ਼ ਕੀਤੀ।
ਜਥੇਦਾਰ ਅਵਤਾਰ ਸਿੰਘ ਜੀ ਨੇ ਇਸ ਕੋਰਸ ਬਾਰੇ ਜਾਣਕਾਰੀ ਦਿੰਦਿਆਂ ਦਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਕਾਰਜ ਸਿੱਖ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਹੈ। ਇਸ ਲਈ ਇਸ ਕਾਰਜ ਨੂੰ ਆਧੁਨਿਕ, ਤਕਨੋਲੋਜੀ ਅਤੇ ਨਵੀਂ ਪੱਤਰ ਵਿਹਾਰ ਵਿਦਿਅਕ ਪ੍ਰਣਾਲੀ ਰਾਹੀਂ ਜਗਿਆਸੂਆਂ ਦੇ ਬਰੂਹਾਂ ਤੱਕ ਜਾਣਕਾਰੀ ਪਹੁੰਚਾਉਣ ਲਈ ਇਹ ਕੋਰਸ ਆਰੰਭ ਕੀਤਾ ਗਿਆ ਹੈ। ਇਸ ਨਵੀਂ ਵਿਦਿਅਕ ਪ੍ਰਣਾਲੀ ਨੂੰ ਸਫਲ ਕਰਨ ਲਈ ਸਿੱਖ ਧਰਮ ਦੇ ਪ੍ਰਸਿਧ ਵਿਦਵਾਨ ਡਾ. ਜਸਬੀਰ ਸਿੰਘ ਸਾਬਰ ਦੀਆਂ ਸੇਵਾਵਾਂ ਪ੍ਰਾਪਤ ਕੀਤੀਆਂ ਗਈਆਂ ਹਨ ਜੋ ਇਸ ਤੋਂ ਪਹਿਲਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ 34 ਸਾਲ ਤੋਂ ਵਧੀਕ ਸਮਾਂ ਸਿੱਖ ਧਰਮ ਅਧਿਐਨ ਦਾ ਖੋਜ ਕਾਰਜ ਕਰਦੇ ਰਹੇ ਹਨ। ਪ੍ਰਧਾਨ ਸਾਹਿਬ ਨੇ ਇਹ ਵੀ ਦਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਹ ਕੋਰਸ ਜਗਿਆਸੂਆਂ ਨੂੰ ਬਿਨਾਂ ਕਿਸੇ ਲਾਗਤ ਦੇ ਮੁਫਤ ਕਰਵਾਇਆ ਜਾਂਦਾ ਹੈ। ਹਰ ਕਿਸਮ ਦੀ ਪਾਠ-ਸਮੱਗਰੀ ਅਤੇ ਇਮਤਿਹਾਨਾਂ ਦਾ ਕਾਰਜ ਮੁਫਤ ਕੀਤਾ ਜਾਂਦਾ ਹੈ। ਜਿਸ ਦਾ ਸਾਰਾ ਖਰਚ ਧਰਮ ਪ੍ਰਚਾਰ ਕਮੇਟੀ ਸਹਿਣ ਕਰਦੀ ਹੈ। ਇਸ ਸਮੇਂ ਕੋਰਸ ਦੇ ਡਾਇਰੈਕਟਰ ਡਾ. ਸਾਬਰ ਨੇ ਦਸਿਆ ਕਿ ਇਸ ਕੋਰਸ ਵਿਚ ਗੁਰਬਾਣੀ, ਸਿੱਖ ਇਤਿਹਾਸ, ਸਿੱਖ ਸ੍ਰੋਤ ਗ੍ਰੰਥ, ਸਿੱਖ ਰਹਿਤ ਮਰਯਾਦਾ, ਸੰਸਾਰ ਦੇ ਪ੍ਰਸਿੱਧ ਧਰਮ, ਸਿੱਖ ਸਭਿਆਚਾਰ, ਸਿੱਖ ਤਿਉਹਾਰ, ਸਿੱਖ ਲਹਿਰਾਂ ਤੇ ਸਿੱਖ ਸੰਪ੍ਰਦਾਵਾਂ ਆਦਿ ਬਾਰੇ ਮੁਢਲੀ ਜਾਣਕਾਰੀ ਦਿਤੀ ਜਾਂਦੀ ਹੈ। ਉਨਾਂ੍ਹ ਦੱਸਿਆ ਕਿ ਹੁਣ ਤੱਕ ਲਗਭਗ ਦਸ ਹਜ਼ਾਰ ਜਗਿਆਸੂ ਪੰਜਾਬੀ ਅਤੇ ਹਿੰਦੀ ਵਿਚ ਜਾਣਕਾਰੀ ਲੈ ਚੁਕੇ ਹਨ ਅਤੇ ਹੁਣ ਲਗਭਗ ਅੱਠ ਹਜ਼ਾਰ ਜਗਿਆਸੂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਚ ਜਾਣਕਾਰੀ ਲੈ  ਰਹੇ ਹਨ।  ਡਾ. ਸਾਬਰ  ਨੇ ਇਹ  ਵੀ  ਦੱਸਿਆ  ਕਿ  ਦਾਖਲਾ ਲੈਣ  ਵਾਲੇ  ਵਿਦਿਆਰਥੀ  16  ਸਾਲ  ਤੋਂ  95  ਸਾਲ  ਦੀ  ਉਮਰ  ਤੱਕ  ਦੇ  ਹਨ  ਜਿਨ੍ਹਾਂ  ਵਿਚ ਸਕੂਲ/ਕਾਲਜ ਦੇ ਵਿਦਿਆਰਥੀਆਂ ਤੋਂ ਇਲਾਵਾ ਪ੍ਰੋਫੈਸਰ, ਪ੍ਰਿੰਸੀਪਲ, ਡਾਕਟਰ, ਹਾਈ ਕੋਰਟ ਦੇ ਵਕੀਲ, ਬੈਂਕ ਅਧਿਕਾਰੀ, ਸਰਕਾਰੀ ਕਰਮਚਾਰੀ, ਵਪਾਰੀ ਆਦਿ ਸ਼ਾਮਲ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਵਿਚ ਕੇਵਲ ਸਿੱਖ ਹੀ ਨਹੀਂ ਸਗੋਂ ਗੈਰ-ਸਿੱਖ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹਨ। ਉਨ੍ਹਾਂ ਹੋਰ ਦਸਿਆ ਕਿ ਪ੍ਰਧਾਨ ਸਾਹਿਬ ਜਥੇਦਾਰ ਅਵਤਾਰ ਸਿੰਘ ਜੀ ਦੇ ਅਦੇਸ਼ਾਂ ਅਨੁਸਾਰ ਇਸ ਕੋਰਸ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਨੂੰ 7100 ਰੁਪਏ, ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਨੂੰ 5100 ਰੁਪਏ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਨੂੰ 3100 ਰੁਪਏ ਦੀ ਧਨ-ਰਾਸ਼ੀ ਦਾ ਵਿਸ਼ੇਸ਼ ਇਨਾਮ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਇਹ ਵੀ ਦਸਿਆ ਕਿ ਕੋਰਸ ਵਿਚ ਦਾਖਲਾ ਲੈਣ ਵਾਲੇ ਪੰਜਾਬ ਤੋਂ ਬਾਹਰ ਰਾਜਸਥਾਨ, ਮਹਾਂਰਾਸ਼ਟਰ, ਯੂ.ਪੀ., ਹਿਮਾਚਲ, ਉਤਰਾਂਚਲ, ਹਰਿਆਣਾ, ਐਮ.ਪੀ. ਅਤੇ ਦਿੱਲੀ ਵਿਚੋਂ ਵੀ ਵੱਡੀ ਗਿਣਤੀ ਨਾਲ ਸ਼ਾਮਿਲ ਹਨ। ਅੰਗਰੇਜ਼ੀ ਵਿਚ ਤਿਆਰ ਕੀਤੀ ਗਈ ਇਸ ਪੁਸਤਕ ਪ੍ਰਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਡਾ. ਸਾਬਰ ਅਤੇ ਉਨ੍ਹਾਂ ਦੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਸ. ਹਰਦਿਆਲ ਸਿੰਘ ਸੁਰਸਿੰਘ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ, ਐਡੀ. ਸਕੱਤਰ ਸ. ਮਨਜੀਤ ਸਿੰਘ, ਸ. ਸਤਬੀਰ ਸਿੰਘ, ਸ. ਹਰਜੀਤ ਸਿੰਘ ਤੇ ਸ. ਮਹਿੰਦਰ ਸਿੰਘ ਆਹਲੀ, ਮੀਤ ਸਕੱਤਰ ਸ. ਰਾਮ ਸਿੰਘ, ਸ. ਹਰਭਜਨ ਸਿੰਘ ਮਨਾਵਾਂ, ਸ. ਕੁਲਦੀਪ ਸਿੰਘ, ਸ. ਦਿਲਜੀਤ ਸਿੰਘ ਬੇਦੀ, ਪੱਤਰ ਵਿਹਾਰ ਕੋਰਸ ਦੇ ਡਾਇਰੈਕਟਰ ਡਾ. ਜਸਬੀਰ ਸਿੰਘ ਸਾਬਰ, ਪ੍ਰੋ: ਗੁਰਮੀਤ ਕੌਰ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ. ਹਰਬੰਸ ਸਿੰਘ ਮੱਲ੍ਹੀ, ਸ. ਅਮਰਜੀਤ ਸਿੰਘ ਰਸੂਲਪੁਰ ਰੀਸਰਚ ਸਕਾਲਰ , ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਕੁਲਵਿੰਦਰ ਸਿੰਘ ਰਮਦਾਸ, ਸੁਪ੍ਰਿੰਟੈਂਡੈਂਟ ਸ. ਹਰਮਿੰਦਰ ਸਿੰਘ ਮੂਧਲ, ਸਹਾਇਕ ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਸ. ਦਲਜੀਤ ਸਿੰਘ ਗੁਲਾਲੀਪੁਰ, ਤੇ ਰਣਜੀਤ ਸਿੰਘ ਭੋਮਾ, ਆਦਿ ਹਾਜ਼ਰ ਸਨ।

Translate »