ਚੰਡੀਗੜ੍ਹ – ਸਰਕਾਰੀ ਸਕੂਲਜ਼ ਲੈਬਾਰਟਰੀ ਸਟਾਫ ਯੂਨੀਅਨ ਦੀ ਅੱਜ ਇਥੇ ਸਿੱਖਿਆ ਮੰਤਰੀ ਸ. ਸੇਵਾ ਸਿੰਘ ਸੇਖਵਾਂ ਨਾਲ ਮੀਟਿੰਗ ਹੋਈ। ਇਸ ਵਿੱਚ ਉਨ੍ਹਾਂ ਦੀਆਂ ਭਖਦੀਆਂ ਮੰਗਾਂ ‘ਤੇ ਵਿਚਾਰ ਕੀਤਾ ਗਿਆ। ਯੂਨੀਅਨ ਨੇ ਮੰਗ ਕੀਤੀ ਕਿ ਉਨ੍ਹਾਂ ਦਾ ਪੇਅ ਸਕੇਲ ਵਧਾਇਆ ਜਾਵੇ ਅਤੇ ਪ੍ਰੋਮੋਸ਼ਨ ਚੈਨਲ ਵੀ ਬਣਾਇਆ ਜਾਵੇ। ਸਿੱਖਿਆ ਮੰਤਰੀ ਨੇ ਯੂਨੀਅਨ ਆਗੂਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਨ੍ਹਾਂ ਦੇ ਕੇਸ ਮਹਿਕਮੇ ਵਲੋਂ ਅਨਾਮਲੀ ਕਮੇਟੀ ਨੂੰ ਭੇਜੇ ਜਾਣਗੇ ਅਤੇ ਇਸ ਸਬੰਧੀ ਅਨਾਮਲੀ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇਗਾ। ਯੂਨੀਅਨ ਆਗੂਆਂ ਨੇ ਆਪਣੀ ਦੂਸਰੀ ਮੁੱਖ ਮੰਗ ਉਠਾਉਂਦਿਆਂ ਆਪਣਾ ਮੌਜੂਦਾ ਨਾਮ ਸੀਨੀਅਰ ਲੈਬਾਰਟਰੀ ਅਟੈਡੈਂਟ ਤੋਂ ਬਦਲ ਕੇ ਲੈਬਾਰਟਰੀ ਅਸਿਸਟੈਂਟ ਕਰਨ ਦੀ ਮੰਗ ਕੀਤੀ। ਮੰਤਰੀ ਨੇ ਉਨ੍ਹਾਂ ਦੀ ਇਸ ਮੰਗ ਨੰੂੰ ਫੌਰੀ ਮੰਨਦਿਆਂ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਇਸ ਸਬੰਧੀ ਜਲਦੀ ਨੋਟੀਫਿਕੇਸ਼ਨ ਜਾਰੀ ਕੀਤੀ ਜਾਵੇ ਅਤੇ ਅੱਜ ਤੋਂ ਇਨ੍ਹਾਂ ਨੂੰ ਲੈਬਾਟਰੀ ਅਟੈਡੈਂਟ ਦੀ ਥਾਂ ਲੈਬਾਟਰੀ ਅਸਿਸਟੈਂਟ ਮੰਨਿਆ ਜਾਵੇ। ਸਿੱਖਿਆ ਮੰਤਰੀ ਨੂੰ ਮਿਲਣ ਵਾਲੇ ਯੂਨੀਅਨ ਦੇ ਨੁਮਾਇੰਦਿਆਂ ਵਿੱਚ ਸੂਬਾ ਪ੍ਰਧਾਨ, ਜਸਵੰਤ ਰਾਏ, ਛੇਹਰਟਾ, ਜ਼ਿਲ੍ਹਾ ਪ੍ਰਧਾਨ ਸੰਗਰੂਰ ਗੁਲਜ਼ਾਰ ਸਿੰਘ , ਜਰਨਲ ਸਕੱਤਰ ਪਟਿਆਲਾ ਦਰਸ਼ਨ ਸਿੰਘ, ਜ਼ਿਲ੍ਹਾ ਪ੍ਰਧਾਨ ਰੋਪੜ ਪ੍ਰੇਮ ਸਿੰਘ ਖਾਬੜਾ, ਰਾਜ ਜਥੇਬੰਦਕ ਸਕੱਤਰ ਗੁਰਪ੍ਰਤਾਪ ਸਿੰਘ, ਸੁਖਪਾਲ ਸਿੰਘ ਅਟਾਰੀ, ਰਣਜੀਤ ਸਿੰਘ, ਹਰਬੰਸ ਸਿੰਘ ਮਾਨਸਾ ਆਦਿ ਸ਼ਾਮਲ ਹੋਏ।