November 3, 2011 admin

ਆਸਟਰੇਲੀਆ ਨੇ ਕੀਤਾ ਧਮਾਕੇਦਾਰ ਸ਼ੁਰੂਆਤ

*ਨੇਪਾਲ ਨੂੰ 68-23 ਨਾਲ ਹਰਾਇਆ
ਚੰਡੀਗੜ੍ਹ – ਫਰੀਦਕੋਟ ਦੇ ਖਚਾਖਚ ਭਰੇ ਨਹਿਰੂ ਸਟੇਡੀਅਮ ਵਿਖੇ ਦੂਜੇ ਪਰਲਜ਼ ਵਿਸ਼ਵ ਕੱਪ ਕਬੱਡੀ-2011 ਦੇ ਪੂਲ ਨੂੰ ‘ਏ’ ਦੇ ਉਦਘਾਟਨੀ ਮੈਚ ਵਿੱਚ ਆਸਟਰੇਲੀਆ ਨੇ ਨੇਪਾਲ ਨੂੰ 68-23 ਨਾਲ ਹਰਾ ਕੇ ਧਮਾਕੇਦਾਰ ਸ਼ੁਰੂਆਤ ਕੀਤੀ। ਜੇਤੂ ਟੀਮ ਆਸਟਰੇਲੀਆ ਅੱਧੇ ਸਮੇਂ ਤੱਕ 36-6 ਨਾਲ ਅੱਗੇ ਸੀ। ਬਠਿੰਡਾ ਵਿਖੇ ਰੰਗਾਰੰਗ ਉਦਘਾਟਨੀ ਸਮਾਰੋਹ ਨਾਲ ਸ਼ੁਰੂ ਹੋਏ ਵਿਸ਼ਵ ਕੱਪ ਕਬੱਡੀ ਦੇ ਮੈਚਾਂ ਦਾ ਰਸਮੀ ਉਦਘਾਟਨ ਅੱਜ ਇਥੇ ਨਹਿਰੂ ਸਟੇਡੀਅਮ ਵਿਖੇ ਹੋਇਆ। ਮੁੱਖ ਸੰਸਦੀ ਸਕੱਤਰ ਸ. ਸ਼ੀਤਲ ਸਿੰਘ ਨੇ ਆਸਟਰੇਲੀਆ ਤੇ ਨੇਪਾਲ ਦੀਆਂ ਟੀਮਾਂ ਨਾਲ ਜਾਣ-ਪਛਾਣ ਕਰ ਕੇ ਮੈਚ ਦੀ ਸ਼ੁਰੂਆਤ ਕੀਤੀ। ਆਸਟਰੇਲੀਆ ਦੀ ਟੀਮ ਪਹਿਲੇ ਵਿਸ਼ਵ ਕੱਪ ਦੇ ਤਜ਼ਰਬੇ ਤੋਂ ਬਾਅਦ ਇਸ ਵਾਰ ਤਿਆਰੀ ਨਾਲ ਹਿੱਸਾ ਲੈਣ ਆਈ ਅਤੇ ਉਸ ਨੇ ਪਹਿਲੇ ਹੀ ਮੈਚ ਆਪਣੇ ਇਰਾਦੇ ਜ਼ਾਹਰ ਕਰ ਦਿੱਤੇ। ਦੂਜੇ ਪਾਸੇ ਪਹਿਲੀ ਵਾਰ ਹਿੱਸਾ ਲੈਣ ਆਈ ਨੇਪਾਲ ਦੀ ਟੀਮ ਨੇ ਮੁਕਾਬਲਾ ਕਰਨ ਦੀ ਬਹੁਤ ਕੋਸ਼ਿਸ ਕੀਤੀ ਪਰ ਉਹ ਤਜ਼ਰਬੇਕਾਰ ਆਸਟਰੇਲੀਅਨ ਖਿਡਾਰੀਆਂ ਨੂੰ ਮਾਤ ਦੇਣ ਵਿੱਚ ਸਫਲ ਨਾ ਹੋ ਸਕੇ। ਆਸਟਰੇਲੀਆ ਦੀ ਟੀਮ ਨੇ ਪਹਿਲੇ ਅੱਧ ਵਿੱਚ 36-6 ਨਾਲ ਲੀਡ ਲੈ ਲਈ ਅਤੇ ਅੰਤ ਤੱਕ ਇਸ ਲੀਡ ਨੂੰ ਹੋਰ ਵਧਾਉਂਦਿਆ ਇਹ ਮੈਚ 68-23 ਨਾਲ ਜਿੱਤ ਲਿਆ। ਆਸਟਰੇਲੀਆ ਵੱਲੋਂ ਚਾਰ ਰੇਡਰਾਂ ਸੋਨੀ ਕਾਉਂਕੇ, ਗੁਰਪ੍ਰੀਤ ਸਿੰਘ, ਪਿੰਦਰੀ ਬੱਧਨੀ ਤੇ ਰੋਮੀ ਲਲਤੋਂ ਨੇ 9-9 ਅੰਕ ਬਟੋਰ ਜਦੋਂ ਆਸਟਰੇਲੀਅਨ ਜਾਫੀ ਦਵਿੰਦਰ ਨੇ 6 ਜੱਫੇ ਲਾਏ। ਨੇਪਾਲ ਵੱਲੋਂ ਰੇਡਰ ਨਾਵਲ ਕੇ ਰਾਉਤ ਨੇ 7 ਅੰਕ ਬਟੋਰੇ। ਮੈਚ ਤੋਂ ਪਹਿਲਾਂ ਬੁਲੰਦ ਆਵਾਜ਼ ਦੀ ਮਲਿਕਾ ਲੋਕ ਗਾਇਕਾ ਮਨਪ੍ਰੀਤ ਅਖਤਰ ਅਤੇ ਹਰਿੰਦਰ ਸੰਧੂ ਨੇ ਆਪਣੀ ਗਾਇਕੀ ਨਾਲ ਕਬੱਡੀ ਪ੍ਰੇਮੀਆਂ ਦਾ ਸੰਗੀਤਮਈ ਮਨੋਰੰਜਨ ਕੀਤਾ।

Translate »