ਫਤਹਿਗੜ੍ਹ ਸਾਹਿਬ – ਲੜਕੀਆਂ ਨੂੰ ਸਿੱਖਿਅਤ ਕਰਨਾ ਸਮੇਂ ਦੀ ਲੋੜ ਹੈ। ਇੱਕ ਲੜਕੀ ਨੂੰ ਸਿੱਖਿਅਤ ਕਰਨਾ ਕਈ ਪਰਿਵਾਰਾਂ ਨੂੰ ਸਿੱਖਿਅਤ ਕਰਨ ਦੇ ਬਰਾਬਰ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਸਰਹਿੰਦ ਸ: ਦੀਦਾਰ ਸਿੰਘ ਭੱਟੀ ਨੇ ਪਿੰਡ ਬਲਾੜੀ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ 11ਵੀਂ ਤੇ 12ਵੀਂ ਜਮਾਤ ਵਿੱਚ ਪੜ੍ਹ ਰਹੀਆਂ 6 ਸਕੂਲਾਂ ਦੀਆਂ 330 ਵਿਦਿਆਰਥਣਾਂ ਦੇ ਅਕਾਦਮਿਕ ਸਫਰ ਨੂੰ ਸੁਖਾਲਾ ਬਣਾਉਣ ਲਈ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ‘ਮਾਈ ਭਾਗੋ’ ਸਕੀਮ ਅਧੀਨ ਮੁਫ਼ਤ ਸਾਈਕਲ ਵੰਡਣ ਉਪਰੰਤ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਲੜਕੀਆਂ ਨੂੰ ਅੱਗੇ ਲਿਆਉਣ ਵਿੱਚ ਯਤਨਸ਼ੀਲ ਹੈ ਅਤੇ ਇਸੇ ਦਿਸ਼ਾ ਵਿੱਚ ਕਦਮ ਪੁੱਟਦਿਆਂ ਇਹ ਸਕੀਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਆਮ ਤੌਰ ਤੇ ਗਰੀਬ ਅਤੇ ਮੱਧ ਵਰਗ ਦੇ ਪਰਿਵਾਰਾਂ ਦੇ ਮਾਪੇ ਬੱਸਾਂ ਦਾ ਕਿਰਾਇਆ ਖਰਚ ਕਰਨ ਦੀ ਸਮਰੱਥਾ ਵਿੱਚ ਨਹੀਂ ਹੁੰਦੇ ਜਿਸ ਕਾਰਨ ਉਹ ਲੜਕੀਆਂ ਨੂੰ ਅਗਾਂਹ ਪੜ੍ਹਾਉਣ ਤੋਂ ਗੁਰੇਜ਼ ਕਰਦੇ ਹਨ। ਇਸ ਲਈ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੀਆਂ ਲੜਕੀਆਂ ਨੂੰ ਸਕੂਲ ਜਾਣ ਲਈ ਇਹ ਸੁਵਿਧਾ ਮੁਹੱਈਆ ਕਰਵਾਈ ਗਈ ਹੈ।
ਸ: ਭੱਟੀ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਉਪਰਾਲਾ ਜਿੱਥੇ ਲੜਕੀਆਂ ਵਿੱਚ ਹਾਇਰ ਸੈਕੰਡਰੀ ਸਿੱਖਿਆ ਹਾਸਲ ਕਰਨ ਦੀ ਭਾਵਨਾ ਨੂੰ ਉਤਸ਼ਾਹਿਤ ਕਰੇਗਾ ਉੱਥੇ ਲੜਕੇ ਤੇ ਲੜਕੀਆਂ ਦਰਮਿਆਨ ਉਪਜੇ ਸਾਖਰਤਾ ਪਾੜੇ ਨੂੰ ਘਟਾਉਣ ਵਿੱਚ ਵੀ ਸਹਾਈ ਹੋਵੇਗਾ। ਉਨ੍ਹਾਂ ਹੋਰ ਕਿਹਾ ਕਿ ਪਹਿਲਾਂ ਹੀ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੀਆਂ ਲੜਕੀਆਂ ਲਈ ਟਿਊਸ਼ਨ ਫੀਸ ਮੁਆਫ ਕੀਤੀ ਹੋਈ ਹੈ ।
ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਖਦੇਵ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਸਮਾਜਿਕ ਬੁਰਾਈਆਂ ਖਿਲਾਫ ਲਾਮਬੰਦ ਕਰਨ ਲਈ ਅਧਿਆਪਕਾਂ ਨੂੰ ਪ੍ਰੇਰਨਾ ਸਰੋਤ ਬਣਨਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਅਧਿਆਪਕ ਵਿਦਿਆਰਥੀਆਂ ਵਿੱਚ ਨੈਤਿਕ ਕਦਰਾਂ ਕੀਮਤਾਂ ਪੈਦਾ ਕਰਨ ਲਈ ਵਿਸ਼ੇਸ਼ ਤੌਰ ਤੇ ਉਪਰਾਲੇ ਕਰਨ ਕਿਉਂਕਿ ਨੈਤਿਕ ਕਦਰਾਂ ਕੀਮਤਾਂ ਤੋਂ ਵਿਹੂਣਾ ਕੋਈ ਵੀ ਵਿਦਿਆਰਥੀ ਮੁਕੰਮਲ ਇਨਸਾਨ ਨਹੀਂ ਬਣ ਸਕਦਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਮਾਈ ਭਾਗੋ ਸਕੀਮ ਤਹਿਤ 11ਵੀਂ ਤੇ 12ਵੀਂ ਜਮਾਤ ਵਿੱਚ ਪੜ੍ਹਦੀਆਂ 3644 ਲੜਕੀਆਂ ਨੂੰ 98 ਲੱਖ 36 ਹਜ਼ਾਰ 400 ਰੁਪਏ ਦੀ ਰਾਸ਼ੀ ਨਾਲ ਮੁਫ਼ਤ ਸਾਈਕਲ ਵੰਡੇ ਜਾ ਰਹੇ ਹਨ ਜਿਹਨਾਂ ਵਿੱਚੋਂ 11ਵੀਂ ਜਮਾਤ ਦੀਆਂ 1846 ਲੜਕੀਆਂ ਅਤੇ 12ਵੀਂ ਜਮਾਤ ਦੀਆਂ 1798 ਲੜਕੀਆਂ ਨੂੰ ਸਾਈਕਲ ਪ੍ਰਦਾਨ ਕੀਤੇ ਜਾ ਰਹੇ ਹਨ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰੀਮਤੀ ਪਰਮਜੀਤ ਕੌਰ ਚਾਹਲ, ਏ.ਪੀ.ਓ. ਸ੍ਰੀ ਅਰਵਿੰਦਰਪਾਲ ਸਿੰਘ ਨਾਗਰਾ, ਪਿੰ੍ਰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਲਾੜ੍ਹੀ ਕਲਾਂ ਸ੍ਰੀਮਤੀ ਰਮਿੰਦਰ ਕੌਰ, ਚੇਅਰਮੈਨ ਲੈਂਡ ਮਾਰਟਗੇਜ ਬੈਂਕ ਸ੍ਰ: ਅਮਰੀਕ ਸਿੰਘ ਰੰਧਾਵਾ, ਚੇਅਰਮੈਨ ਪਸਵਕ ਕਮੇਟੀ ਸ੍ਰੀ ਹਾਕਮ ਚੰਦ,ਪ੍ਰਧਾਨ ਪੀ.ਟੀ.ਏ. ਸ੍ਰ: ਬਲਵੀਰ ਸਿੰਘ, ਸ: ਗਗਨਦੀਪ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸ: ਅਜੀਤ ਸਿੰਘ, ਸ: ਰਣਧੀਰ ਸਿੰਘ, ਪ੍ਰਿੰਸੀਪਲ ਨਰਿੰਦਰ ਸਿੰਘ, ਪ੍ਰਿੰਸੀਪਲ ਪਾਲ ਸਿੰਘ, ਪ੍ਰਿੰਸੀਪਲ ਦਿਆਲ ਸਿੰਘ, ਪ੍ਰਿੰਸੀਪਲ ਬਲਵੀਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਤਵੰਤੇ ਵੀ ਹਾਜ਼ਰ ਸਨ।