ਹੁਸ਼ਿਆਰਪੁਰ – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਦੂਜਾ ਵਿਸ਼ਵ ਕੱਪ ਕਬੱਡੀ 1 ਨਵੰਬਰ ਤੋਂ 20 ਨਵੰਬਰ 2011 ਤੱਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਰਵਾਇਆ ਜਾ ਰਿਹਾ ਹੈ ਅਤੇ 14 ਨਵੰਬਰ ਨੂੰ ਆਊਟਡੋਰ ਸਟੇਡੀਅਮ ਹੁਸ਼ਿਆਰਪੁਰ ਵਿਖੇ ਦੁਪਹਿਰ 12-30 ਤੋਂ ਸ਼ਾਮ 5-15 ਤੱਕ ਚਾਰ ਮੈਚ ਖੇਡੇ ਜਾਣਗੇ। ਇਨ੍ਹਾਂ ਕਬੱਡੀ ਮੈਚਾਂ ਨੂੰ ਸੁਚੱਜੇ ਢੰਗ ਨਾਲ ਕਰਾਉਣ ਲਈ ਅੱਜ ਇਥੇ ਆਊਟਡੋਰ ਸਟੇਡੀਅਮ ਵਿਖੇ ਹਰਮਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਸ੍ਰੀ ਵਿਨੇ ਬੁਬਲਾਨੀ ਵਧੀਕ ਡਿਪਟੀ ਕਮਿਸ਼ਨਰ (ਜ), ਰਾਹੁਲ ਚਾਬਾ ਐਸ ਡੀ ਐਮ ਮੁਕੇਰੀਆਂ, ਪੀ ਪੀ ਸਿੰਘ ਐਸ ਡੀ ਐਮ ਦਸੂਹਾ, ਅਵਤਾਰ ਸਿੰਘ ਭੁੱਲਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਆਰ ਐਸ ਬੈਂਸ ਐਕਸੀਅਨ ਲੋਕ ਨਿਰਮਾਣ ਵਿਭਾਗ, ਦਲਬੀਰ ਰਾਜ ਕੌਰ ਕਰ ਤੇ ਆਬਕਾਰੀ ਅਫ਼ਸਰ, ਵਿਜੇ ਕੁਮਾਰ ਜ਼ਿਲ੍ਹਾ ਖੇਡ ਅਫ਼ਸਰ, ਮਨਜੀਤ ਸਿੰਘ ਸਹਾਇਕ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ, ਇੰਦਰਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ (ਸ), ਮਨਜੀਤ ਸਿੰਘ ਤਹਿਸੀਲਦਾਰ ਹੁਸ਼ਿਆਰਪੁਰ, ਕੁਲਦੀਪ ਸਿੰਘ ਡਿਪਟੀ ਜ਼ਿਲ੍ਹਾ ਖੇਡ ਅਫ਼ਸਰ, ਸਤਵਿੰਦਰਪਾਲ ਸਿੰਘ ਢੱਟ ਜ਼ਿਲ੍ਹਾ ਪ੍ਰਧਾਨ ਕਬੱਡੀ ਐਸੋਸੀਏਸ਼ਨ ਹੁਸ਼ਿਆਰਪੁਰ ਸਮੇਤ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਸ੍ਰੀ ਹਰਮਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਦੂਜਾ ਵਿਸ਼ਵ ਕੱਪ ਕਬੱਡੀ 2011 ਦੇ ਸਬੰਧ ਵਿੱਚ ਚਾਰ ਵਿਸ਼ੇਸ਼ ਮੈਚ ਆਊਟਡੋਰ ਸਟੇਡੀਅਮ ਹੁਸ਼ਿਆਰਪੁਰ ਵਿਖੇ 14 ਨਵੰਬਰ 2011 ਨੁੰ ਕਰਵਾਏ ਜਾਣਗੇ ਜਿਨ੍ਹਾਂ ਵਿੱਚ ਮਹਿਲਾਵਾਂ ਦਾ ਯੂ ਐਸ ਏ ਅਤੇ ਤੁਰਕਮੇਨਿਸਤਾਨ ਦਰਮਿਆਨ ਇੱਕ ਮੈਚ ਖੇਡਿਆ ਜਾਵੇਗਾ ਜਦਕਿ ਪੁਰਸ਼ਾਂ ਦਾ ਯੂ ਐਸ ਏ ਅਤੇ ਸ੍ਰੀਲੰਕਾ, ਇਟਲੀ ਅਤੇ ਨਾਰਵੇ, ਅਰਜਨਟੀਨਾ ਅਤੇ ਸਪੇਨ ਦਰਮਿਆਨ ਤਿੰਨ ਮੈਚ ਖੇਡੇ ਜਾਣਗੇ। ਉਨ੍ਹਾਂ ਨੇ ਜ਼ਿਲ੍ਹਾ ਅਧਿਕਾਰੀਆਂ ਨੁੰ ਹਦਾਇਤ ਕੀਤੀ ਕਿ ਇਸ ਸਬੰਧੀ ਸਾਰੇ ਪ੍ਰਬੰਧ ਜਲਦੀ ਮੁਕੰਮਲ ਕਰ ਲਏ ਜਾਣ। ਉਨ੍ਹਾਂ ਨੇ ਕਾਰਜਸਾਧਕ ਅਫ਼ਸਰ ਅਤੇ ਵਣ ਮੰਡਲ ਅਫ਼ਸਰ ਹੁਸ਼ਿਆਰਪੁਰ ਨੂੰ ਕਿਹਾ ਕਿ ਖੇਡ ਸਟੇਡੀਅਮ ਦੇ ਬਾਹਰ ਦੋ ਦਿਨਾਂ ਦੇ ਅੰਦਰ-ਅੰਦਰ ਸਾਫ਼-ਸਫ਼ਾਈ ਕੀਤੀ ਜਾਵੇ। ਉਨ੍ਹਾਂ ਨੇ ਇਨ੍ਹਾਂ ਕਬੱਡੀ ਮੈਚਾਂ ਨੂੰ ਸਫ਼ਲ ਤਰੀਕੇ ਨਾਲ ਕਰਵਾਉਣ ਲਈ ਸਮੂਚੇ ਪ੍ਰਬੰਧ ਜਲਦੀ ਕਰਨ ਲਈ ਕਿਹਾ । ਇਸ ਮੌਕੇ ਤੇ ਉਨ੍ਹਾਂ ਨੇ ਆਊਟਡੋਰ ਸਟੇਡੀਅਮ ਵਿਖੇ ਚਲ ਰਹੇ ਕੰਮਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ 3 ਨਵੰਬਰ ਨੂੰ ਖੇਡ ਵਿਭਾਗ ਪੰਜਾਬ ਦੇ ਡਾਇਰੈਕਟਰ ਸ੍ਰ: ਪ੍ਰਗਟ ਸਿੰਘ ਆਊਟਡੋਰ ਸਟੇਡੀਅਮ ਹੁਸ਼ਿਆਰਪੁਰ ਦਾ ਨਿਰੀਖਣ ਕਰਨਗੇ।