November 3, 2011 admin

ਕਣਕ ਤੋਂ ਪੂਰਾ ਝਾੜ ਲੈਣ ਲਈ ਬੀਜ ਦੀ ਮਾਤਰਾ ਪੂਰੀ ਪਾਓ

ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਨਿਰਦੇਸ਼ਕ ਡਾ: ਮੁਖਤਾਰ ਸਿੰਘ ਗਿੱਲ ਨੇ ਪੰਜਾਬ ਦੇ ਕਿਸਾਨਾਂ  ਨੂੰ ਸੁਝਾਅ ਦਿੱਤਾ ਹੈ ਕਿ ਉਹ ਕਣਕ ਦੀ ਕਾਸ਼ਤ ਕਰਨ ਵੇਲੇ ਪੂਰਾ ਝਾੜ ਲੈਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕਿਸਮਾਂ ਦੀ ਹੀ ਕਾਸ਼ਤ ਕਰਨ ਅਤੇ ਪੂਰਾ ਝਾੜ ਲੈਣ ਲਈ ਬੀਜ ਦੀ ਮਾਤਰਾ ਪੂਰੀ ਪਾਉਣ। ਡਾ: ਗਿੱਲ ਨੇ ਕਿਹਾ ਕਿ ਕਣਕ ਦੀਆਂ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਕਿਸਮਾਂ ਐਚ ਡੀ 2967, ਪੀ ਬੀ ਡਬਲਯੂ 621, ਪੀ ਬੀ ਡਬਲਯੂ 17, ਪੀ ਬੀ ਡਬਲਯੂ 550, ਪੀ ਬੀ ਡਬਲਯੂ 502, ਪੀ ਬੀ ਡਬਲਯੂ 343 ਅਤੇ ਡਬਲਯੂ ਐਚ 542 ਦੀ ਬੀਜਾਈ ਦਾ ਢੁੱਕਵਾਂ ਸਮਾਂ ਨਵੰਬਰ ਮਹੀਨੇ ਦੇ ਅੰਤ ਤੀਕ ਹੈ। ਜੇਕਰ ਕਿਸੇ ਕਾਰਨਵਸ਼ ਕਣਕ ਦੀ ਬੀਜਾਈ ਲੇਟ ਹੋ ਜਾਵੇ ਤਾਂ ਪਿਛਤੀ ਕਾਸ਼ਤ ਲਈ ਸਿਫਾਰਸ਼ ਕਿਸਮਾਂ ਪੀ ਬੀ ਡਬਲਯੂ 590, ਪੀ ਬੀ ਡਬਲਯੂ 509, ਪੀ ਬੀ ਡਬਲਯੂ 373 ਕਿਸਮਾਂ ਦੀ ਕਾਸ਼ਤ ਕੀਤੀ ਜਾਵੇ। ਪੀ ਬੀ ਡਬਲਯੂ 343 ਕਿਸਮ ਨੂੰ ਨੀਮ ਪਹਾੜੀ ਜ਼ਿਲ੍ਹਿਆਂ ਵਿੱਚ ਨਾ ਬੀਜੋ ਕਿਉਂਕਿ ਇਸ ਉੱਪਰ ਪੀਲੀ ਕੁੰਗੀ ਦਾ ਬਹੁਤ ਹਮਲਾ ਹੁੰਦਾ ਹੈ।
ਡਾ: ਗਿੱਲ ਨੇ ਆਖਿਆ ਹੈ ਕਿ ਇਨ੍ਹਾਂ ਵਿਚੋਂ ਪੀ ਬੀ ਡਬਲਯੂ 550 ਦੇ ਦਾਣੇ ਮੋਟੇ ਹੋਣ ਕਰਕੇ ਬੀਜ ਦੀ ਮਾਤਰਾ 45 ਕਿਲੋ ਪ੍ਰਤੀ ਏਕੜ ਪਾਓ ਜਦ ਕਿ ਬਾਕੀ ਸਾਰੀਆਂ ਕਿਸਮਾਂ ਲਈ ਬੀਜ ਦੀ ਮਾਤਰਾ 40 ਕਿਲੋ ਪ੍ਰਤੀ ਏਕੜ ਹੀ ਰੱਖਣਾ ਹੈ। ਡਾ: ਗਿੱਲ ਨੇ ਦੱਸਿਆ ਕਿ ਡਬਲਯੂ ਐੱਚ 542 ਕਿਸਮ ਦੇ ਦਾਣੇ ਬਾਰੀਕ ਹੋਣ ਕਰਕੇ ਬੀਜ ਦੀ ਮਾਤਰਾ 35 ਕਿਲੋ ਵੀ ਕੀਤੀ ਜਾ ਸਕਦੀ ਹੈ।
ਡਾ: ਗਿੱਲ ਨੇ ਆਖਿਆ ਕਿ ਯੂਨੀਵਰਸਿਟੀ ਵੱਲੋਂ ਸੁਧਰੀਆਂ ਤੇ ਸਿਫਾਰਸ਼ ਕਿਸਮਾਂ ਦਾ ਪੂਰਾ ਝਾੜ ਲੈਣ ਲਈ ਕਤਾਰ ਤੋਂ ਕਤਾਰ ਦਾ ਫਾਸਲਾ 20 ਤੋਂ 22 ਸੈਂਟੀਮੀਟਰ ਰੱਖਿਆ ਜਾਵੇ। ਜੇਕਰ ਇਹ ਫਾਸਲਾ 15 ਸੈਂਟੀਮੀਟਰ ਕਰ ਲਿਆ ਜਾਵੇ ਤਾਂ ਝਾੜ ਵੱਧ ਮਿਲਦਾ ਹੈ। ਪਿਛੇਤੀ ਬੀਜੀ ਕਣਕ ਤੋਂ ਚੰਗਾ ਝਾੜ ਲੈਣ ਲਈ ਬੀਜ ਨੂੰ 4 ਤੋਂ 5 ਘੰਟੇ ਪਾਣੀ ਵਿੱਚ ਭਿਉਂ ਕੇ ਰੱਖੋ ਅਤੇ ਬਾਅਦ ਵਿੱਚ ਇਸ ਨੂੰ ਪਤਲੀ ਤਹਿ ਵਿੱਚ ਵਿਛਾ ਕੇ ਛਾਂਵੇਂ 24 ਘੰਟੇ ਲਈ ਸੁਕਾ  ਲਓ। ਇਸ ਤਰ੍ਹਾਂ ਕਰਨ ਨਾਲ 3-4 ਦਿਨ ਦੀ ਪਿਛੇਤ ਨਿਕਲ ਜਾਂਦੀ ਹੈ। ਡਾ: ਗਿੱਲ ਨੇ ਆਖਿਆ ਕਿ ਪਾਣੀ ਦੀ ਸੁਚੱਜੀ ਵਰਤੋਂ ਅਤੇ ਬੱਚਤ ਲਈ ਕਣਕ ਦੀ ਕਾਸ਼ਤ ਬੈਡਾਂ ਤੇ ਕਰੋ। ਬੈਡ ਦੀ ਚੌੜਾਈ 37.5 ਮੀਟਰ ਰੱਖੋ ਜਦ ਕਿ ਵਿਚਕਾਰਲੀ ਖਾਈ 30 ਸੈਂਟੀਮੀਟਰ ਰੱਖੋ। ਬੈਡਾਂ ਤੇ ਕਾਸ਼ਤ ਲਈ ਬੀਜ ਦੀ ਮਾਤਰਾ 30 ਕਿਲੋ ਪ੍ਰਤੀ ਏਕੜ ਨਾਲ ਵੀ ਕੀਤੀ ਜਾ ਸਕਦੀ ਹੈ।  ਬੈਡਾਂ ਤੇ ਕਾਸ਼ਤ ਨਾਲ ਪਾਣੀ ਦੀ ਬੱਚਤ 20 ਫੀ ਸਦੀ ਤਕ ਹੋ ਜਾਂਦੀ ਹੈ। ਡਾ: ਗਿੱਲ ਨੇ ਆਖਿਆ ਕਿ ਯੂਨੀਵਰਸਿਟੀ ਵੱਲੋਂ ਹਾੜ੍ਹੀ ਦੀਆਂ ਫ਼ਸਲਾਂ ਬਾਰੇ ਸਿਫਾਰਸ਼ਾਂ ਨੂੰ ਆਪਣੇ ਖੇਤਾਂ ਵਿੱਚ ਅਪਣਾਓ ਅਤੇ ਵੱਧ ਝਾੜ ਹਾਸਿਲ ਕਰੋ।

Translate »