*ਡੋਪ ਟੈਸਟਾਂ ਲਈ 47 ਲੱਖ ਰੁਪਏ ਦਾ ਬਜਟ ਰੱਖਿਆ
*ਪਹਿਲੇ ਦਿਨ 12 ਖਿਡਾਰੀਆਂ ਦੇ ਡੋਪ ਟੈਸਟ ਲਈ ਸੈਂਪਲ ਲਏ
*ਸੈਂਪਲਾਂ ਦੀ ਨਵੀਂ ਦਿੱਲੀ ਦੀ ਨੈਸ਼ਨਲ ਲੈਬਾਰਟਰੀ ਤੋਂ ਹੋ ਰਹੀ ਹੈ ਜਾਂਚ
*ਹਰ ਮੈਚ ਦੌਰਾਨ ਦੋਵੇਂ ਟੀਮਾਂ ਦੇ 2-2 ਖਿਡਾਰੀਆਂ ਦਾ ਹੋ ਰਿਹਾ ਹੈ ਡੋਪ ਟੈਸਟ
*ਹਰ ਖੇਡ ਸਟੇਡੀਅਮ ‘ਤੇ ਬਣਾਇਆ ਗਿਆ ਡੋਪਿੰਗ ਕੰਟਰੋਲ ਸਟੇਸ਼ਨ
*ਦੋਵੇਂ ਪੂਲਾਂ ਲਈ ਨਾਡਾ ਨੇ ਬਣਾਈਆ ਦੋ ਟੀਮਾਂ
ਚੰਡੀਗੜ੍ਹ – ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਦੂਜੇ ਪਰਲਜ਼ ਵਿਸ਼ਵ ਕੱਪ ਕਬੱਡੀ-2011 ਦੌਰਾਨ ਖੇਡ ਵਿਭਾਗ ਵੱਲੋਂ ਖੇਡਾਂ ਨੂੰ ਡੋਪ ਮੁਕਤ ਰੱਖਣ ਦਾ ਟੀਚਾ ਪੂਰਾ ਕਰਨ ਲਈ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਦੀ ਅਗਵਾਈ ਹੇਠ ਐਂਟੀ ਡੋਪਿੰਗ ਕਮੇਟੀ ਪੂਰੀ ਤਰ੍ਹਾਂ ਸਰਗਰਮ ਹੈ।
ਫਰੀਦਕੋਟ ਵਿਖੇ ਪਹਿਲੇ ਦਿਨ ਦੇ ਮੈਚਾਂ ਦੌਰਾਨ 6 ਟੀਮਾਂ ਦੇ 12 ਖਿਡਾਰੀਆਂ ਦੇ ਡੋਪ ਟੈਸਟ ਲਏ ਗਏ ਜਿਨ੍ਹਾਂ ਦੀ ਜਾਂਚ ਲਈ ਸੈਂਪਲਾਂ ਨੂੰ ਨਵੀਂ ਦਿੱਲੀ ਸਥਿਤ ਦੇਸ਼ ਦੀ ਸਭ ਤੋਂ ਵੱਡੀ ਲੈਬਰਾਟਰੀ ਨੈਸ਼ਨਲ ਡੋਪ ਕੰਟਰੋਲ ਲੈਬਾਰਟਰੀ (ਐਨ.ਡੀ.ਟੀ.ਐਲ.) ਵਿਖੇ ਪਹੁੰਚਾ ਦਿੱਤਾ ਜਿੱਥੇ ਇਨ੍ਹਾਂ ਸੈਂਪਲਾਂ ਦੀ ਜਾਂਚ ਹੋਵੇਗੀ। ਇਹ ਲੈਬਰਾਟਰੀ ਵਰਲਡ ਐਂਟੀ ਡੋਪਿੰਗ ਏਜੰਸੀ (ਵਾਡਾ) ਵੱਲੋਂ ਮਾਨਤਾ ਪ੍ਰਾਪਤ ਹੈ। ਦਿੱਲੀ ਰਾਸ਼ਟਰਮੰਡਲ ਖੇਡਾਂ-2010 ਦੌਰਾਨ ਖਿਡਾਰੀਆਂ ਦੇ ਡੋਪ ਟੈਸਟਾਂ ਦੀ ਜਾਂਚ ਇਸੇ ਲੈਬਾਰਟਰੀ ਤੋਂ ਕੀਤੀ ਗਈ ਸੀ।
ਵਿਸ਼ਵ ਕੱਪ ਨੂੰ ਡੋਪ ਮੁਕਤ ਕਰਨ ਲਈ ਪੰਜਾਬ ਸਰਕਾਰ ਵੱਲੋਂ 47 ਲੱਖ ਰੁਪਏ ਦਾ ਬਜਟ ਰੱਖਿਆ ਗਿਆ। ਡੋਪ ਟੈਸਟ ਲਈ ਨਾਡਾ ਵੱਲੋਂ ਇਕ ਹਜ਼ਾਰ ਰੁਪਏ ਪ੍ਰਤੀ ਸੈਂਪਲ ਅਤੇ ਐਨ.ਡੀ.ਟੀ.ਐਲ. ਵੱਲੋਂ 180 ਡਾਲਰ ਪ੍ਰਤੀ ਸੈਂਪਲ ਖਰਚਾ ਲਿਆ ਜਾ ਰਿਹਾ ਹੈ। ਹਰ ਮੈਚ ਵਿੱਚ ਚਾਰ ਖਿਡਾਰੀਆਂ ਦੇ ਡੋਪ ਟੈਸਟ ਲਾਜ਼ਮੀ ਤੌਰ ‘ਤੇ ਲਏ ਜਾਣਗੇ। ਹਰ ਟੀਮ ਵਿੱਚੋਂ ਦੋ-ਦੋ ਖਿਡਾਰੀਆਂ ਨੂੰ ਮੌਕੇ ‘ਤੇ ਹੀ ਚੁਣ ਕੇ ਟੈਸਟ ਲਏ ਜਾਂਦੇ ਹਨ। ਇਕ ਖਿਡਾਰੀ ਦਾ ਟੈਸਟ ਦੁਬਾਰਾ ਵੀ ਹੋ ਸਕਦਾ ਹੈ। ਕਿਸੇ ਵੀ ਟੀਮ ਨੂੰ ਪਹਿਲਾਂ ਨਹੀਂ ਪਤਾ ਹੋਵੇਗਾ ਕਿ ਕਿਸ ਖਿਡਾਰੀ ਦਾ ਟੈਸਟ ਲਿਆ ਜਾਵੇ, ਇਸ ਲਈ ਖਿਡਾਰੀਆਂ ਦੀ ਚੋਣ ਮੌਕੇ ‘ਤੇ ਨਾਡਾ ਦੀ ਟੀਮ ਵੱਲੋਂ ਕੀਤੀ ਜਾਂਦੀ ਹੈ ਜਿਸ ਦਾ ਪਹਿਲਾਂ ਖੇਡ ਵਿਭਾਗ ਦੇ ਕਿਸੇ ਵੀ ਅਧਿਕਾਰੀ ਨੂੰ ਨਹੀਂ ਹੁੰਦਾ।
ਕਬੱਡੀ ਵਿਸ਼ਵ ਕੱਪ ਨੂੰ ਡੋਪ ਮੁਕਤ ਰੱਖਣ ਬਾਰੇ ਜਾਣਕਾਰੀ ਦਿੰਦਿਆਂ ਖੇਡ ਵਿਭਾਗ ਦੇ ਡਾਇਰੈਕਟਰ ਅਤੇ ਵਿਸ਼ਵ ਕੱਪ ਦੇ ਪ੍ਰ੍ਰਬੰਧਕੀ ਸਕੱਤਰ ਪਰਗਟ ਸਿੰਘ ਨੇ ਦੱਸਿਆ ਕਿ ਡੋਪ ਟੈਸਟ ਲਈ ਵਿਸ਼ੇਸ਼ ਤੌਰ ‘ਤੇ 47 ਲੱਖ ਰੁਪਏ ਦਾ ਬਜਟ ਰੱਖਿਆ ਗਿਆ ਹੈ। ਵਿਸ਼ਵ ਕੱਪ ਦੌਰਾਨ ਡੋਪ ਟੈਸਟ ਲੈਣ ਲਈ ਪੰਜ ਮੈਂਬਰੀ ਡੋਪ ਕੰਟਰੋਲ ਕਮੇਟੀ ਬਣਾਈ ਗਈ ਹੈ ਜਿਸ ਦਾ ਚੇਅਰਮੈਨ ਡਾ. ਮਨਮੋਹਨ ਸਿੰਘ ਅਤੇ ਕਨਵੀਨਰ ਡਾ. ਮੁਨੀਸ਼ ਚੰਦਰ ਨੂੰ ਬਣਾਇਆ ਗਿਆ ਹੈ। ਪਰਗਟ ਸਿੰਘ ਨੇ ਕਿਹਾ ਕਿ ਖੇਡ ਵਿਭਾਗ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ‘ਰਾਜ ਪੰਜਾਬ ਨਸ਼ਿਆਂ ਤੋਂ ਦੂਰ, ਖਿਡਾਰੀ ਖੇਡਣ ਖੇਡਾਂ, ਅਭਿਆਸ ਕਰਨ ਭਰਪੂਰ’ ਦਾ ਨਾਅਰਾ ਦਿੱਤਾ ਹੈ।
ਡੋਪ ਕੰਟਰੋਲ ਕਮੇਟੀ ਦੇ ਚੇਅਰਮੈਨ ਡਾ. ਮਨਮੋਹਨ ਸਿੰਘ ਨੇ ਵਿਸ਼ਵ ਕੱਪ ਵਿੱਚ ਡੋਪ ਟੈਸਟ ਲੈਣ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖਿਡਾਰੀਆਂ ਦੇ ਡੋਪ ਟੈਸਟ ਲਈ ਨਾਡਾ ਦੀਆਂ ਦੋ ਟੀਮਾਂ ਬਣਾਈਆਂ ਗਈਆਂ ਹਨ। ਇਕ ਟੀਮ ਜਲਧੰਰ ਅਤੇ ਦੂਜੀ ਟੀਮ ਬਠਿੰਡਾ ਵਿਖੇ ਸਥਾਪਿਤ ਕੀਤੀ ਗਈ ਹੈ। ਜਲੰਧਰ ਵਾਲੀ ਟੀਮ ਪੂਲ ‘ਬੀ’ ਦੀਆਂ ਟੀਮਾਂ ਦੇ ਮੈਚਾਂ ਵਾਲੇ ਸਥਾਨਾਂ ਅਤੇ ਬਠਿੰਡਾ ਵਾਲੀ ਟੀਮ ਪੂਲ ‘ਏ’ ਦੀਆਂ ਟੀਮਾਂ ਦੇ ਮੈਚਾਂ ਵਾਲੇ ਸਥਾਨਾਂ ‘ਤੇ ਜਾ ਕੇ ਡੋਪ ਟੈਸਟ ਲੈਂਦੀ ਹੈ।
ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ ਮੈਚਾਂ ਵਾਲੇ ਹਰ ਸਥਾਨ ‘ਤੇ ਡੋਪਿੰਗ ਕੰਟਰੋਲ ਸਟੇਸ਼ਨ ਬਣਾਇਆ ਗਿਆ ਹੈ। ਇਸ ਸਟੇਸ਼ਨ ਵਿੱਚ ਦੋ ਕਮਰੇ ਬਣਾਏ ਗਏ ਹਨ। ਪਹਿਲਾ ਵੇਟਿੰਗ ਕਮਰਾ ਜਿੱਥੇ ਖਿਡਾਰੀਆਂ ਨੂੰ ਲਿਆ ਕੇ ਬਿਠਾਇਆ ਜਾਂਦਾ ਹੈ। ਦੂਜਾ ਕਮਰਾ ਪ੍ਰਾਸੈਸਿੰਗ ਜਿੱਥੇ ਨਾਡਾ ਦੀ ਟੀਮ ਖਿਡਾਰੀ ਦਾ ਡੋਪ ਟੈਸਟ ਲਈ ਪੇਸ਼ਾਬ ਦਾ ਸੈਂਪਲ ਲੈਂਦੀ ਹੈ। ਇਸ ਟੈਸਟ ਨੂੰ ਇਹ ਟੀਮ ਤੁਰੰਤ ਦਿੱਲੀ ਰਵਾਨਾ ਕਰ ਦਿੰਦੀ ਹੈ। ਫਰੀਦਕੋਟ ਵਿਖੇ ਖੇਡੇ ਤਿੰਨ ਮੈਚਾਂ ਦੌਰਾਨ ਭਾਰਤ, ਕੈਨੇਡਾ, ਆਸਟਰੇਲੀਆ, ਜਰਮਨੀ, ਅਫਗਾਨਸਿਤਾਨ ਤੇ ਨੇਪਾਲ ਦੇ ਦੋ-ਦੋ ਖਿਡਾਰੀਆਂ ਦੇ ਟੈਸਟ ਲਏ ਗਏ ਜਿਹੜੇ ਅੱਜ ਸਵੇਰ ਤੱਕ ਦਿੱਲੀ ਦੀ ਨੈਸ਼ਨਲ ਲੈਬਾਰਟਰੀ ਵਿੱਚ ਪਹੁੰਚ ਗਏ।