ਪਟਿਆਲਾ – ” ਪੰਜਾਬ ਸਰਕਾਰ ਵੱਲੋਂ ਘੱਟ ਗਿਣਤੀ ਵਰਗ ਦੇ ਵਿਦਿਆਰਥੀਆਂ ਨੂੰ ਪਹਿਲੀ ਜਮਾਤ ਤੋਂ ਲੈ ਕੇ ਪੀ.ਐਚ.ਡੀ. ਤੱਕ ਦੀ ਪੜਾਈ ਲਈ ਵਜੀਫੇ ਦਿੱਤੇ ਜਾਂਦੇ ਹਨ ਜਿਸ ਤਹਿਤ ਪਟਿਆਲਾ ਜ਼ਿਲ੍ਹੇ ਵਿੱਚ ਸਾਲ 2010-11 ਦੌਰਾਨ ਪਹਿਲੀ ਜਮਾਤ ਤੋਂ 10ਵੀਂ ਜਮਾਤ ਤੱਕ ਦੇ 905 ਵਿਦਿਆਰਥੀਆਂ ਨੂੰ ਕਰੀਬ 18 ਲੱਖ 40 ਹਜ਼ਾਰ ਰੁਪਏ ਅਤੇ ਦਸਵੀਂ ਤੋਂ ਬਾਅਦ ਦੀ ਪੜਾਈ ਲਈ 683 ਵਿਦਿਆਰਥੀਆਂ ਨੂੰ ਲਗਭਗ 25 ਲੱਖ ਰੁਪਏ ਵਜੀਫੇ ਵਜੋਂ ਦਿੱਤੇ ਗਏ ਜਾ ਚੁੱਕੇ ਹਨ। ” ਇਹ ਜਾਣਕਾਰੀ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਸ਼੍ਰੀ ਇਮੈਨੁਅਲ ਪੌਲ ਗਿੱਲ ਨੇ ਸਰਕਟ ਹਾਊਸ ਪਟਿਆਲਾ ਵਿਖੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਅਤੇ ਘੱਟ ਗਿਣਤੀ ਵਰਗ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ ਦੌਰਾਨ ਦਿੱਤੀ। ਉਨ੍ਹਾਂ ਭਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਪਿੰਡ-ਪਿੰਡ ਜਾ ਕੇ ਕੈਂਪ ਲਗਾਉਣ ਅਤੇ ਘੱਟ ਗਿਣਤੀ ਵਰਗ ਦੇ ਲੋਕਾਂ ਨੂੰ ਸਰਕਾਰ ਵੱਲੋਂ ਉਹਨਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣੂ ਕਰਵਾਉਣ। ਸ਼੍ਰੀ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਘੱਟ ਗਿਣਤੀ ਵਰਗ ਦੇ ਲੋਕਾਂ ਨੂੰ ਜਿਥੇ ਮੁਫਤ ਮਿਆਰੀ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ ਉਥੇ ਹੀ ਉਹਨਾਂ ਦੀ ਸ਼ਗਨ ਸਕੀਮ, ਇੰਦਰਾ ਆਵਾਸ ਯੋਜਨਾ ਅਤੇ ਆਟਾ ਦਾਲ ਵਰਗੀਆਂ ਸਕੀਮਾਂ ਤਹਿਤ ਆਰਥਿਕ ਮਦਦ ਵੀ ਕੀਤੀ ਜਾ ਰਹੀ ਹੈ।
ਸ਼੍ਰੀ ਗਿੱਲ ਨੇ ਦੱਸਿਆ ਕਿ ਪਹਿਲਾਂ ਘੱਟ ਗਿਣਤੀ ਵਰਗ ਦੇ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਦੱਸਣ ਲਈ ਚੰਡੀਗੜ੍ਹ ਆਉਣਾ ਪੈਂਦਾ ਸੀ ਪ੍ਰੰਤੂ ਹੁਣ ਉਹ ਖੁਦ ਹਰੇਕ ਜ਼ਿਲ੍ਹੇ ਵਿੱਚ ਜਾ ਕੇ ਉਥੋਂ ਦੇ ਘੱਟ ਗਿਣਤੀ ਵਰਗ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਨ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਘੱਟ ਗਿਣਤੀ ਵਰਗ ਦੇ ਲੋਕਾਂ ਦੀਆਂ ਜਿੰਨੀਆਂ ਵੀ ਸਮੱਸਿਆਵਾਂ ਉਹਨਾਂ ਦੇ ਧਿਆਨ ਵਿੱਚ ਆਈਆਂ ਹਨ ਉਹਨਾਂ ਵਿੱਚੋਂ ਬਹੁਤੀਆਂ ਦਾ ਮੌਕੇ ‘ਤੇ ਹੀ ਨਿਪਟਾਰਾ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਘੱਟ ਗਿਣਤੀ ਵਰਗ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸ਼ਲਾਘਾਯੋਗ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਮੌਕੇ ਜਿਆਦਾਤਰ ਸ਼ਿਕਾਇਤਾਂ ਕਬਰਸਤਾਨਾਂ ‘ਤੇ ਨਜਾਇਜ ਕਬਜਿਆਂ ਸਬੰਧੀ ਆਈਆਂ ਜਿਸ ‘ਤੇ ਸ਼੍ਰੀ ਗਿੱਲ ਨੇ ਕਿਹਾ ਕਿ ਕਬਰਸਤਾਨਾ ‘ਤੇ ਕੀਤੇ ਨਜਾਇਜ਼ ਕਬਜਿਆਂ ਨੂੰ ਤੁਰੰਤ ਹਟਵਾਇਆ ਜਾਵੇਗਾ।
ਇਸ ਮੌਕੇ ਐਸ.ਡੀ.ਐਮ. ਪਟਿਆਲਾ ਸ਼੍ਰੀ ਅਨਿਲ ਗਰਗ , ਐਸ.ਪੀ. (ਸਿਟੀ) ਸ੍ਰ: ਦਲਜੀਤ ਸਿੰਘ ਰਾਣਾ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ੍ਰ: ਦਲਜੀਤ ਸਿੰਘ, ਜ਼ਿਲ੍ਹਾ ਭਲਾਈ ਅਫਸਰ ਸ੍ਰ: ਪਰਮਿੰਦਰ ਸਿੰਘ ਗਿੱਲ, ਤਹਿਸੀਲਦਾਰ ਪਟਿਆਲਾ ਸ਼੍ਰੀ ਏ.ਐਸ. ਥਿੰਦ, ਭਾਰਤੀ ਜਨਤਾ ਪਾਰਟੀ ਪਟਿਆਲਾ ਦੇ ਜਨਰਲ ਸਕੱਤਰ ਸ਼੍ਰੀ ਤ੍ਰਿਭਵਨ ਗੁਪਤਾ, ਭਾਜਪਾ ਪੰਜਾਬ ਯੁਵਾ ਮੋਰਚਾ ਦੇ ਸ਼੍ਰੀ ਸੰਜੀਵ ਭਾਰਦਵਾਜ, ਚੇਅਰਮੈਨ ਕਬਰਸਤਾਨ ਕਮੇਟੀ ਫਾਦਰ ਸ਼ਰੀਫ ਮਸੀਹ, ਫਾਦਰ ਹੈਨਰੀ, ਫਾਦਰ ਇਨਾਅਤ ਸਦੀਕ, ਪਾਦਰੀ ਪੀ.ਆਰ.ਚਰਨ, ਭਾਜਪਾ ਘੱਟ ਗਿਣਤੀ ਸੈਲ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਰਾਜ ਕੁਮਾਰ ਪੰਮੀ, ਸ਼੍ਰੀ ਅਮਰਪ੍ਰੀਤ ਬਿਟਲੀ ਤੋਂ ਇਲਾਵਾ ਘੱਟ ਗਿਣਤੀ ਵਰਗ ਦੇ ਨੁਮਾਇੰਦੇ ਵੀ ਹਾਜਰ ਸਨ।