ਗੁਰਦਾਸਪੁਰ – ਪੰਜਾਬ ਸਰਕਾਰ ਵਲੋਂ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਪਿੰਡ ਜੌੜਾ ਛੱਤਰਾਂ ਵਿਖੇ ਬਾਬਾ ਭੂਰੇ ਵਾਲਾ ਜੀ ਦੀ ਯਾਦ ਨੂੰ ਸਮਰਪਿਤ ਕੌਮਾਂਤਰੀ ਪੱਧਰ ਦਾ ਬਹੁਮੰਤਵੀ ਖੇਡ ਸਟੇਡੀਅਮ ਬਣਾਇਆ ਜਾਵੇਗਾ। ਇਹ ਪ੍ਰਗਟਾਵਾ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਅੱਜ ਪਿੰਡ ਜੌੜਾ ਛੱਤਰਾਂ ਵਿਖੇ ਮਹਾਨ ਤਪੱਸਵੀ ਬਾਬਾ ਭੂਰੇ ਵਾਲਾ ਜੀ ਦੀ ਯਾਦ ਵਿੱਚ ਹਰ ਸਾਲ ਕਰਵਾਏ ਜਾਂਦੇ ਸਾਲਾਨਾ ਤਿੰਨ ਰੋਜ਼ਾ ਖੇਡ ਅਤੇ ਸੱਭਿਆਚਾਰਕ ਮੇਲੇ ਦੇ ਸਮਾਪਤੀ ਸਮਾਰੋਹ ਮੌਕੇ ਇੱਕ ਵਿਸ਼ਾਲ ਇੱਕਠ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਕੌਮਾਂਤਰੀ ਪੱਧਰ ਦਾ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ ਜਿਸ ਤਹਿਤ ਪੰਜਾਬ ਸਰਕਾਰ ਵੱਲੋਂ 180 ਕਰੋੜ ਰੁਪਏ ਦੀ ਲਾਗਤ ਨਾਲ 6 ਹਾਕੀ ਸਟੇਡੀਅਮਾਂ ਦੀ ਉਸਾਰੀ ਕੀਤੀ ਗਈ ਅਤੇ ਇਸ ਸਾਲ ਖੇਡਾਂ ਦੇ ਬਜਟ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ। ਸ. ਬਾਦਲ ਨੇ ਕਿਹਾ ਕਿ ਉਹ ਕੌਮਾਂ ਅਤੇ ਵਿਅਕਤੀ ਤਰੱਕੀ ਦੀਆਂ ਬੁਲੰਦੀਆਂ ਪ੍ਰਾਪਤ ਕਰਦੀਆਂ ਹਨ ਜੋ ਆਪਣੇ ਪਿਛੋਕੜ ਅਤੇ ਵਿਰਸੇ ਨੂੰ ਸੰਭਾਲ ਕੇ ਰੱਖਦੀਆਂ ਹਨ। ਉਨ੍ਹਾਂ ਸ. ਸੁੱਚਾ ਸਿੰਘ ਲੰਗਾਹ ਖੇਤੀਬਾੜੀ ਮੰਤਰੀ ਪੰਜਾਬ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਬਾਬਾ ਭੂਰੇ ਵਾਲਾ ਜੀ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਹਰ ਸਾਲ ਮੇਲਾ ਕਰਵਾਉਣ ਲਈ ਵਧਾਈ ਦਿੱਤੀ। ਉਨ੍ਹਾਂ ਨੇ ਕਾਂਗਰਸ ਪਾਰਟੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਸਰਕਾਰਾਂ ਸਮੇਂ ਪੰਜਾਬ ਦਾ ਆਰਥਿਕ, ਸੱਭਿਆਚਾਰਕ, ਧਾਰਮਿਕ ਖੇਤਰਾਂ ਵਿੱਚ ਭਾਰੀ ਨੁਕਸਾਨ ਹੋਇਆ ਜੋ ਅੱਜ ਵੀ ਕਾਂਗਰਸ ਪਾਰਟੀ ਪੰਜਾਬ ਦੇ ਵਿਕਾਸ ਵਿੱਚ ਰੁਕਾਵਟਾ ਖੜ੍ਹੀਆਂ ਕਰ ਰਹੀ ਹੈ। ਸ. ਬਾਦਲ ਨੇ ਦੇਸ਼ ਵਿੱਚ ਵੱਧ ਰਹੀ ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਅਨਪੜ੍ਹਤਾ ਲਈ ਕੇਂਦਰ ਦੀ ਕਾਂਗਰਸ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਦੀ ਕੇਂਦਰ ਸਰਕਾਰ ਨੇ ਪੰਜਾਬ ਨਾਲ ਹਮੇਸ਼ਾਂ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਦੋਂਕਿ ਪੰਜਾਬੀਆਂ ਨੇ ਦੇਸ਼ ਦੀ ਆਜਾਦੀ ਲਈ ਅਨਗਿਣਤ ਕੁਰਬਾਨੀਆਂ ਦੇ ਕੇ ਵੱਡਾ ਯੋਗਦਾਨ ਪਾਇਆ ਅਤੇ ਦੇਸ਼ ਦੇ ਲੋਕਾਂ ਦਾ ਪੇਟ ਭਰਨ ਲਈ ਕੇਂਦਰੀ ਅੱਨ ਭੰਡਾਰ ਭਰ ਦਿੱਤੇ। ਲੇਕਿਨ ਕੇਂਦਰ ਸਰਕਾਰ ਨੇ ਸਾਡੇ ਨਾਲ ਧੱਕਾ ਕਰਦਿਆਂ ਸਾਡੇ ਪਾਣੀ ਅਤੇ ਰਾਜਧਾਨੀ ਖੋਈ ਅਤੇ 1984 ਵਿੱਚ ਸਿੱਖਾਂ ਦਾ ਦਿੱਲੀ ਅਤੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਤਲੇਆਮ ਕੀਤਾ ਅਤੇ ਸਾਡੇ ਜਾਨੋ ਵੱਧ ਪਿਆਰੇ ਸ਼੍ਰੀ ਹਰਮਿੰਦਰ ਸਾਹਿਬ ‘ਤੇ ਫੌਜਾ ਚੜਾਅ ਕੇ ਹਮਲਾ ਕੀਤਾ ਅਤੇ ਹੁਣ ਕੇਂਦਰ ਸਰਕਾਰ ਪੰਜਾਬ ਦੀ ਕਿਸਾਨੀ ਨੂੰ ਤਬਾਹ ਕਰਨ ‘ਤੇ ਤੁਲੀ ਹੋਈ ਹੈ। ਡੀਜਲ ਅਤੇ ਖਾਦਾਂ ਦੇ ਭਾਅ ਵਿੱਚ ਭਾਰੀ ਵਾਧਾ ਕਰਕੇ ਰਾਜ ਦੇ ਕਿਸਾਨਾਂ ‘ਤੇ 800 ਕਰੋੜ ਰੁਪਏ ਤੋਂ ਵੱਧ ਦਾ ਬੋਝ ਪਾਇਆ ਹੈ ਅਤੇ ਇਸ ਝੋਨੇ ਦੇ ਸੀਜਨ ਵਿੱਚ ਕਿਸਾਨਾਂ ਦੀ ਮੰਡੀਆਂ ਵਿੱਚ ਆਈ ਫਸਲ ਦੀ ਖਰੀਦ ਵਿੱਚ ਵੀ ਕਾਂਗਰਸ ਪਾਰਟੀ ਨੇ ਰੁਕਾਵਟਾ ਖੜ੍ਹੀਆਂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ। ਸਾਡੇ ਸੂਬੇ ਵਿੱਚ ਅਨਾਜ਼ ਪੈਦਾਵਾਰ ਦੇ ਅਨੁਸਾਰ ਸਟੋਰ ਨਾ ਹੋਣ ਕਾਰਨ ਕੇਂਦਰ ਸਰਕਾਰ ਕੋਲੋ ਨਵੇਂ ਸਟੋਰ ਬਣਾਉਣ ਦੀ ਮੰਨਜ਼ੂਰੀ ਨਹੀਂ ਦਿੱਤੀ ਗਈ ਅਤੇ ਪਹਿਲੇ ਸਟੋਰਾਂ ਜੋ ਅਨਾਜ਼ ਨਾਲ ਭਰੇ ਹੋਏ ਸਨ ਵਾਰ ਵਾਰ ਕੇਂਦਰ ਸਰਕਾਰ ਨੂੰ ਕਹਿਣ ਦੇ ਬਾਵਜੂਦ ਖਾਲੀ ਨਹੀਂ ਕੀਤੇ ਗਏ ਤਾਂ ਕਿ ਮੰਡੀਆਂ ਵਿਚੋਂ ਸਹੀ ਤਰੀਕੇ ਨਾਲ ਖਰੀਦ ਨਾ ਹੋ ਸਕੇ ਜਿਸ ਨਾਲ ਪੰਜਾਬ ਸਰਕਾਰ ਦੇ ਅਕਸ ਨੂੰ ਖਰਾਬ ਕੀਤਾ ਜਾ ਸਕੇ ਲੇਕਿਨ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਸਮੇਂ ਸਿਰ ਜਿਨਸ ਦੀ ਖਰੀਦ ਅਤੇ ਅਦਾਇਗੀ ਕਰਕੇ ਪੰਜਾਬ ਕਾਂਗਰਸ ਦੀਆਂ ਕੋਝੀਆਂ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੱਛਲੇ ਪੰਜ ਸਾਲਾਂ ਦੌਰਾਨ ਲੱਖਾਂ ਦੀ ਗਿਣਤੀ ਵਿੱਚ ਬੇਰੁਜ਼ਗਾਰਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਅਤੇ ਲੰਬੇ ਸਮੇਂ ਤੋਂ ਕੱਚੇ ਚਲੇ ਆ ਰਹੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਗਿਆ।
ਸ. ਬਾਦਲ ਨੇ ਅੱਗੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਸ਼ਹੀਦਾਂ ਦੀ ਯਾਦ ਵਿੱਚ ਬਣਾਈਆਂ ਗਈਆਂ ਯਾਦਗਾਰਾਂ ਛੋਟਾ ਘੱਲੂਘਾਰਾ ਕਾਹਨੂੰਵਾਨ ਛੰਬ, ਸੰਗਰੂਰ ਜ਼ਿਲ੍ਹੇ ਵਿੱਚ ਕੁਪਕਲਾਂ ਵਿਖੇ ਵੱਡਾ ਘੱਲੂਘਾਰਾ, ਚੱਪੜਚਿੜੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਅਤੇ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਵਿਰਾਸਤੀ ਕੰਪਲੈਕਸ ਨਵੰਬਰ ਮਹੀਨੇ ਵਿੱਚ ਪੰਜਾਬ ਵਾਸੀਆਂ ਨੂੰ ਸਮਰਪਿਤ ਕੀਤੀਆਂ ਜਾ ਰਹੀਆਂ ਹਨ।
ਸ. ਬਾਦਲ ਨੇ ਇਸ ਮੌਕੇ ‘ਤੇ ਖੇਡ ਸਟੇਡੀਅਮ ਲਈ 10 ਲੱਖ ਰੁਪਏ ਦੇਣ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੌੜਾ ਛੱਤਰਾਂ ਵਿਖੇ ਸਾਇੰਸ ਗਰੁੱਪ ਸ਼ੁਰੂ ਕਰਨ ਦਾ ਐਲਾਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਸ. ਸੁੱਚਾ ਸਿੰਘ ਲੰਗਾਹ ਖੇਤੀਬਾੜੀ ਮੰਤਰੀ ਪੰਜਾਬ ਕਿਹਾ ਕਿ ਬਾਬਾ ਭੂਰੇ ਵਾਲਾ ਜੀ ਦੀ ਯਾਦ ਵਿੱਚ ਇਹ ਮੇਲਾ ਪਿਛਲੇ 200 ਸਾਲ ਤੋਂ ਮਨਾਇਆ ਜਾਂਦਾ ਆ ਰਿਹਾ ਹੈ ਅਤੇ ਇਸ ਮੇਲੇ ਦੇ ਕੁਸ਼ਤੀਆਂ ਦੇ ਅਖਾੜੇ ਵਿਚੋਂ ਕੌਮਾਂਤਰੀ ਪੱਧਰ ਦੇ ਪਹਿਲਵਾਨ ਤੇ ਖਿਡਾਰੀ ਪੈਦਾ ਹੋਏ ਹਨ। ਉਨ੍ਹਾਂ ਅੱਗੇ ਕਿਹਾ ਕਿ ਹਲਕਿਆਂ ਦੀ ਨਵੀਂ ਹੱਦ ਬੰਦੀ ਅਨੁਸਾਰ ਮੇਰੇ ਹਲਕੇ ਦੇ ਬਹੁਤ ਸਾਰੇ ਪਿੰਡ ਵਿਧਾਇਕ ਸ. ਗੁਰਬਚਨ ਸਿੰਘ ਬੱਬੇਹਾਲੀ ਦੇ ਵਿਧਾਨ ਸਭਾ ਹਲਕਾ ਗੁਰਦਾਸਪੁਰ ਵਿੱਚ ਚਲੇ ਗਏ ਹਨ ਉਨ੍ਹਾਂ ਸ. ਬੱਬੇਹਾਲੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿਥੇ ਸ. ਬੱਬੇਹਾਲੀ ਪਾਰਟੀ ਦਾ ਸਮਰਪਿਤ ਸਿਪਾਹੀ ਹੈ ਉਥੇ ਉਸ ਨੇ ਬਤੌਰ ਵਿਧਾਇਕ ਆਪਣੇ ਹਲਕੇ ਦੇ ਲੋਕਾਂ ਦੀ ਸਮਰਪਿਤ ਭਾਵਨਾ ਨਾਲ ਸੇਵਾ ਵੀ ਕੀਤੀ ਹੈ। ਉਨ੍ਹਾਂ ਆਪਣੇ ਹਲਕੇ ਦੇ ਗੁਰਦਾਸਪੁਰ ਹਲਕੇ ਵਿੱਚ ਗਏ ਪਿੰਡਾਂ ਦੇ ਸਮੂਹ ਲੋਕਾਂ ਨੂੰ ਸ. ਬੱਬੇਹਾਲੀ ਦਾ ਸਾਥ ਦੇਣ ਦੀ ਅਪੀਲ ਕੀਤੀ। ਸ. ਲੰਗਾਹ ਨੇ ਸ. ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਵੱਲੋਂ ਰਾਜ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਣ ਲਈ ਨਵੀਂ ਖੇਡ ਨੀਤੀ ਤਹਿਤ ਕੀਤੇ ਗਏ ਵਿਸ਼ੇਸ਼ ਯਤਨਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੱਲ੍ਹ ਸ. ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਦੀ ਪ੍ਰਧਾਨਗੀ ਹੇਠ ਸਰਕਾਰੀ ਕਾਲਜ ਗੁਰਦਾਸਪੁਰ ਦੇ ਖੇਡ ਸਟੇਡੀਅਮ ਵਿਖੇ ਹੋ ਰਹੇ ਦੂਸਰੇ ਵਿਸ਼ਵ ਕਬੱਡੀ ਕੱਪ ਦੇ ਮੈਚਾਂ ਮੁਕਾਬਲਿਆਂ ਮੌਕੇ ਹੁੰਮ ਹੰਮਾ ਕੇ ਪਹੁੰਚਣ। ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਗੁਰਬਚਨ ਸਿੰਘ ਬੱਬੇਹਾਲੀ, ਲਖਬੀਰ ਸਿੰਘ ਲੋਧੀਨੰਗਲ, ਜਗਦੀਸ਼ ਰਾਜ ਸਾਹਨੀ, ਸੀਤਾ ਰਾਮ ਕਸ਼ਅਪ (ਚਾਰੇ ਵਿਧਾਇਕ), ਅਮਰੀਕ ਸਿੰਘ ਸ਼ਾਹਪੁਰ, ਗੁਰਿੰਦਰ ਪਾਲ ਸਿੰਘ ਗੋਰਾ, ਦਿਲਬਾਗ ਸਿੰਘ (ਤਿੰਨੇ ਐਸ.ਜੀ.ਪੀ.ਸੀ. ਮੈਂਬਰ), ਸੁਖਬੀਰ ਸਿੰਘ ਵਾਹਲਾ ਚੇਅਰਮੈਨ ਸ਼ੁਗਰਫੈਡ ਪੰਜਾਬ, ਸੁਖਜਿੰਦਰ ਸਿੰਘ ਲੰਗਾਹ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਪਰਮਵੀਰ ਸਿੰਘ ਲਾਡੀ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਗੁਰਦਾਸਪੁਰ, ਮਨਮੋਹਨ ਸਿੰਘ ਪੱਖੋਕੇ ਸਟੇਟ ਡਾਇਰੈਕਟਰ ਖੇਤੀਬਾੜੀ ਵਿਕਾਸ ਬੈਂਕ ਪੰਜਾਬ, ਐਡਵੋਕੇਟ ਅਮਰਜੋਤ ਸਿੰਘ ਬੱਬੇਹਾਲੀ, ਵਜੀਰ ਸਿੰਘ ਲਾਲੀ, ਬਲਵਿੰਦਰ ਸਿੰਘ ਡੇਰਾ ਬਾਬਾ ਨਾਨਕ, ਲਖਬੀਰ ਸਿੰਘ ਯੂਥ ਪ੍ਰਧਾਨ, ਮਨਿੰਦਰ ਸਿੰਘ ਐਨ.ਆਰ.ਆਈ., ਡਾ. ਰਮਿੰਦਰ ਸਿੰਘ ਐਨ.ਆਰ.ਆਈ, ਗਿਆਨ ਸਿੰਘ ਪ੍ਰਧਾਨ ਮੇਲਾ ਕਮੇਟੀ, ਹਿੰਮਤ ਸਿੰਘ, ਅਮਰੀਕ ਸਿੰਘ, ਉਪਦੇਸ਼ ਪਾਲ ਕੌਰ(ਸਾਰੇ ਮੇਲਾ ਕਮੇਟੀ ਮੈਂਬਰ), ਬਾਬਾ ਅਜੀਤ ਸਿੰਘ ਗੂਨੀਆਂ ਵਾਲੇ, ਸੰਤ ਬਾਬਾ ਭੂਰੀ ਵਾਲੇ ਵੀ ਹਾਜ਼ਰ ਸਨ।